
ਕਿਹਾ, ਮੋਦੀ ਦੱਸਣ ਕਿ ਨੋਟਬੰਦੀ, ਪੁਲਵਾਮਾ ਅਤਿਵਾਦੀ ਹਮਲੇ ਅਤੇ ਕੋਰੋਨਾ ਦੇ ਪ੍ਰਕੋਪ ਦੌਰਾਨ ਇੰਨੀਆਂ ਔਰਤਾਂ ਦੇ ਮੰਗਲਸੂਤਰ ਖੋਹੇ ਜਾਣ ਲਈ ਕੌਣ ਜ਼ਿੰਮੇਵਾਰ ਹੈ
ਪਟਨਾ: ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਆਗੂ ਤੇਜਸਵੀ ਯਾਦਵ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲਸੂਤਰ ਵਾਲੇ ਬਿਆਨ ’ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਵਧਦੀਆਂ ਕੀਮਤਾਂ ਕਾਰਨ ਜ਼ਿਆਦਾਤਰ ਔਰਤਾਂ ਸੋਨਾ ਨਹੀਂ ਖਰੀਦ ਪਾ ਰਹੀਆਂ।
ਪਟਨਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਨੋਟਬੰਦੀ ਅਤੇ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਦਰਪੇਸ਼ ਮੁਸ਼ਕਲਾਂ ਅਤੇ ਸਰਹੱਦਾਂ ’ਤੇ ਚੀਨੀ ਫ਼ੌਜੀਆਂ ਨਾਲ ਝੜਪਾਂ, ਕੋਰੋਨਾ ਮਹਾਂਮਾਰੀ ਦੌਰਾਨ ਹੋਈਆਂ ਮੌਤਾਂ ਦੀ ਯਾਦ ਦਿਵਾਈ।
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੂੰ ਸਾਨੂੰ ਦਸਣਾ ਚਾਹੀਦਾ ਹੈ ਕਿ ਨੋਟਬੰਦੀ, ਪੁਲਵਾਮਾ ਅਤਿਵਾਦੀ ਹਮਲਿਆਂ ਅਤੇ ਕੋਰੋਨਾ ਦੇ ਪ੍ਰਕੋਪ ਦੌਰਾਨ ਸਰਹੱਦ ’ਤੇ ਚੀਨੀ ਫ਼ੌਜੀਆਂ ਨਾਲ ਝੜਪਾਂ ਤੋਂ ਬਾਅਦ ਇੰਨੀਆਂ ਔਰਤਾਂ ਤੋਂ ਮੰਗਲਸੂਤਰ ਖੋਹੇ ਜਾਣ ਲਈ ਕੌਣ ਜ਼ਿੰਮੇਵਾਰ ਹੈ।’’
ਉਨ੍ਹਾਂ ਕਿਹਾ, ‘‘ਚੋਣਾਂ ਮੁੱਦਿਆਂ ਨੂੰ ਲੈ ਕੇ ਹੋਣੀਆਂ ਚਾਹੀਦੀਆਂ ਹਨ। ਮੰਗਲਸੂਤਰ ਬਾਰੇ ਗੱਲ ਕਰਨ ਦਾ ਕੀ ਮਤਲਬ ਹੈ ਜਦੋਂ ਸੋਨਾ ਇੰਨਾ ਮਹਿੰਗਾ ਹੋ ਗਿਆ ਹੈ ਕਿ ਜ਼ਿਆਦਾਤਰ ਔਰਤਾਂ ਇਸ ਨੂੰ ਖਰੀਦ ਨਹੀਂ ਸਕਦੀਆਂ।’’
ਉਨ੍ਹਾਂ ਭਰੋਸਾ ਜਤਾਇਆ ਕਿ ਆਰ.ਜੇ.ਡੀ. ਅਤੇ ਉਸ ਦੇ ਸਹਿਯੋਗੀ ਬਿਹਾਰ ਦੀਆਂ ਸਾਰੀਆਂ ਪੰਜ ਸੀਟਾਂ ਜਿੱਤਣਗੇ ਜਿੱਥੇ ਦੂਜੇ ਪੜਾਅ ’ਚ ਵੋਟਿੰਗ ਹੋਵੇਗੀ। ਉਨ੍ਹਾਂ ਕਿਹਾ, ‘‘ਇਨ੍ਹਾਂ ਚੋਣਾਂ ’ਚ ਸਿਰਫ ਦੋ ਤਾਕਤਾਂ ਇਕ-ਦੂਜੇ ਦਾ ਸਾਹਮਣਾ ਕਰ ਰਹੀਆਂ ਹਨ। ਇਕ ਪਾਸੇ ਐਨ.ਡੀ.ਏ. ਹੈ ਜੋ ਸੰਵਿਧਾਨ ਲਈ ਖਤਰਾ ਹੈ, ਦੂਜੇ ਪਾਸੇ ‘ਇੰਡੀਆ’ ਗੱਠਜੋੜ ਹੈ ਜੋ ਸੰਵਿਧਾਨ ਨੂੰ ਬਚਾਉਣਾ ਚਾਹੁੰਦਾ ਹੈ।’’