
ਇਸ ਮਾਮਲੇ ’ਚ ਇਹ ਪੰਜਵੀਂ ਗ੍ਰਿਫਤਾਰੀ ਹੈ
ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (NIA) ਨੇ ਇਕ ਮਾਰਚ ਨੂੰ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ’ਚ ਹੋਏ ਧਮਾਕੇ ਦੇ ਮਾਮਲੇ ’ਚ ਸ਼ੁਕਰਵਾਰ ਨੂੰ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ’ਚ ਇਹ ਪੰਜਵੀਂ ਗ੍ਰਿਫਤਾਰੀ ਹੈ।
ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਕਰਨਾਟਕ ਦੇ ਹੁਬਲੀ ਸ਼ਹਿਰ ਦੇ ਵਸਨੀਕ ਸ਼ੋਏਬ ਅਹਿਮਦ ਮਿਰਜ਼ਾ ਉਰਫ ਛੋਟੂ (35) ਨੂੰ ਪਹਿਲਾਂ ਵੀ ਲਸ਼ਕਰ-ਏ-ਤੋਇਬਾ ਅਤਿਵਾਦੀ ਸਾਜ਼ਸ਼ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ।
ਏਜੰਸੀ ਨੇ ਕਿਹਾ ਕਿ ਰਾਮੇਸ਼ਵਰਮ ਕੈਫੇ ਧਮਾਕਾ ਮਾਮਲੇ ’ਚ ਚਾਰ ਸੂਬਿਆਂ ’ਚ ਵੱਡੀ ਕਾਰਵਾਈ ਤੋਂ ਤਿੰਨ ਦਿਨ ਬਾਅਦ NIA ਨੇ ਸ਼ੁਕਰਵਾਰ ਨੂੰ ਇਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜਿਸ ਦੀ ਪਛਾਣ ਲਸ਼ਕਰ-ਏ-ਤੋਇਬਾ ਅਤਿਵਾਦੀ ਸਾਜ਼ਸ਼ ਮਾਮਲੇ ’ਚ ਸਾਬਕਾ ਦੋਸ਼ੀ ਵਜੋਂ ਹੋਈ ਹੈ।
ਏਜੰਸੀ ਨੇ ਕਿਹਾ ਕਿ ਉਸ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮਿਰਜ਼ਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਇਸ ਨਵੀਂ ਸਾਜ਼ਸ਼ ’ਚ ਸ਼ਾਮਲ ਸੀ। ਜਾਂਚ ਏਜੰਸੀ ਨੇ ਦਸਿਆ ਕਿ 2018 ’ਚ ਉਸ ਨੇ ਦੋਸ਼ੀ ਅਬਦੁਲ ਮਥਿਨ ਤਾਹਾ ਨਾਲ ਦੋਸਤੀ ਕੀਤੀ ਅਤੇ ਉਸ ਨੂੰ ਇਕ ਆਨਲਾਈਨ ਹੈਂਡਲਰ ਨਾਲ ਮਿਲਾਇਆ, ਜਿਸ ਦੇ ਵਿਦੇਸ਼ ’ਚ ਹੋਣ ਦਾ ਸ਼ੱਕ ਹੈ।
ਏਜੰਸੀ ਨੇ ਕਿਹਾ ਕਿ ਮਿਰਜ਼ਾ ਨੇ ਹੈਂਡਲਰ ਅਤੇ ਅਬਦੁਲ ਮਥਿਨ ਤਾਹਾ ਵਿਚਾਲੇ ਕੋਡ ਭਾਸ਼ਾ ਵਿਚ ਸੰਚਾਰ ਲਈ ਇਕ ਈ-ਮੇਲ ਆਈ.ਡੀ. ਵੀ ਪ੍ਰਦਾਨ ਕੀਤੀ। ਏਜੰਸੀ ਨੇ ਕਿਹਾ ਕਿ ਤਾਹਾ ਨੂੰ 12 ਅਪ੍ਰੈਲ ਨੂੰ ਸਹਿ-ਦੋਸ਼ੀ ਮੁਸਾਵੀਰ ਹੁਸੈਨ ਸ਼ਾਜਿਬ ਦੇ ਨਾਲ ਪਛਮੀ ਬੰਗਾਲ ਦੇ ਕੋਲਕਾਤਾ ’ਚ ਉਸ ਦੇ ਟਿਕਾਣੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਸਾਲ 1 ਮਾਰਚ ਨੂੰ ਰਾਮੇਸ਼ਵਰਮ ਕੈਫੇ ਧਮਾਕੇ ਦੀ ਜਾਂਚ ਦੌਰਾਨ NIA ਨੇ ਪੂਰੇ ਭਾਰਤ ’ਚ 29 ਥਾਵਾਂ ’ਤੇ ਵਿਆਪਕ ਛਾਪੇਮਾਰੀਆਂ ਕੀਤੀਆਂ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਧਮਾਕੇ ਪਿੱਛੇ ਹੈਂਡਲਰ ਦੀ ਭੂਮਿਕਾ ਅਤੇ ਵੱਡੀ ਸਾਜ਼ਸ਼ ਦੀ ਅਗਲੇਰੀ ਜਾਂਚ ਜਾਰੀ ਹੈ। ਧਮਾਕੇ ਵਿਚ ਕਈ ਲੋਕ ਜ਼ਖਮੀ ਹੋ ਗਏ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ।