
ਕੰਪਨੀ 10 ਅਰਬ ਅਮਰੀਕੀ ਡਾਲਰ ਦੇ ਭਾਰਤ ਡਿਜੀਟਲੀਕਰਨ ਫ਼ੰਡ ਰਾਹੀਂ ਭਾਰਤ ’ਚ ਨਿਵੇਸ਼ ਕਰਨਾ ਜਾਰੀ ਰਖੇਗੀ।
ਵਾਸ਼ਿੰਗਟਨ: ਬਹੁਕੌਮੀ ਤਕਨਾਲੋਜੀ ਕੰਪਨੀ ਗੂਗਲ ਗੁਜਰਾਤ ਸਥਿਤ ਗੁਜਰਾਤ ਇੰਟਰਨੈਸ਼ਨਲ ਫ਼ਾਈਨਾਂਸ ਟੈੱਕ (ਗਿਫ਼ਟ) ਸਿਟੀ ’ਚ ਅਪਣਾ ਕੌਮਾਂਤਰੀ ਫਿਨਟੈਕ ਸੰਚਾਲਨ ਕੇਂਦਰ ਸਥਾਪਤ ਕਰੇਗੀ। ਇਹ ਐਲਾਨ ਗੂਗਲ ਦੇ ਮੁੱਖ ਕਾਰਜਕਰੀ ਅਧਿਕਾਰੀ (ਸੀ.ਈ.ਓ.) ਸੁੰਦਰ ਪਿਚਾਈ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕੀਤੀ।
ਪਿਚਾਈ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕੰਪਨੀ 10 ਅਰਬ ਅਮਰੀਕੀ ਡਾਲਰ ਦੇ ਭਾਰਤ ਡਿਜੀਟਲੀਕਰਨ ਫ਼ੰਡ ਰਾਹੀਂ ਭਾਰਤ ’ਚ ਨਿਵੇਸ਼ ਕਰਨਾ ਜਾਰੀ ਰਖੇਗੀ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਈਡਨ ਦੇ ਸੱਦੇ ’ਤੇ ਮੋਦੀ ਅਮਰੀਕਾ ਦੀ ਯਾਤਰਾ ’ਤੇ ਸਨ। ਪਿਚਾਈ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਮਾਈਕ੍ਰੋਸਾਫ਼ਟ ਦੇ ਸੀ.ਈ.ਓ. ਸਤਿਆ ਨਡੇਲਾ, ਐਪਲ ਦੇ ਸੀ.ਈ.ਓ. ਟਿਮ ਕੁਕ, ਓਪਨ ਏ.ਆਈ. ਦੇ ਸੀ.ਈ.ਓ. ਸੈਮ ਆਲਟਮੈਨ ਅਤੇ ਏ.ਐਮ.ਡੀ. ਦੇ ਸੀ.ਈ.ਓ. ਲਿਸਾ ਸੁ ਸਮੇਤ ਕਈ ਹੋਰ ਸੀ.ਈ.ਓ. ਨਾਲ ਵੀ ਮੁਲਾਕਾਤ ਕੀਤੀ।
ਪਿਚਾਈ ਨੇ ਕਿਹਾ, ‘‘ਅਸੀਂ ਗੁਜਰਾਤ ਦੀ ਗਿਫ਼ਟ ਸਿਟੀ ’ਚ ਅਪਣਾ ਕੌਮਾਂਤਰੀ ਫਿਨਟੈਕ ਸੰਚਾਲਨ ਕੇਂਦਰ ਖੋਲ੍ਹਣ ਦਾ ਅੱਜ ਐਲਾਨ ਕਰ ਰਹੇ ਹਾਂ। ਇਸ ਨਾਲ ਭਾਰਤ ’ਚ ਫਿਨਟੈਕ ਅਗਵਾਈ ਨੂੰ ਮਜ਼ਬੂਤੀ ਮਿਲੇਗੀ, ਜਿਸ ’ਚ ਯੂ.ਪੀ.ਆਈ. ਅਤੇ ‘ਆਧਾਰ’ ਦੀ ਅਹਿਮ ਭੂਮਿਕਾ ਹੈ। ਅਸੀਂ ਉਸ ਨੀਂਹ ’ਤੇ ਨਿਰਮਾਣ ਕਰਾਂਗੇ ਅਤੇ ਇਸ ਨੂੰ ਕੌਮਾਂਤਰੀ ਪੱਧਰ ’ਤੇ ਲੈ ਜਾਵਾਂਗੇ।’’
ਭਾਰਤੀ ਮੂਲ ਦੇ ਸੀ.ਈ.ਓ. ਨੇ ਕਿਹਾ ਕਿ ਦੇਸ਼ ਨੇ ਜੋ ਤਰੱਕੀ ਕੀਤੀ ਹੈ, ਵਿਸ਼ੇਸ਼ ਰੂਪ ’ਚ ਡਿਜੀਟਲ ਇੰਡੀਆ ਅਤੇ ਆਰਥਕ ਮੌਕਿਆਂ ਦੇ ਖੇਤਰ ’ਚ, ਉਸ ਨੂੰ ਵੇਖਣਾ ਰੋਮਾਂਚਕ ਹੈ।