
ਸੂਬਾ ਸਰਕਾਰ ਨੇ ਕੇਂਦਰ ਦੇ ਆਰ.ਟੀ.ਆਈ. ਐਕਟ ’ਚ ਸੋਧ ਕੀਤੀ
ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਜਮਾਤ ਪੰਜਵੀਂ ਅਤੇ ਅੱਠਵੀਂ ਲਈ ਸਾਲਾਨਾ ਇਮਤਿਹਾਨ ਮੁੜ ਸ਼ੁਰੂ ਕਰ ਦਿਤੇ ਹਨ, ਜਿਸ ਤੋਂ ਬਾਅਦ ਹੁਣ ਜੇਕਰ ਵਿਦਿਆਰਥੀ-ਵਿਦਿਆਰਥਣਾਂ ਇਮਤਿਹਾਨ ਪਾਸ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਅਗਲੀ ਜਮਾਤ ’ਚ ਨਹੀਂ ਬਿਠਾਇਆ ਜਾਵੇਗਾ।
ਸੂਬੇ ਦੇ ਸਕੂਲ ਸਿਖਿਆ ਵਿਭਾਗ ਨੇ ਸ਼ੁਕਰਵਾਰ ਨੂੰ ਇਸ ਬਾਬਤ ਇਕ ਨੋਟੀਫ਼ੀਕੇਸ਼ਨ ਜਾਰੀ ਕੀਤਾ। ਇਹ ਨੋਟੀਫ਼ੀਕੇਸ਼ਨ ਕੇਂਦਰ ਵਲੋਂ ਸਿਖਿਆ ਦਾ ਅਧਿਕਾਰ (ਆਰ.ਟੀ.ਆਈ.) ਐਕਟ ’ਚ ਸੋਧ ਦੀ ਪਿੱਠਭੂਮੀ ’ਚ ਆਇਆ ਹੈ, ਜਿਸ ’ਚ ਜਮਾਤ ਅੱਠ ਤਕ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਨਾ ਕਰਨ ਦਾ ਪ੍ਰਬੰਧ ਸੀ। ਨੋਟੀਫ਼ੀਕੇਸ਼ਨ ’ਚ ਕਿਹਾ ਗਿਆ ਹੈ ਕਿ ਸਾਲਾਨਾ ਇਮਤਿਹਾਨ ਪੰਜਵੀਂ ਅਤੇ ਅੱਠਵੀਂ ਦੇ ਵਿਦਿਅਕ ਵਰ੍ਹੇ ਦੇ ਅਖ਼ੀਰ ’ਚ ਕਰਵਾਏ ਜਾਣਗੇ।
ਇਸ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਬੱਚਾ ਇਮਤਿਹਾਨ ਪਾਸ ਨਹੀਂ ਕਰਦਾ ਹੈ ਤਾਂ ਉਸ ਨੂੰ ਹੋਰ ਟਿਊਸ਼ਨ ਦੇ ਕੇ ਦੋ ਮਹੀਨਿਆਂ ਬਾਅਦ ਇਮਤਿਹਾਨ ਲਿਆ ਜਾਵੇਗਾ। ਹਾਲਾਂਕਿ ਜੇਕਰ ਬੱਚਾ ਦੂਜੀ ਵਾਰੀ ਵੀ ਇਮਤਿਹਾਨ ਪਾਸ ਨਹੀਂ ਕਰ ਸਕਦਾ ਹੈ ਤਾਂ ਉਸ ਨੂੰ ਉਸ ਸਾਲ ਲਈ ਉਸੇ ਜਮਾਤ ’ਚ ਰੋਕ ਲਿਆ ਜਾਵੇਗਾ।
ਨੋਟੀਫ਼ੀਕੇਸ਼ਨ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸ਼ੁਰੂਆਤੀ ਸਿਖਿਆ ਪੂਰੀ ਹੋਣ ਤਕ ਕਿਸੇ ਵੀ ਬੱਚੇ ਨੂੰ ਸਕੂਲ ਤੋਂ ਨਹੀਂ ਕਢਿਆ ਜਾਵੇਗਾ।