
ਨੱਡਾ ਇਸ ਸਮੇਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵੀ ਹਨ
JP Nadda News : ਕੇਂਦਰੀ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਜੇਪੀ ਨੱਡਾ ਨੂੰ ਇੱਕ ਹੋਰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਰਾਜ ਸਭਾ ਯਾਨੀ ਸੰਸਦ ਦੇ ਉਪਰਲੇ ਸਦਨ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ। ਨੱਡਾ ਇਸ ਭੂਮਿਕਾ ਵਿੱਚ ਪੀਯੂਸ਼ ਗੋਇਲ ਦੀ ਥਾਂ ਲੈ ਰਹੇ ਹਨ।
ਨੱਡਾ ਇਸ ਸਮੇਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵੀ ਹਨ। ਉਨ੍ਹਾਂ ਇਸ ਮਹੀਨੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ ਸੀ। ਮੰਨਿਆ ਜਾ ਰਿਹਾ ਸੀ ਕਿ ਇਸ ਤੋਂ ਬਾਅਦ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਜਾਵੇਗੀ।
ਭਾਜਪਾ ਦੇ ਕਾਨੂੰਨਾਂ ਮੁਤਾਬਕ ਪਾਰਟੀ ਦਾ ਕੌਮੀ ਪ੍ਰਧਾਨ ਉਦੋਂ ਹੀ ਚੁਣਿਆ ਜਾ ਸਕਦਾ ਹੈ, ਜਦੋਂ ਹਰ ਸੂਬੇ ਵਿੱਚ 50 ਫੀਸਦੀ ਜਥੇਬੰਦਕ ਚੋਣਾਂ ਮੁਕੰਮਲ ਹੋ ਚੁੱਕੀਆਂ ਹੋਣ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਹੋਣ 'ਚ ਕਰੀਬ 6 ਮਹੀਨੇ ਹੋਰ ਲੱਗ ਸਕਦੇ ਹਨ।
ਜ਼ਿਕਰਯੋਗ ਹੈ ਕਿ ਇੰਨੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਜੇਪੀ ਨੱਡਾ ਪਹਿਲੀ ਵਾਰ 2012 'ਚ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਲਈ ਚੁਣੇ ਗਏ ਸਨ। ਦੋ ਸਾਲ ਬਾਅਦ ਯਾਨੀ 2014 ਵਿੱਚ ਉਨ੍ਹਾਂ ਨੂੰ ਭਾਜਪਾ ਦੇ ਸੰਸਦੀ ਬੋਰਡ ਦਾ ਮੈਂਬਰ ਬਣਾਇਆ ਗਿਆ ਸੀ।
ਇਸ ਤਰ੍ਹਾਂ ਦਾ ਰਿਹਾ ਹੈ ਨੱਡਾ ਦਾ ਸਿਆਸੀ ਕਰੀਅਰ
ਜੇਪੀ ਨੱਡਾ ਨੇ ਆਪਣੇ ਵਿਦਿਆਰਥੀ ਦਿਨਾਂ ਦੌਰਾਨ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। 1977 ਅਤੇ 1979 ਦੇ ਵਿਚਕਾਰ ਉਹ ਰਾਂਚੀ ਵਿੱਚ ਵਿਦਿਆਰਥੀ ਰਾਜਨੀਤੀ ਵਿੱਚ ਬਹੁਤ ਐਕਟਿਵ ਸੀ। ਉਨ੍ਹਾਂ ਦਾ ਰਾਜਨੀਤਿਕ ਕੈਰੀਅਰ ਲਾਈਮਲਾਈਟ 'ਚ ਸਾਲ 1975 ਵਿੱਚ ਆਇਆ ਸੀ, ਜਦੋਂ ਉਨ੍ਹਾਂ ਨੇ ਬਿਹਾਰ ਅੰਦੋਲਨ ਲਈ ਇੱਕ ਕਾਰਕੁਨ ਵਜੋਂ ਸ਼ੁਰੂਆਤ ਕੀਤੀ ਸੀ। ਇਸ ਅੰਦੋਲਨ ਨੂੰ ਜੇਪੀ ਅੰਦੋਲਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) 'ਚ ਸ਼ਾਮਲ ਹੋ ਗਏ। ਸਾਲ 1977 ਵਿਚ ਉਹ ਇਸ ਦੇ ਸਕੱਤਰ ਚੁਣੇ ਗਏ।
ਇਸ ਤੋਂ ਇਲਾਵਾ ਉਹ ਹਿਮਾਚਲ ਪ੍ਰਦੇਸ਼ ਦੀ ਬਿਲਾਸਪੁਰ ਵਿਧਾਨ ਸਭਾ ਸੀਟ ਤੋਂ ਵੀ ਵਿਧਾਇਕ ਰਹਿ ਚੁੱਕੇ ਹਨ। ਉਹ 1993 ਤੋਂ 2007 ਦਰਮਿਆਨ ਤਿੰਨ ਵਾਰ ਇਸ ਸੀਟ ਤੋਂ ਵਿਧਾਨ ਸਭਾ ਚੋਣਾਂ ਜਿੱਤੇ ਸਨ। ਉਨ੍ਹਾਂ ਕਦੇ ਲੋਕ ਸਭਾ ਚੋਣ ਨਹੀਂ ਲੜੀ। ਉਹ ਰਾਜ ਸਭਾ ਮੈਂਬਰ ਵਜੋਂ ਹੀ ਸੰਸਦ ਵਿੱਚ ਪੁੱਜੇ ਹਨ। ਇਸ ਸਾਲ ਅਪ੍ਰੈਲ ਵਿਚ ਉਹ ਗੁਜਰਾਤ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਸਨ।