
ਰਾਹੁਲ ਗਾਂਧੀ ਬੋਲੇ- 'ਅਸੀਂ ਸੰਵਿਧਾਨ 'ਤੇ ਹਮਲਾ ਨਹੀਂ ਹੋਣ ਦਿਆਂਗੇ'
Lok Sabha Session : 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਸੰਸਦ ਸੈਸ਼ਨ ਦੇ ਪਹਿਲੇ ਹੀ ਦਿਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ। 'ਇੰਡੀਆ' ਗਠਜੋੜ ਦੇ ਸੰਸਦ ਮੈਂਬਰਾਂ ਨੇ ਸਦਨ ਦੇ ਬਾਹਰ ਮਾਰਚ ਕੱਢਿਆ। ਇਸ ਦੌਰਾਨ ਸੰਸਦ ਮੈਂਬਰਾਂ ਨੇ ਆਪਣੇ ਹੱਥਾਂ ਵਿੱਚ ਸੰਵਿਧਾਨ ਦੀ ਕਾਪੀ ਵੀ ਫੜੀ ਹੋਈ ਸੀ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਸਰਕਾਰ ਨੇ ਨਿਯਮਾਂ ਦੇ ਉਲਟ ਪ੍ਰੋ-ਟੈੱਮ ਸਪੀਕਰ ਦੀ ਨਿਯੁਕਤੀ ਕੀਤੀ ਹੈ। ਨਿਯਮਾਂ ਮੁਤਾਬਕ ਕਾਂਗਰਸ ਦੇ ਕੇ. ਸੁਰੇਸ਼ ਨੂੰ ਪ੍ਰੋਟੇਮ ਸਪੀਕਰ ਬਣਾਇਆ ਜਾਣਾ ਸੀ, ਕਿਉਂਕਿ ਉਹ 8 ਵਾਰ ਦੇ ਸੰਸਦ ਮੈਂਬਰ ਹਨ। ਮਹਿਤਾਬ ਸਿਰਫ 7 ਵਾਰ ਸੰਸਦ ਮੈਂਬਰ ਹਨ। ਇਸ ਦੌਰਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਵੀ ਮੌਜੂਦ ਸਨ।
ਰਾਹੁਲ ਗਾਂਧੀ ਨੇ ਪ੍ਰਦਰਸ਼ਨ ਤੋਂ ਬਾਅਦ ਕਿਹਾ- ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਸੰਵਿਧਾਨ 'ਤੇ ਜੋ ਹਮਲਾ ਕਰ ਰਹੇ ਹਨ, ਉਹ ਸਾਨੂੰ ਮਨਜ਼ੂਰ ਨਹੀਂ ਹੈ। ਅਸੀਂ ਇਹ ਹਮਲਾ ਨਹੀਂ ਹੋਣ ਦੇਵਾਂਗੇ। ਕੋਈ ਵੀ ਤਾਕਤ ਭਾਰਤ ਦੇ ਸੰਵਿਧਾਨ ਨੂੰ ਛੂਹ ਨਹੀਂ ਸਕਦੀ।
ਖੜਗੇ ਨੇ ਕਿਹਾ- ਪ੍ਰਧਾਨ ਮੰਤਰੀ ਨੇ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਸੰਵਿਧਾਨ ਨੂੰ ਬਚਾਉਣ ਲਈ ਜਨਤਾ ਸਾਡਾ ਸਾਥ ਦੇ ਰਹੀ ਹੈ। ਇਸ ਸਮੇਂ ਦੇਸ਼ ਵਿੱਚ ਹਰ ਲੋਕਤੰਤਰੀ ਨਿਯਮ ਤੋੜਿਆ ਜਾ ਰਿਹਾ ਹੈ। ਅੱਜ ਅਸੀਂ ਗਾਂਧੀ ਜੀ ਦੀ ਮੂਰਤੀ ਅੱਗੇ ਇਕੱਠੇ ਹੋਏ ਹਾਂ। ਅਸੀਂ ਮੋਦੀ ਜੀ ਨੂੰ ਕਹਿ ਰਹੇ ਹਾਂ ਕਿ ਤੁਸੀਂ ਸੰਵਿਧਾਨ ਦੀ ਪਾਲਣਾ ਕਰੋ।
ਦੱਸ ਦੇਈਏ ਕਿ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨਵੇਂ ਸੰਸਦ ਮੈਂਬਰਾਂ ਦਾ ਸਵਾਗਤ ਕੀਤਾ। ਉਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਵੀ ਕਹੀ। ਇੰਨਾ ਹੀ ਨਹੀਂ ਪੀਐਮ ਮੋਦੀ ਨੇ ਕਿਹਾ, "ਦੇਸ਼ ਦੀ ਜਨਤਾ ਵਿਰੋਧੀ ਧਿਰ ਤੋਂ ਚੰਗੇ ਕਦਮਾਂ ਦੀ ਉਮੀਦ ਰੱਖਦੀ ਹੈ। ਉਹ ਲੋਕਤੰਤਰ ਦੀ ਗਰਿਮਾ ਨੂੰ ਬਣਾਏ ਰੱਖਣ ਦੀ ਉਮੀਦ ਕਰਦੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਵਿਰੋਧੀ ਧਿਰ ਇਸ 'ਤੇ ਖਰਾ ਉਤਰੇਗੀ।