ਭਾਰਤੀ ਰੇਲਵੇ ਨੇ ਟਿਕਟ ਰਿਜ਼ਰਵੇਸ਼ਨ ਪ੍ਰਣਾਲੀ ਵਿਚ ਵੱਡਾ ਬਦਲਾਅ ਕੀਤਾ ਹੈ।
ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਟਿਕਟ ਰਿਜ਼ਰਵੇਸ਼ਨ ਪ੍ਰਣਾਲੀ ਵਿਚ ਵੱਡਾ ਬਦਲਾਅ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਰੇਲਵੇ ਦੇ ਟਿਕਟ ਚੈਕਰ ਅਪਣੇ ਹੱਥ ਵਿਚ ਰਿਜ਼ਰਵੇਸ਼ਨ ਸਲਿੱਪ ਲੈ ਕੇ ਟਿਕਟਾਂ ਦੀ ਜਾਂਚ ਨਹੀਂ ਕਰਨਗੇ ਬਲਕਿ ਹੁਣ ਉਹ ਟਿਕਟਾਂ ‘ਤੇ ਛਪੇ ਕਿਊਆਰ ਕੋਡ ਨੂੰ ਸਕੈਨ ਕਰਕੇ ਜਾਂਚ ਕਰਨਗੇ।
ਰੇਲਵੇ ਵੱਲ਼ੋਂ ਇਹ ਕਦਮ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਸਮਾਜਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ। ਰੇਲਵੇ ਦੀ ਇਹ ਪਹਿਲ ਬੁੱਧਵਾਰ ਨੂੰ ਲਾਂਚ ਕੀਤੀ ਗਈ ਹੈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਉੱਤਰ ਰੇਲਵੇ ਦੇ ਮੁਰਾਦਾਬਾਦ ਡਵੀਜ਼ਨ ਵਿਚ ਕੀਤੀ ਗਈ।
ਮੁਰਾਦਾਬਾਦ ਡਵੀਜ਼ਨ ਦੇ ਰੇਲ ਪ੍ਰਬੰਧਕ ਤਰੁਣ ਪ੍ਰਕਾਸ਼ ਨੇ ਰੇਲਵੇ ਦੀ ਇਸ ਨਵੀਂ ਪਹਿਲ ਬਾਰੇ ਨਿਊਜ਼ ਏਜੰਸੀ ਨੂੰ ਦੱਸਿਆ ਹੈ। ਉਹਨਾਂ ਕਿਹਾ ਕਿ ਰੇਲਵੇ ਨੇ ਟਿਕਟ ਰਿਜ਼ਰਵੇਸ਼ਨ ਪ੍ਰਣਾਲੀ ਵਿਚ ਬਦਲਾਅ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਹਰ ਟਿਕਟ ‘ਤੇ ਇਕ ਕਿਊਆਰ ਕੋਡ ਜਾਰੀ ਕੀਤਾ ਗਿਆ ਹੈ, ਜਿਸ ਨੂੰ ਸਕੈਨ ਕੀਤਾ ਜਾ ਸਕਦਾ ਹੈ।
ਟਿਕਟ ਚੈਕਰ ਇਕ ਉਪਕਰਣ ਜ਼ਰੀਏ ਕਿਊਆਰ ਕੋਡ ਨੂੰ ਸਕੈਨ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਪਿਛਲੇ ਸਾਲ ਉੱਤਰ ਪੱਛਮੀ ਰੇਲਵੇ ਦੇ 12 ਸਟੇਸ਼ਨਾਂ ‘ਤੇ ਮੋਬਾਈਲ ‘ਤੇ ਅਨ ਰਿਜ਼ਰਵਡ ਟਿਕਟਾਂ ਦੀ ਜਾਂਚ ਲਈ ਕਿਊਆਰ ਕੋਡ ਦੀ ਸ਼ੁਰੂਆਤ ਕੀਤੀ ਗਈ ਸੀ। ਕਿਊਆਰ ਕੋਡ ਦੇ ਜ਼ਰੀਏ ਟਿਕਟ ਬੁੱਕ ਕਰਨ ਲਈ ਯੂਜ਼ਰਸ ਨੂੰ ਗੂਗਲ ਪਲੇ ਸਟੋਰ ਤੋਂ ਯੂਟੀਐਸ ਐਪਲੀਕੇਸ਼ਨ ਡਾਊਨਲੋਡ ਕਰਨਾ ਹੋਵੇਗਾ ਅਤੇ ਰਜਿਸਟੇਸ਼ਨ ਅਤੇ ਲਾਗਇੰਨ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ।
ਲਾਗਇੰਨ ਤੋਂ ਬਾਅਦ ਯੂਜ਼ਰਸ ਨੂੰ ‘ਬੁੱਕ ਟਿਕਟ’ ਮੀਨੂੰ ਵਿਚ ਕਿਊਆਰ ਬੁਕਿੰਗ ਦੀ ਚੋਣ ਕਰਨੀ ਹੋਵੇਗੀ ਅਤੇ ਸਟੇਸ਼ਨ ਪਰੀਸ਼ਦ ‘ਤੇ ਉਪਲਬਧ ਕਿਊਆਰ ਕੋਡ ਨੂੰ ਸਕੈਨ ਕਰਨਾ ਹੋਵੇਗਾ। ਪਹੁੰਚਣ ਵਾਲੀ ਥਾਂ ਅਤੇ ਹੋਰ ਖੇਤਰਾਂ ਦੀ ਚੋਣ ਨਾਲ ਬੁਕਿੰਗ ਪ੍ਰਕਿਰਿਆ ਪੂਰੀ ਹੋ ਜਾਵੇਗੀ।