
ਚੇਅਰਪਰਸਨ ਜਗਦੀਪ ਧਨਖੜ ਨੇ ਪ੍ਰਸ਼ਨ ਕਾਲ ਦੌਰਾਨ ਸੰਜੇ ਸਿੰਘ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ
ਨਵੀਂ ਦਿੱਲੀ: ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ ਨੇਤਾ ਮਨੀਪੁਰ ਦੇ ਵਿਸ਼ੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਮੁਅੱਤਲ ਕਰਨ ਵਿਰੁਧ ਸੋਮਵਾਰ ਨੂੰ ਸੰਸਦ ਕੰਪਲੈਕਸ ’ਚ ਧਰਨੇ ’ਤੇ ਬੈਠ ਗਏ। ‘ਇੰਡੀਆ’ ’ਚ ਸ਼ਾਮਲ ਪਾਰਟੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਗੂਆਂ ਦਾ ਇਹ ਧਰਨਾ ਰਾਤ ਭਰ ਜਾਰੀ ਰਹੇਗਾ।
ਵਿਰੋਧੀ ਆਗੂਆਂ ਦਾ ਇਹ ਧਰਨਾ ਸੋਮਵਾਰ ਨੂੰ ਦਿਨ ਵੇਲੇ ਸ਼ੁਰੂ ਹੋਇਆ। ਵਿਰੋਧੀ ਧਿਰ ਦੇ ਸੀਨੀਅਰ ਆਗੂਆਂ ਨੇ ਦਸਿਆ ਕਿ ਇਹ ਧਰਨਾ ਰਾਤ ਭਰ ਅਤੇ ਮੰਗਲਵਾਰ ਨੂੰ ਵੀ ਜਾਰੀ ਰਹੇਗਾ। ਸੰਜੇ ਸਿੰਘ ਨੂੰ ਸੋਮਵਾਰ ਨੂੰ ਉਪਰਲੇ ਸਦਨ ’ਚ ਹੰਗਾਮਾ ਕਰਨ ਅਤੇ ਰਾਜ ਸਭਾ ਦੇ ਚੇਅਰਪਰਸਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਕਾਰਨ ਮੌਜੂਦਾ ਮਾਨਸੂਨ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿਤਾ ਗਿਆ ਸੀ।
ਚੇਅਰਪਰਸਨ ਜਗਦੀਪ ਧਨਖੜ ਨੇ ਪ੍ਰਸ਼ਨ ਕਾਲ ਦੌਰਾਨ ਸੰਜੇ ਸਿੰਘ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਚੇਅਰਮੈਨ ਨੇ ਕੁਰਸੀ ਦੇ ਨੇੜੇ ਆਏ ਸੰਜੇ ਸਿੰਘ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਸੀ। ਕਾਂਗਰਸ ਅਤੇ ਵਿਰੋਧੀ ਗਠਜੋੜ ‘ਇੰਡੀਆ’ ਦੀਆਂ ਹੋਰ ਪਾਰਟੀਆਂ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੰਸਦ ’ਚ ਮਨੀਪੁਰ ਦੇ ਮੁੱਦੇ 'ਤੇ ਬਿਆਨ ਦੇਣ ਅਤੇ ਚਰਚਾ ਕਰਨ ਦੀ ਮੰਗ ਕਰ ਰਹੇ ਹਨ। ਇਸ ਮੁੱਦੇ 'ਤੇ ਹੰਗਾਮੇ ਕਾਰਨ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਤਿੰਨ ਦਿਨ ਦੋਵਾਂ ਸਦਨਾਂ ਦੀ ਕਾਰਵਾਈ ਵਾਰ-ਵਾਰ ਵਿਘਨ ਪਈ।
ਪਿਛਲੇ ਸਾਲ ਜੁਲਾਈ ’ਚ ਵੀ ਵਿਰੋਧੀ ਧਿਰ ਦੇ 20 ਰਾਜ ਸਭਾ ਮੈਂਬਰਾਂ ਨੂੰ ਮੁਅੱਤਲ ਕਰਨ ’ਤੇ ਸੰਸਦ ਮੈਂਬਰਾਂ ਨੇ ਸਾਰੀ ਰਾਤ ਧਰਨਾ ਦਿਤਾ ਸੀ। ਮਾਨਸੂਨ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕੀਤੇ ਗਏ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਵਿਰੋਧੀ ਧਿਰ ਦੇ ਇਕ ਸੀਨੀਅਰ ਨੇਤਾ ਨੇ ਕਿਹਾ, ‘‘ਪਾਰਟੀਆਂ ਨੇ ਅਪਣੇ ਆਗੂਆਂ ਨੂੰ ਵਾਰੀ-ਵਾਰੀ ਧਰਨੇ ਵਾਲੀ ਥਾਂ ’ਤੇ ਹਾਜ਼ਰ ਹੋਣ ਲਈ ਪੂਰਾ ਖਾਕਾ ਤਿਆਰ ਕਰ ਲਿਆ ਹੈ। ਵੱਖ-ਵੱਖ ਸਮਿਆਂ ’ਤੇ ਧਰਨੇ ’ਚ ਕਿਹੜੇ-ਕਿਹੜੇ ਆਗੂ ਸ਼ਾਮਲ ਹੋਣਗੇ, ਇਹ ਤੈਅ ਹੋਇਆ।’’
ਉਨ੍ਹਾਂ ਕਿਹਾ, ‘‘ਵਿਰੋਧੀ ਪਾਰਟੀਆਂ ’ਚ ਪੂਰੀ ਏਕਤਾ ਹੈ। ਸੰਜੇ ਸਿੰਘ ਦੀ ਮੁਅੱਤਲੀ ਵਿਰੁਧ ਹੈ। ਅਸੀਂ ਇਹ ਮੰਗ ਕਰਦੇ ਹੋਏ ਵੀ ਪ੍ਰਦਰਸ਼ਨ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਦੇ ਮੁੱਦੇ ’ਤੇ ਸੰਸਦ ਦੇ ਅੰਦਰ ਬਿਆਨ ਦੇਣ।’’ ‘ਇੰਡੀਆ’ ਦੀਆਂ ਪਾਰਟੀਆਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸੰਸਦ ’ਚ ਬਿਆਨ ਦੇ ਕੇ ਮਨੀਪੁਰ ਦੇ ਮੁੱਦੇ ’ਤੇ ਚਰਚਾ ਸ਼ੁਰੂ ਕਰਨ।
ਰਾਜਨਾਥ ਸਿੰਘ ਨੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਨਾਲ ਕੀਤੀ ਗੱਲਬਾਤ
ਸੂਤਰਾਂ ਦਾ ਕਹਿਣਾ ਹੈ ਕਿ ਇਸ ਰੇੜਕੇ ਨੂੰ ਖਤਮ ਕਰਨ ਦੀ ਕੋਸ਼ਿਸ਼ ’ਚ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਨਾਲ-ਨਾਲ ਡੀ.ਐੱਮ.ਕੇ. ਆਗੂ ਟੀ.ਆਰ. ਬਾਲੂ ਅਤੇ ਤ੍ਰਿਣਮੂਲ ਕਾਂਗਰਸ ਆਗੂ ਸੁਦੀਪ ਬੰਦੋਪਾਧਿਆਏ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦਸਿਆ ਕਿ ਸਰਕਾਰ ਮਨੀਪੁਰ ’ਤੇ ਚਰਚਾ ਲਈ ਤਿਆਰ ਹੈ। ਸੂਤਰਾਂ ਨੇ ਕਿਹਾ ਕਿ ਵਿਰੋਧੀ ਧਿਰ ਦਾ ਕੋਈ ਵੀ ਨੇਤਾ ਪ੍ਰਧਾਨ ਮੰਤਰੀ ਮੋਦੀ ਨੂੰ ਸਦਨ ’ਚ ਬਿਆਨ ਦੇਣ ਦੀ ਅਪਣੀ ਮੰਗ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ।
‘ਆਪ’ ਅਤੇ ਕਾਂਗਰਸ ਨੇ ਸੰਜੇ ਸਿੰਘ ਦੀ ਮੁਅੱਤਲੀ ’ਤੇ ਸਵਾਲ ਚੁਕੇ
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਚਲ ਰਹੇ ਮਾਨਸੂਨ ਸੈਸ਼ਨ ਦੇ ਬਾਕੀ ਸਮੇਂ ਲਈ ਰਾਜ ਸਭਾ ਤੋਂ ਮੁਅੱਤਲ ਕੀਤੇ ਜਾਣ ’ਤੇ ਸਵਾਲ ਉਠਾਉਂਦੇ ਹੋਏ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਨਾਲ ਗ਼ਲਤ ਦਸਿਆ ਹੈ। ਆਮ ਆਦਮੀ ਪਾਰਟੀ ਨੇ ਚੇਅਰਮੈਨ ਜਗਦੀਪ ਧਨਖੜ ਨੂੰ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਸੰਜੇ ਸਿੰਘ ਦੀ ਮੁਅੱਤਲੀ ਰੱਦ ਕਰਨ ਦੀ ਵੀ ਅਪੀਲ ਕੀਤੀ ਹੈ।
ਸੰਜੇ ਸਿੰਘ ਵਿਰੁਧ ਇਸ ਕਾਰਵਾਈ ’ਤੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਕਿਹਾ, ‘‘ਇਹ ਸਹੀ ਨਹੀਂ ਹੈ। ਯੂ.ਪੀ.ਏ. ਸਰਕਾਰ ’ਚ ਕਿੰਨੀ ਵਾਰ ਅਜਿਹਾ ਹੋਇਆ ਜਦੋਂ ਐਨ.ਡੀ.ਏ. ਦੇ ਲੋਕ ਸੀਟ ਦੇ ਨੇੜੇ ਵਿਰੋਧ ਪ੍ਰਦਰਸ਼ਨ ਕਰਦੇ ਸਨ ਅਤੇ ਉਸ ਵੇਲੇ ਦੇ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਕਹਿੰਦੇ ਸਨ ਕਿ ਇਹ ਸਾਡਾ ਲੋਕਤੰਤਰੀ ਹੱਕ ਹੈ।’’ ਉਨ੍ਹਾਂ ਕਿਹਾ ਕਿ ਮੁਅੱਤਲੀ ਦੀ ਕਾਰਵਾਈ ਨਾਜਾਇਜ਼ ਹੈ ਅਤੇ ਉਹ ਇਸ ਦੀ ਸਖ਼ਤ ਨਿਖੇਧੀ ਕਰਦੇ ਹਨ।
ਆਮ ਆਦਮੀ ਪਾਰਟੀ ਨੇ ਟਵੀਟ ਕੀਤਾ, ‘‘ਸੰਸਦੀ ਇਤਿਹਾਸ ਦਾ ਕਾਲਾ ਦਿਨ। ਮਨੀਪੁਰ ’ਤੇ ਸਵਾਲਾਂ ਤੋਂ ‘ਮੌਨ ਮੋਦੀ’ ਭੱਜ ਰਹੇ ਹਨ। ਸੰਜੇ ਸਿੰਘ ਨੂੰ ਮਨੀਪੁਰ ’ਤੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਣ ਲਈ ਸੰਸਦ ਦੇ ਪੂਰੇ ਮਾਨਸੂਨ ਸੈਸ਼ਨ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਆਖਰਕਾਰ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਪਵੇਗਾ।’’
‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਦੇਸ਼ ਦਾ ਇਕ ਮਹੱਤਵਪੂਰਨ ਸਰਹੱਦੀ ਸੂਬਾ ਸੜ ਰਿਹਾ ਹੈ। ਸੰਜੇ ਸਿੰਘ ਨੇ ਇਸ ’ਤੇ ਚਰਚਾ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਨਿਯਮ 267 ਤਹਿਤ ਚਰਚਾ ਹੋਣੀ ਚਾਹੀਦੀ ਹੈ...ਜਦੋਂ ਉਹ ਆਪਣੀ ਕੁਰਸੀ ਛੱਡ ਕੇ ਅੱਗੇ ਵਧੇ ਤਾਂ ਚੇਅਰਮੈਨ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ।
ਉਨ੍ਹਾਂ ਪੁਛਿਆ, “ਸੰਜੇ ਸਿੰਘ ਨੇ ਅਜਿਹਾ ਕੀ ਗੁਨਾਹ ਕੀਤਾ ਕਿ ਉਸ ਨੂੰ ਮੁਅੱਤਲ ਕਰ ਦਿਤਾ ਗਿਆ? ਕੀ ਮਨੀਪੁਰ ’ਤੇ ਚਰਚਾ ਦੀ ਮੰਗ ਕਰਨਾ ਗੁਨਾਹ ਹੈ, ਕੀ ਮਨੀਪੁਰ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਗੁਨਾਹ ਹੈ? ਜੇਕਰ ਇਹ ਗੁਨਾਹ ਹੈ ਤਾਂ ਕੇਵਲ ਸੰਜੇ ਸਿੰਘ ਨੂੰ ਹੀ ਨਹੀਂ, ਸਗੋਂ ਸਮੁੱਚੀ ਵਿਰੋਧੀ ਧਿਰ ਨੂੰ ਮੁਅੱਤਲ ਕਰੋ ਅਤੇ ਸਦਨ ਨੂੰ ਸਿਰਫ਼ ਭਾਜਪਾ ਵਾਲੇ ਹੀ ਬੈਠ ਕੇ ਚਲਾਓ। ਚੱਢਾ ਨੇ ਧਨਖੜ ਨੂੰ ਫੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਮੁਅੱਤਲੀ ਨੂੰ ਤੁਰਤ ਰੱਦ ਕਰਨ ਦੀ ਅਪੀਲ ਕੀਤੀ।