
ਕਮੇਟੀ ਨੇ ਅਜਿਹੇ ਪੁਰਸਕਾਰ ਜੇਤੂਆਂ ਦੀ ਮੁੜ ਨਿਯੂਕਤੀ ’ਤੇ ਸਵਾਲ ਕੀਤਾ ਜੋ ਅਕਾਦਮੀ ਦੀ ਬੇਇੱਜ਼ਤੀ ਕਰ ਕੇ ਇਸ ’ਚ ਸ਼ਾਮਲ ਹੋਏ ਸਨ।
ਨਵੀਂ ਦਿੱਲੀ : ਸੰਸਦ ਦੀ ਇਕ ਕਮੇਟੀ ਨੇ ਵੱਖੋ-ਵੱਖ ਸਰਕਾਰੀ ਅਕਾਦਮੀਆਂ ਵਲੋਂ ਦਿਤੇ ਪੁਰਸਕਾਰ ਸਿਆਸੀ ਮੁੱਦਿਆਂ ਦੇ ਵਿਰੋਧ ’ਚ ਵਾਪਸ ਕਰਨ ਦੀਆਂ ਘਟਨਾਵਾਂ ’ਤੇ ਧਿਆਨ ਦਿੰਦਿਆਂ ਅਜਿਹੇ ਲੋਕਾਂ ਦੀ ਵੱਖੋ-ਵੱਖ ਸੰਸਥਾਵਾਂ ’ਚ ਮੁੜ ਨਿਯੁਕਤੀ ’ਤੇ ਸਵਾਲ ਚੁਕਿਆ ਜੋ ਅਕਾਦਮੀ ਦੀ ‘ਬੇਇੱਜ਼ਤੀ’ ਕਰ ਕੇ ਇਨ੍ਹਾਂ ’ਚ ਸ਼ਾਮਲ ਹੋਏ। ਇਸ ਦੇ ਨਾਲ ਹੀ ਸੰਸਦੀ ਕਮੇਟੀ ਨੇ ਕਿਹਾ ਕਿ ਸਾਹਿਤ ਅਕਾਦਮੀ ਸਮੇਤ ਹੋਰ ਅਕਾਦਮੀਆਂ ਵਲੋਂ ਜਦੋਂ ਵੀ ਕੋਈ ਪੁਰਸਕਾਰ ਦਿਤਾ ਜਾਵੇ ਤਾਂ ਪ੍ਰਾਪਤਕਰਤਾ ਦੀ ਸਹਿਮਤੀ ਜ਼ਰੂਰ ਲਈ ਜਾਵੇ ਤਾਕਿ ਉਹ ਸਿਆਸੀ ਕਾਰਨਾਂ ਕਰ ਕੇ ਇਸ ਨੂੰ ਵਾਪਸ ਨਾ ਕਰੇ।
ਕਮੇਟੀ ਨੇ ਸੋਮਵਾਰ ਨੂੰ ਸੰਸਦ ਨੂੰ ਪੇਸ਼ ਅਪਣੀ ਰੀਪੋਰਟ ’ਚ ਕਿਹਾ ਕਿ ਸਾਹਿਤ ਅਕਾਦਮੀ ਜਾਂ ਹੋਰ ਅਕਾਦਮੀਆਂ ਵਲੋਂ ਦਿਤੇ ਪੁਰਸਕਾਰ ਭਾਰਤ ’ਚ ਕਿਸੇ ਵੀ ਕਲਾਕਾਰ ਲਈ ਸਰਬਉੱਚ ਮਾਣ ਬਣੇ ਹੋਏ ਹਨ। ਰੀਪੋਰਟ ’ਚ ਕਿਹਾ ਗਿਆ ਹੈ, ‘‘ਕਮੇਟੀ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਸਾਹਿਤ ਅਕਾਦਮੀ ਜਾਂ ਹੋਰ ਅਕਾਦਮੀਆਂ ਗ਼ੈਰ-ਸਿਆਸੀ ਜਥੇਬੰਦੀਆਂ ਹਨ।
ਸਿਆਸਤ ਲਈ ਕੋਈ ਥਾਂ ਨਹੀਂ ਹੈ। ਇਸ ਲਈ ਕਮੇਟੀ ਦਾ ਸੁਝਾਅ ਹੈ ਕਿ ਜਦੋਂ ਵੀ ਕੋਈ ਪੁਰਸਕਾਰ ਦਿਤਾ ਜਾਵੇ ਤਾਂ ਪ੍ਰਾਪਤਕਰਤਾ ਦੀ ਸਹਿਮਤੀ ਜ਼ਰੂਰਤ ਲਈ ਜਾਣੀ ਚਾਹੀਦੀ ਹੈ ਤਾਕਿ ਉਹ ਸਿਆਸੀ ਕਾਰਨਾਂ ਤੋਂ ਇਸ ਨੂੰ ਵਾਪਸ ਨਾ ਕਰੇ ਕਿਉਂਕਿ ਇਹ ਦੇਸ਼ ਦੀ ਬੇਇੱਜ਼ਤੀ ਹੈ।’’ ਕਮੇਟੀ ਨੇ ਕਿਹਾ ਕਿ ਉਹ ਅੰਤਮ ਰੂਪ ਦਿਤੇ ਜਾਣ ਤੋਂ ਪਹਿਲਾਂ ਪੁਰਸਕਾਰਾਂ ਲਈ ਸੂਚੀਬੱਧ ਉਮੀਦਵਾਰਾਂ ਦੀ ਅਗਾਉਂ ਸਹਿਮਤੀ ਦੀ ਸਿਫ਼ਾਰਸ਼ ਕਰਦੀ ਹੈ। ਉਸ ਨੇ ਕਿਹਾ ਕਿ ਅਜਿਹੀ ਪ੍ਰਣਾਲੀ ਸਥਾਪਤ ਕੀਤੀ ਜਾ ਸਕਦੀ ਹੈ ਜਿੱਥੇ ਪ੍ਰਸਤਾਵਿਤ ਪੁਰਸਕਾਰ ਜੇਤੂ ਤੋਂ ਪੁਰਸਕਾਰ ਦੀ ਮਨਜ਼ੂਰੀ ਦਾ ਸੰਦਰਭ ਦਿੰਦਿਆਂ ਇਕ ਅਹਿਦ ਲਿਆ ਜਾਵੇ ਤਾਕਿ ਪੁਰਸਕਾਰ ਜੇਤੂ ਭਵਿੱਖ ’ਚ ਕਦੇ ਵੀ ਪੁਰਸਕਾਰ ਦੀ ਬੇਇੱਜ਼ਤੀ ਨਾ ਕਰ ਸਕੇ।’’
ਆਵਾਜਾਈ, ਸਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਬਾਬਤ ਸਥਾਈ ਕਮੇਟੀ ਦੀ ਰੀਪੋਰਟ ’ਚ ਕਿਹਾ ਗਿਆ ਹੈ ਕਿ ਅਜਿਹੇ ਸਹੁੰਪੱਤਰ ਤੋਂ ਬਗ਼ੈਰ ਪੁਰਸਕਾਰ ਨਹੀਂ ਦਿਤੇ ਜਾਣੇ ਚਾਹੀਦੇ ਅਤੇ ਪੁਰਸਕਾਰ ਵਾਪਸ ਕੀਤੇ ਜਾਣ ਦੀ ਸਥਿਤੀ ’ਚ, ਭਵਿੱਖ ’ਚ ਅਜਿਹੇ ਕਿਸੇ ਸਨਮਾਨ ਲਈ ਉਨ੍ਹਾਂ ਲੋਕਾਂ ’ਤੇ ਵਿਚਾਰ ਨਾ ਕੀਤਾ ਜਾਵੇ।
ਕਮੇਟੀ ਨੇ ਅਪਣੀ ਰੀਪੋਰਟ ’ਚ ਕਿਹਾ, ‘‘ਕਮੇਟੀ ਅਕਾਦਮੀਆਂ ਵਲੋਂ ਦਿਤੇ ਪੁਰਸਕਾਰ (ਜਿਵੇਂ ਸਾਹਿਤ ਅਕਾਦਮੀ ਪੁਰਸਕਾਰ) ਪ੍ਰਾਪਤਕਰਤਾਵਾਂ ਵਲੋਂ ਕੁਝ ਸਿਆਸੀ ਮੁੱਦਿਆਂ ਵਿਰੁਧ ਅਪਣੇ ਪੁਰਸਕਾਰ ਵਾਪਸ ਕਰਨ ਦੀਆਂ ਉਦਾਹਰਣਾਂ ’ਤੇ ਧਿਆਨ ਦਿੰਦੀ ਹੈ ਜੋ ਸਭਿਆਚਾਰਕ ਦਾਇਰੇ ਅਤੇ ਸਬੰਧਤ ਅਕਾਦਮੀ ਦੇ ਖ਼ੁਦਮੁਖਿਤਆਰ ਕੰਮਕਾਜ ਦੀ ਹੱਦ ਤੋਂ ਬਾਹਰ ਹੈ।’’
ਵਾਈ.ਐਸ.ਆਰ. ਕਾਂਗਰਸ ਪਾਰਟੀ ਮੈਂਬਰ ਵੀ. ਵਿਜੈਸਾਈ ਰੈੱਡੀ ਦੀ ਪ੍ਰਧਾਨਗੀ ਵਾਲੀ ਕਮੇਟੀ ਦੀ ਰੀਪੋਰਟ ’ਚ ਕਿਹਾ ਗਿਆ ਹੈ ਕਿ ਪੁਰਸਕਾਰ ਵਾਪਸ ਕਰਨ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਹੋਰ ਪੁਰਸਕਾਰ ਜੇਤੂਆਂ ਦੀਆਂ ਪ੍ਰਾਪਤੀਆਂ ਨੂੰ ਬੌਣਾ ਕਰਦੀਆਂ ਹਨ ਅਤੇ ਪੁਰਸਕਾਰਾਂ ਦੇ ਮਾਣ ਅਤੇ ਮਸ਼ਹੂਰੀ ’ਤੇ ਵੀ ਅਸਰ ਪਾਉਂਦੀਆਂ ਹਨ।
ਕਮੇਟੀ ਨੇ ਅਜਿਹੇ ਪੁਰਸਕਾਰ ਜੇਤੂਆਂ ਦੀ ਮੁੜ ਨਿਯੂਕਤੀ ’ਤੇ ਸਵਾਲ ਕੀਤਾ ਜੋ ਅਕਾਦਮੀ ਦੀ ਬੇਇੱਜ਼ਤੀ ਕਰ ਕੇ ਇਸ ’ਚ ਸ਼ਾਮਲ ਹੋਏ ਸਨ। ਰੀਪੋਰਟ ’ਚ ਕਿਹਾ ਗਿਆ ਹੈ ਕਿ ਸਭਿਆਚਾਰ ਮੰਤਰਾਲੇ ਅਨੁਸਾਰ 2015 ’ਚ ਕੁਲ 39 ਲੇਖਕਾਂ ਨੇ ਸਾਹਿਤ ਅਕਾਦਮੀ ਨੂੰ ਅਪਣੇ ਪੁਰਸਕਾਰ ਵਾਪਸ ਕੀਤੇ ਹਨ। ਇਸ ’ਚ ਕਿਹਾ ਗਿਆ ਹੈ, ‘‘ਸਾਹਿਤ ਅਕਾਦਮੀ ਨੇ ਦਸਿਆ ਕਿ 39 ਲੋਕਾਂ ਵਲੋਂ ਪੁਰਸਕਾਰ ਵਾਪਸ ਕਰਨ ਦਾ ਕਾਰਨ ਸਿਆਸੀ ਸੀ। ਕਰਨਾਟਕ ਦੇ ਮਸ਼ਹੂਰ ਲੇਖਕ ਸ੍ਰੀ ਕਲਬੁਰਗੀ ਦਾ ਕਤਲ ਕਰ ਦਿਤਾ ਗਿਆ। ਉਨ੍ਹਾਂ ਦੇ ਕਤਲ ਵਿਰੁਧ 2015 ’ਚ ਸਤੰਬਰ ਤੋਂ ਅਕਤੂਬਰ ਤਕ ਕਈ ਲੇਖਕਾਂ ਨੇ ਅਪਣੇ ਪੁਰਸਕਾਰ ਵਾਪਸ ਕੀਤੇ।