
ਵਟਸਐਪ ਗਰੁੱਪ ’ਚ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਫ਼ੌਜੀ ਅਤੇ ਡਾਕਟਰ ਵਿਰੁਧ ਦਰਜ ਕਰਵਾਇਆ ਗਿਆ ਸੀ ਕੇਸ
ਮੁੰਬਈ: ਬੰਬਈ ਹਾਈ ਕੋਰਟ ਨੇ ਬੁਧਵਾਰ ਨੂੰ ਇਕ ਵਟਸਐਪ ਗਰੁੱਪ ’ਚ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਦੋ ਵਿਅਕਤੀਆਂ ਵਿਰੁਧ ਦਰਜ ਕੇਸ ਨੂੰ ਰੱਦ ਕਰ ਦਿਤਾ।
ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਕਿਹਾ ਕਿ ਕਿਉਂਕਿ ਵਟਸਐਪ ਸੰਦੇਸ਼ ਐਨਕ੍ਰਿਪਟ ਹੁੰਦੇ ਹਨ ਅਤੇ ਕਿਸੇ ਤੀਜੇ ਵਿਅਕਤੀ ਵਲੋਂ ਐਕਸੈਸ ਨਹੀਂ ਕੀਤੇ ਜਾ ਸਕਦੇ, ਇਸ ਲਈ ਇਹ ਵੇਖਣਾ ਪਏਗਾ ਕਿ ਕੀ ਉਹ ਭਾਰਤੀ ਦੰਡਾਵਲੀ ਦੇ ਤਹਿਤ ਨਿਰਧਾਰਤ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਤੇ ਪ੍ਰਭਾਵ ਪਾ ਸਕਦੇ ਹਨ।
ਬੈਂਚ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਅਤੇ ਲੋਕਤੰਤਰੀ ਦੇਸ਼ ਹੈ, ਜਿੱਥੇ ਹਰ ਕਿਸੇ ਨੂੰ ਦੂਜੇ ਦੇ ਧਰਮ ਅਤੇ ਜਾਤ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਨਾਲ ਹੀ ਲੋਕਾਂ ਨੂੰ ਕਿਸੇ ਵੀ ਜਲਦਬਾਜ਼ੀ ਵਿਚ ਪ੍ਰਤੀਕਿਰਿਆ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜਸਟਿਸ ਵਿਭਾ ਕਾਂਕਨਵਾੜੀ ਅਤੇ ਜਸਟਿਸ ਵਰੁਸ਼ਾਲੀ ਜੋਸ਼ੀ ਦੀ ਡਿਵੀਜ਼ਨ ਬੈਂਚ ਨੇ ਸ਼ਾਂਤੀ ਅਤੇ ਵਿਵਸਥਾ ਨੂੰ ਭੰਗ ਕਰਨ ਦੇ ਇਰਾਦੇ ਨਾਲ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ 2017 ’ਚ ਫੌਜ ਦੇ ਇਕ ਅਧਿਕਾਰੀ ਅਤੇ ਇਕ ਡਾਕਟਰ ਵਿਰੁਧ ਦਰਜ ਐਫ.ਆਈ.ਆਰ. ਨੂੰ ਰੱਦ ਕਰ ਦਿਤਾ।
ਸ਼ਿਕਾਇਤਕਰਤਾ ਸ਼ਾਹਬਾਜ਼ ਸਿੱਦੀਕੀ ਨੇ ਫੌਜ ਦੇ ਜਵਾਨ ਪ੍ਰਮੋਦ ਸ਼ੇਂਦਰੇ ਅਤੇ ਡਾਕਟਰ ਸੁਭਾਸ਼ ਵਾਘੇ ’ਤੇ ਵਟਸਐਪ ਗਰੁੱਪ ’ਚ ਮੁਸਲਿਮ ਭਾਈਚਾਰੇ ਵਿਰੁਧ ਅਪਮਾਨਜਨਕ ਸੰਦੇਸ਼ ਪੋਸਟ ਕਰਨ ਦਾ ਦੋਸ਼ ਲਾਇਆ ਹੈ। ਸ਼ਿਕਾਇਤਕਰਤਾ ਵੀ ਇਸ ਗਰੁੱਪ ’ਚ ਸੀ।
ਸਿੱਦੀਕੀ ਨੇ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਨੇ ਪੈਗੰਬਰ ਮੁਹੰਮਦ ਬਾਰੇ ਸਵਾਲ ਉਠਾਏ ਸਨ ਅਤੇ ਕਿਹਾ ਸੀ ਕਿ ਜੋ ਲੋਕ ‘ਵੰਦੇ ਮਾਤਰਮ’ ਨਹੀਂ ਬੋਲਦੇ, ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਹਾਈ ਕੋਰਟ ਨੇ ਕਿਹਾ, ‘‘ਅਸੀਂ ਇਹ ਵੇਖਣ ਲਈ ਮਜਬੂਰ ਹਾਂ ਕਿ ਅੱਜ-ਕੱਲ੍ਹ ਲੋਕ ਅਪਣੇ ਧਰਮਾਂ ਪ੍ਰਤੀ ਪਹਿਲਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੋ ਗਏ ਹਨ ਅਤੇ ਹਰ ਕੋਈ ਦਸਣਾ ਚਾਹੁੰਦਾ ਹੈ ਕਿ ਉਸ ਦਾ ਧਰਮ/ਰੱਬ ਕਿਵੇਂ ਸਰਵਉੱਚ ਹੈ।’’