
AAP ਨੇ ਦਾਅਵਾ ਕੀਤਾ ਕਿ ਸਾਡੇ ਵਿਧਾਇਕ ਸੰਜੀਵ ਝਾਅ, ਸੋਮਨਾਥ ਭਾਰਤੀ, ਕੁਲਦੀਪ ਕੁਮਾਰ ਨੂੰ ਭਾਜਪਾ ਨੇ ਪਾਰਟੀ ਛੱਡਣ ਦੇ ਬਦਲੇ 20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੇ ਛਾਪੇ ਤੋਂ ਬਾਅਦ ਆਮ ਆਦਮੀ ਪਾਰਟੀ ਭਾਜਪਾ ’ਤੇ ਲਗਾਤਾਰ ਹਮਲਾਵਰ ਹੈ। ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਸਾਡੇ ਵਿਧਾਇਕ ਸੰਜੀਵ ਝਾਅ, ਸੋਮਨਾਥ ਭਾਰਤੀ, ਕੁਲਦੀਪ ਕੁਮਾਰ ਨੂੰ ਭਾਜਪਾ ਨੇ ਪਾਰਟੀ ਛੱਡਣ ਦੇ ਬਦਲੇ 20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।
ਸੰਜੇ ਸਿੰਘ ਨਾਲ ਪ੍ਰੈੱਸ ਕਾਨਫਰੰਸ ਕਰ ਰਹੇ ਵਿਧਾਇਕ ਸੋਮਨਾਥ ਭਾਰਤੀ ਨੇ ਕਿਹਾ ਕਿ ਭਾਜਪਾ ਵਾਲਿਆਂ ਨੇ ਮੈਨੂੰ ਕਿਹਾ ਕਿ 'ਆਪ' ਦੇ 20 ਹੋਰ ਵਿਧਾਇਕ ਸਾਡੇ ਸੰਪਰਕ 'ਚ ਹਨ। ਇਸ ਮਗਰੋਂ ਮਨੀਸ਼ ਸਿਸੋਦੀਆ ਨੇ ਟਵੀਟ ਕਰਦਿਆਂ ਲਿਖਿਆ, “ਮੈਨੂੰ ਤੋੜਨ ’ਚ ਫੇਲ੍ਹ ਹੋ ਗਏ ਤਾਂ ਹੁਣ AAP ਦੇ ਹੋਰ MLAs ਨੂੰ 20-20 ਕਰੋੜ ਦੀ ਪੇਸ਼ਕਸ਼, ਰੇਡ ਦਾ ਡਰ ਦਿਖਾ ਕੇ ਸਾਜ਼ਿਸ਼ ਸ਼ੁਰੂ ਕਰ ਦਿੱਤੀ। ਇਹ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਨੇ, ਜਾਨ ਦੇ ਦੇਣਗੇ ਪਰ ਗੱਦਾਰੀ ਨਹੀਂ ਕਰਨਗੇ”।
ਉਹਨਾਂ ਕਿਹਾ ਕਿ ਇਹਨਾਂ ਸਾਹਮਣੇ ਭਾਜਪਾ ਦੀ ਈਡੀ ਜਾਂ ਸੀਬੀਆਈ ਕਿਸੇ ਕੰਮ ਦੀ ਨਹੀਂ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਵੀ ਭਾਜਪਾ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਭਾਜਪਾ ਨੇ ਉਹਨਾਂ ਨੂੰ 'ਆਪ' ਤੋੜ ਕੇ ਭਾਜਪਾ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ। ਸਿਸੋਦੀਆ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਮੇਰੇ ਕੋਲ ਭਾਜਪਾ ਦਾ ਸੰਦੇਸ਼ ਆਇਆ ਹੈ ਕਿ ਤੁਸੀਂ ਭਾਜਪਾ 'ਚ ਸ਼ਾਮਲ ਹੋ ਜਾਓ ਅਤੇ ਸੀਬੀਆਈ ਈਡੀ ਦੇ ਸਾਰੇ ਕੇਸ ਬੰਦ ਕਰਵਾ ਲਓ। ਭਾਜਪਾ ਨੂੰ ਮੇਰਾ ਜਵਾਬ ਹੈ ਕਿ ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਹਾਂ, ਮੈਂ ਰਾਜਪੂਤ ਹਾਂ। ਮੈਂ ਆਪਣਾ ਸਿਰ ਕਟਵਾ ਲਵਾਂਗਾ ਪਰ ਭ੍ਰਿਸ਼ਟ-ਸਾਜ਼ਿਸ਼ੀਆਂ ਅੱਗੇ ਨਹੀਂ ਝੁਕਾਂਗਾ।