
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ 332 ਕਰੋੜ ਰੁਪਏ ਦੀ ਜਾਇਦਾਦ ਨਾਲ ਦੂਜੇ ਨੰਬਰ ’ਤੇ
ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਭਾਰਤ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਉਨ੍ਹਾਂ ਕੋਲ 931 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਦੇਸ਼ ਦੇ ਮੌਜੂਦਾ 30 ਮੁੱਖ ਮੰਤਰੀਆਂ ਕੋਲ 1632 ਕਰੋੜ ਰੁਪਏ ਦੀ ਜਾਇਦਾਦ ਹੈ। ਇਸ ਦਾ ਲਗਭਗ 57% ਹਿੱਸਾ ਚੰਦਰਬਾਬੂ ਦੀ ਮਲਕੀਅਤ ਹੈ। ਉਨ੍ਹਾਂ ਕੋਲ 810 ਕਰੋੜ ਰੁਪਏ ਦੀ ਚੱਲ ਜਾਇਦਾਦ (ਨਕਦ ਜਮ੍ਹਾਂ, ਗਹਿਣੇ ਆਦਿ) ਅਤੇ 121 ਕਰੋੜ ਰੁਪਏ ਦੀ ਅਚੱਲ ਜਾਇਦਾਦ (ਮਕਾਨ, ਜ਼ਮੀਨ ਆਦਿ) ਹੈ। ਚੰਦਰਬਾਬੂ ਉਤੇ ਵੀ 10 ਕਰੋੜ ਰੁਪਏ ਦਾ ਕਰਜ਼ਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੋਲ ਸਭ ਤੋਂ ਘੱਟ ਜਾਇਦਾਦ ਹੈ। ਉਸ ਕੋਲ ਸਿਰਫ 15.38 ਲੱਖ ਰੁਪਏ ਦੀ ਚੱਲ ਜਾਇਦਾਦ ਹੈ। ਮਮਤਾ ਕੋਲ ਕੋਈ ਅਚੱਲ ਜਾਇਦਾਦ ਨਹੀਂ ਹੈ।
ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਅਤੇ ਚੋਣ ਸੁਧਾਰਾਂ ਲਈ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨ ਨੈਸ਼ਨਲ ਇਲੈਕਸ਼ਨ ਵਾਚ (ਨਿਊ) ਦੀ ਇਕ ਰੀਪੋਰਟ ਤੋਂ ਮਿਲੀ ਹੈ। ਇਹ ਰੀਪੋਰਟ 27 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ 30 ਮੌਜੂਦਾ ਮੁੱਖ ਮੰਤਰੀਆਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕਰ ਕੇ ਤਿਆਰ ਕੀਤੀ ਗਈ ਹੈ। ਇਹ ਅੰਕੜੇ ਪਿਛਲੀਆਂ ਚੋਣਾਂ ਲੜਨ ਤੋਂ ਪਹਿਲਾਂ ਦਾਇਰ ਕੀਤੇ ਹਲਫਨਾਮਿਆਂ ਤੋਂ ਲਏ ਗਏ ਹਨ। ਮਨੀਪੁਰ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ 332 ਕਰੋੜ ਰੁਪਏ ਦੀ ਕੁਲ ਜਾਇਦਾਦ ਦੇ ਨਾਲ ਦੂਜੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਉਸ ਕੋਲ ਲਗਭਗ 165 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 167 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਹਾਲਾਂਕਿ, ਖਾਂਡੂ ਕਰਜ਼ਦਾਰ ਮੁੱਖ ਮੰਤਰੀਆਂ ਦੀ ਸੂਚੀ ਵਿਚ ਸਭ ਤੋਂ ਉੱਪਰ ਹਨ।
ਉਨ੍ਹਾਂ ਉਤੇ 180 ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਹਨ। ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਤੀਜੇ ਨੰਬਰ ਉਤੇ ਹਨ। ਉਨ੍ਹਾਂ ਕੋਲ 51 ਕਰੋੜ ਰੁਪਏ ਦੀ ਜਾਇਦਾਦ ਹੈ। ਉਸ ਕੋਲ 21 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 30 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਸਭ ਤੋਂ ਘੱਟ ਜਾਇਦਾਦ ਵਾਲੇ ਹੋਰ ਮੁੱਖ ਮੰਤਰੀਆਂ ’ਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੂਜੇ ਨੰਬਰ ਉਤੇ ਹਨ। ਉਸ ਕੋਲ ਸਿਰਫ 55.24 ਲੱਖ ਰੁਪਏ ਦੀ ਚੱਲ ਜਾਇਦਾਦ ਵੀ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਤੀਜੇ ਨੰਬਰ ਉਤੇ ਹਨ। ਉਸ ਕੋਲ 1.18 ਕਰੋੜ ਰੁਪਏ ਦੀ ਜਾਇਦਾਦ ਹੈ।