
ਇਸ ਸਬੰਧ ਵਿਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ
ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਇਕ 19 ਸਾਲਾ ਵਿਦਿਆਰਥਣ ਦਾ ਅਸ਼ਲੀਲ ਵੀਡੀਓ ਬਣਾ ਕੇ ਉਸ ਤੋਂ ਪੈਸੇ ਵਸੂਲਣ ਲਈ ਦਬਾਅ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਮੁਲਜ਼ਮ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧ ਵਿਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ
ਅਸ਼ੋਕਾ ਗਾਰਡਨ ਥਾਣੇ ਦੇ ਇੰਚਾਰਜ ਇੰਸਪੈਕਟਰ ਆਲੋਕ ਸ੍ਰੀਵਾਸਤਵ ਨੇ ਦੱਸਿਆ ਕਿ ਇਹ ਘਟਨਾ 17 ਸਤੰਬਰ ਨੂੰ ਗੋਵਿੰਦਪੁਰਾ ਇਲਾਕੇ ਵਿਚ ਸਥਿਤ ਉਦਯੋਗਿਕ ਸਿਖਲਾਈ ਸੰਸਥਾ ਵਿਚ ਵਾਪਰੀ। ਪਿਪਲਾਨੀ ਇਲਾਕੇ ਦੇ ਰਹਿਣ ਵਾਲਾ ਇਕ ਵਿਦਿਆਰਥਣ ਦੀ ਸ਼ਿਕਾਇਤ 'ਤੇ ਸੰਸਥਾ ਦੇ ਤਿੰਨ ਵਿਦਿਆਰਥੀਆਂ ਰਾਹੁਲ ਯਾਦਵ, ਖੁਸ਼ਬੂ ਠਾਕੁਰ ਅਤੇ ਅਯਾਨ ਦੇ ਖਿਲਾਫ ਆਈਪੀਸੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਖੁਸ਼ਬੂ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਦੋ ਭਗੌੜੇ ਵਿਦਿਆਰਥੀ ਫਰਾਰ ਹਨ।
ਪਿਪਲਾਨੀ ਥਾਣੇ ਦੇ ਇੰਚਾਰਜ ਅਜੇ ਨਾਇਰ ਨੇ ਦੱਸਿਆ ਕਿ ਵਿਦਿਆਰਥਣ ਨੇ ਸ਼ਿਕਾਇਤ 'ਚ ਦੱਸਿਆ ਸੀ ਕਿ ਵਿਸ਼ਵਕਰਮਾ ਜਯੰਤੀ 'ਤੇ ਸੰਸਥਾ 'ਚ ਪ੍ਰੋਗਰਾਮ ਸੀ। ਉਸ ਨੇ ਦੱਸਿਆ ਕਿ ਪ੍ਰੋਗਰਾਮ ਤੋਂ ਬਾਅਦ ਉਹ ਕੱਪੜੇ ਬਦਲਣ ਲਈ ਕਾਲਜ ਦੇ ਬਾਥਰੂਮ ਪਹੁੰਚੀ ਅਤੇ ਇਸ ਦੌਰਾਨ ਤਿੰਨ ਵਿਦਿਆਰਥੀਆਂ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ।
ਉਹਨਾਂ ਦੱਸਿਆ ਕਿ ਬਾਅਦ ਵਿਚ ਮੁਲਜ਼ਮ ਵਿਦਿਆਰਥੀਆਂ ਨੇ ਪੀੜਤ ਵਿਦਿਆਰਥਣ ਦੇ ਦੋਸਤ ਨੂੰ ਵੀਡੀਓ ਦਿਖਾਈ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਪੀੜਤ ਤੋਂ ਸੱਤ ਹਜ਼ਾਰ ਰੁਪਏ ਨਾ ਲਏ ਤਾਂ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਦੋਂ ਵਿਦਿਆਰਥਣ ਨੂੰ ਪਤਾ ਲੱਗਿਆ ਤਾਂ ਉਹ ਘਰੋਂ ਚਲੀ ਗਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਲੜਕੀ ਦੇ ਘਰੋਂ ਲਾਪਤਾ ਹੋਣ ਦਾ ਪਤਾ ਲੱਗਿਆ ਤਾਂ ਉਹ ਪਿਪਲਾਨੀ ਥਾਣੇ ਪਹੁੰਚੇ ਅਤੇ ਘਟਨਾ ਬਾਰੇ ਦੱਸਿਆ। ਬਾਅਦ 'ਚ ਪੁਲਿਸ ਨੇ ਲੜਕੀ ਨੂੰ ਭੋਪਾਲ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ।