
ਕਸਟਮ ਅਧਿਕਾਰੀਆਂ ਵੱਲੋਂ ਬਾਰੀਕੀ ਨਾਲ ਕੀਤੀ ਜਾਂਚ 'ਚ ਲੱਭਿਆ ਇੱਕ ਕਿੱਲੋ ਸੋਨਾ
ਕੋਜ਼ੀਕੋਡ - ਕੋਜ਼ੀਕੋਡ ਦੇ ਕਾਲੀਕਟ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਨ ਦਾ ਇੱਕ ਵੱਖਰਾ ਹੀ ਤਰੀਕਾ ਸਾਹਮਣੇ ਆਇਆ। ਹਾਲਾਂਕਿ ਕਸਟਮ ਵਿਭਾਗ ਸੋਨੇ ਦੀ ਤਸਕਰੀ ਨੂੰ ਰੋਕਣ ਲਈ ਬਹੁਤ ਕੋਸ਼ਿਸ਼ਾਂ ਕਰਦਾ ਹੈ, ਪਰ ਤਾਜ਼ਾ ਮਾਮਲੇ 'ਚ ਅਧਿਕਾਰੀਆਂ ਸੋਨਾ ਛੁਪਾਉਣ ਦੇ ਇੱਕ ਚਲਾਕੀ ਭਰੇ ਤਰੀਕੇ ਦਾ ਪਤਾ ਲਗਾਇਆ।
ਕਸਟਮ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇੱਕ ਯਾਤਰੀ ਨੇ ਦੁਬਈ ਤੋਂ ਸਾਈਕਲ ਖਰੀਦਿਆ ਅਤੇ ਉਸ ਦੀ ਸੀਟ ਦੇ ਹੇਠਾਂ ਸੋਨਾ ਲੁਕੋ ਲਿਆ। ਦਰਅਸਲ ਸਾਈਕਲ ਦੀ ਸੀਟ ਦੇ ਹੇਠਾਂ ਲਗਾਇਆ ਗਿਆ ਸਪਰਿੰਗ ਇੱਕ ਕਿਲੋ ਸੋਨੇ ਦਾ ਬਣਿਆ ਹੋਇਆ ਸੀ।
ਕਸਮ ਅਧਿਕਾਰੀਆਂ ਨੂੰ ਇਸ ਚਲਾਕੀ ਬਾਰੇ ਪਤਾ ਉਦੋਂ ਲੱਗਿਆ ਜਦੋਂ ਸਾਈਕਲ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਇਸ ਸੰਬੰਧ 'ਚ ਯਾਤਰੀ ਅਬਦੁਲ ਸ਼ਰੀਫ, ਵਾਸੀ ਐਡਾਕੁਲਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਜਾਂਚ ਜਾਰੀ ਹੈ।