
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਗੋਵਰਧਨ ਥਾਣਾ ਖੇਤਰ ਤੋਂ ਦੀ ਹੈ ਇਹ ਦੁਖਦਾਈ ਖਬਰ
ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਗੋਵਰਧਨ ਥਾਣਾ ਖੇਤਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਖੂਹ 'ਚ ਡਿੱਗੇ ਬੱਕਰੀ ਦੇ ਮੇਮਣੇ ਨੂੰ ਬਚਾਉਣ ਲਈ ਖੂਹ 'ਚ ਉੱਤਰੇ ਚਾਚੇ ਅਤੇ ਭਤੀਜੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਗੋਵਰਧਨ ਦੇ ਐੱਸਐੱਚਓ ਨਿਤਿਨ ਕਸਾਨਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਰਮਾਂ (52) ਵਾਸੀ ਮੁਡਸੇਰਸ ਅਤੇ ਉਸ ਦਾ ਭਤੀਜਾ ਧਰਮ ਸਿੰਘ (22) ਜੰਗਲ ਵਿੱਚ ਬੱਕਰੀਆਂ ਚਰਾਉਣ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਮੀਂਹ ਪੈ ਰਿਹਾ ਸੀ ਅਤੇ ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਇੱਕ ਮੇਮਣਾ ਖੂਹ ਵਿੱਚ ਡਿੱਗ ਗਿਆ।
ਕਸਾਣਾ ਨੇ ਦੱਸਿਆ ਕਿ ਧਰਮ ਸਿੰਘ ਮੇਮਣੇ ਨੂੰ ਬਚਾਉਣ ਲਈ ਖੂਹ 'ਚ ਉਤਰਿਆ, ਜਦੋਂ ਉਹ ਵਾਪਸ ਨਾ ਆਇਆ ਤਾਂ ਸਰਮਾਂ ਵੀ ਹੇਠਾਂ ਉਤਰਿਆ ਪਰ ਉਹ ਬਾਹਰ ਨਹੀਂ ਆਇਆ। ਉਹਨਾਂ ਦੱਸਿਆ ਕਿ ਜਦੋਂ ਸੜਕ ਤੋਂ ਲੰਘ ਰਹੇ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਨ੍ਹਾਂ ਪਿੰਡ ਵਾਸੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ।
ਕਸਾਣਾ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਧਰਮ ਸਿੰਘ ਅਤੇ ਸਰਮਾਂ ਨੂੰ ਬਾਹਰ ਕੱਢ ਕੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੈਡੀਕਲ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਸਰਮਾਂ ਦੇ ਭਰਾ ਝਾਂਨੋ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਦੋਵੇਂ ਬੱਕਰੀਆਂ ਚਰਾਉਣ ਲਈ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਇਕ ਮੇਮਣਾ ਖੂਹ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ, ਸੰਭਵ ਤੌਰ 'ਤੇ ਮੇਮਣੇ ਨੂੰ ਕੱਢਣ ਸਮੇਂ ਉਹ ਖੂਹ 'ਚ ਉਤਰੇ।