
ਭਾਜਪਾ ਦੇ ਲੀਲਾਰਾਮ ਨੇ 567 ਵੋਟਾਂ ਤੋਂ ਹਰਾਇਆ
ਚੰਡੀਗੜ੍ਹ : ਕਾਂਗਰਸ ਦੇ ਕੌਮੀ ਬੁਲਾਰੇ ਅਤੇ ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਵਿਧਾਨ ਸਭਾ ਚੋਣ ਹਾਰ ਗਏ ਹਨ। ਸੁਰਜੇਵਾਲਾ ਨੂੰ ਭਾਜਪਾ ਦੇ ਲੀਲਾਰਾਮ ਨੇ 567 ਵੋਟਾਂ ਤੋਂ ਹਰਾਇਆ। ਸੁਰਜੇਵਾਲਾ ਕਾਂਗਰਸ ਦੀ ਟਿਕਟ ਤੋਂ ਕੈਥਲ ਸੀਟ ਤੋਂ ਚੋਣ ਮੈਦਾਨ 'ਚ ਸਨ। ਨਤੀਜੇ ਆਉਣ ਤੋਂ ਬਾਅਦ ਸੁਰਜੇਵਾਲਾ ਨੇ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕੀਤੀ।
Randeep Singh Surjewala
ਜ਼ਿਕਰਯੋਗ ਹੈ ਕਿ ਸੁਰਜੇਵਾਲਾ ਪਿਛਲੇ ਦਿਨੀਂ ਜੀਂਦ ਸੀਟ 'ਤੇ ਹੋਈਆਂ ਜਿਮਨੀ ਚੋਣਾਂ 'ਚ ਵੀ ਹਾਰ ਗਏ ਸਨ। ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਹਰਿਆਣਾ ਦੇ ਪਹਿਲੇ ਕੈਬਨਿਟ ਮੰਤਰੀ ਬਣੇ ਸਨ। ਰਣਦੀਪ ਸੁਰਜੇਵਾਲਾ ਦੀ ਗਿਣਤੀ ਕਾਂਗਰਸ ਦੇ ਵੱਡੇ ਚਿਹਰਿਆਂ 'ਚ ਹੁੰਦੀ ਹੈ। ਅਹਿਮ ਮੁੱਦਿਆਂ 'ਤੇ ਬਤੌਰ ਕੌਮੀ ਬੁਲਾਰੇ ਉਹ ਪਾਰਟੀ ਦਾ ਪੱਖ ਰੱਖਦੇ ਹਨ।
Randeep Surjewala
ਸਾਲ 2014 ਦੀਆਂ ਵਿਧਾਨ ਸਭਾ ਚੋਣਾਂ 'ਚ ਸੁਰਜੇਵਾਲਾ ਨੇ ਇਨੈਲੋ ਦੇ ਉਮੀਦਵਾਰ ਨੂੰ 23,675 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ 2009 ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੇ 22,502 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ। ਇਸ ਸਾਲ ਜਨਵਰੀ 'ਚ ਜੀਂਦ ਵਿਚ ਹੋਈਆਂ ਜਿਮਨੀ ਚੋਣਾਂ 'ਚ ਉਹ ਤੀਜੇ ਨੰਬਰ 'ਤੇ ਰਹੇ ਸਨ।