
ਕਿਹਾ, ਅਦਾਲਤਾਂ ਸਮਾਜ ’ਚ ਸਥਿਰ ਅਸਰ ਰੱਖਣ ਦੀ ਸਮਰੱਥਾ ਰਖਦੀਆਂ ਹਨ
ਨਵੀਂ ਦਿੱਲੀ: ਭਾਰਤ ਦੇ ਚੀਫ਼ ਜਸਟਿਸ (ਸੀ.ਜੇ.ਆਈ.) ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਭਾਵੇਂ ਜੱਜ ਲੋਕਾਂ ਵਲੋਂ ਚੁਣੇ ਹੋਏ ਨਹੀਂ ਹੁੰਦੇ, ਪਰ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਨਿਆਂਪਾਲਿਕਾ ਕੋਲ ਤਕਨਾਲੋਜੀ ਕਾਰਨ ਤੇਜ਼ੀ ਨਾਲ ਬਦਲ ਰਹੇ ਸਮਾਜ ਦੇ ਵਿਕਾਸ ’ਚ ‘ਅਸਰ ਨੂੰ ਸਥਿਰ’ ਕਰਨ ਦੀ ਸਮਰੱਥਾ ਹੁੰਦੀ ਹੈ।
ਉਹ ਆਮ ਤੌਰ ’ਤੇ ਕੀਤੀ ਜਾਣ ਵਾਲੀ ਉਸ ਆਲੋਚਨਾ ਦਾ ਜਵਾਬ ਦੇ ਰਹੇ ਸਨ ਕਿ ਚੁਣੇ ਗਏ ਜੱਜਾਂ ਨੂੰ ਕਾਰਜਪਾਲਿਕਾ ਦੇ ਖੇਤਰ ’ਚ ਦਖਲ ਨਹੀਂ ਦੇਣਾ ਚਾਹੀਦਾ। ਜਸਟਿਸ ਚੰਦਰਚੂੜ ਨੇ ਇਹ ਗੱਲ ਜਾਰਜਟਾਊਨ ਯੂਨੀਵਰਸਿਟੀ ਲਾਅ ਸੈਂਟਰ, ਵਾਸ਼ਿੰਗਟਨ ਅਤੇ ਸੋਸਾਇਟੀ ਫਾਰ ਡੈਮੋਕਰੇਟਿਕ ਰਾਈਟਸ (ਐਸ.ਡੀ.ਆਰ.), ਨਵੀਂ ਦਿੱਲੀ ਵਲੋਂ ਕਰਵਾਈ ਤੀਜੀ ਤੁਲਨਾਤਮਕ ਸੰਵਿਧਾਨਕ ਕਾਨੂੰਨ ਚਰਚਾ ’ਚ ਕਹੀ। ਚਰਚਾ ਦਾ ਵਿਸ਼ਾ ‘ਭਾਰਤ ਅਤੇ ਅਮਰੀਕਾ ਦੀਆਂ ਸੁਪਰੀਮ ਕੋਰਟਾਂ ਦੇ ਨਜ਼ਰੀਏ ਤੋਂ’ ਸੀ।
ਚੀਫ਼ ਜਸਟਿਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਜੱਜਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ, ਭਾਵੇਂ ਅਸੀਂ ਲੋਕਾਂ ਵਲੋਂ ਚੁਣੇ ਹੋਏ ਨਾ ਵੀ ਹੋਈਏ। ਅਸੀਂ ਹਰ ਪੰਜ ਸਾਲ ਬਾਅਦ ਲੋਕਾਂ ਕੋਲ ਵੋਟਾਂ ਮੰਗਣ ਨਹੀਂ ਜਾਂਦੇ। ਪਰ ਇਸ ਦਾ ਇਕ ਕਾਰਨ ਹੈ… ਮੇਰਾ ਮੰਨਣਾ ਹੈ ਕਿ ਇਸ ਅਰਥ ’ਚ ਨਿਆਂਪਾਲਿਕਾ ਸਾਡੇ ਸਮਾਜ ਦੇ ਵਿਕਾਸ ’ਚ ਇਕ ਸਥਿਰ ਅਸਰ ਹੈ, ਖਾਸ ਕਰ ਕੇ ਸਾਡੇ ਸਮੇਂ ’ਚ ਜਿੱਥੇ ਇਹ ਤਕਨਾਲੋਜੀ ਨਾਲ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ।’’
ਜੱਜ ਉਹ ਆਵਾਜ਼ ਹਨ ਜੋ ‘ਸਮੇਂ ਦੀਆਂ ਅਸਥਿਰਤਾਵਾਂ’ ਤੋਂ ਪਰੇ ਹਨ ਅਤੇ ਅਦਾਲਤਾਂ ਸਮਾਜ ’ਚ ਸਥਿਰ ਅਸਰ ਰੱਖਣ ਦੀ ਸਮਰੱਥਾ ਰਖਦੀਆਂ ਹਨ।
ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਭਾਰਤ ਵਰਗੇ ਵੰਨ-ਸੁਵੰਨੇ ਸਮਾਜ ਦੇ ਸੰਦਰਭ ’ਚ, ਸਾਡੀਆਂ ਸਭਿਅਤਾਵਾਂ, ਸਾਡੇ ਸਭਿਆਚਾਰਾਂ ਦੀ ਸਮੁੱਚੀ ਸਥਿਰਤਾ ’ਚ ਸਾਡੀ ਭੂਮਿਕਾ ਹੈ।’’
ਸੀ.ਜੇ.ਆਈ. ਨੇ ਕਿਹਾ ਕਿ ਅਦਾਲਤਾਂ ਸਿਵਲ ਸੋਸਾਇਟੀ ਅਤੇ ਸਮਾਜਕ ਬਦਲਾਅ ਲਈ ਕਨਵਰਜੇਸ਼ਨ ਦਾ ਕੇਂਦਰ ਬਿੰਦੂ ਬਣ ਗਈਆਂ ਹਨ। ਉਨ੍ਹਾਂ ਕਿਹਾ, ‘‘ਇਸ ਲਈ, ਲੋਕ ਸਿਰਫ ਨਤੀਜਿਆਂ ਲਈ ਅਦਾਲਤਾਂ ਤਕ ਨਹੀਂ ਪਹੁੰਚਦੇ। ਇਸ ਨੂੰ ਸਪੱਸ਼ਟ ਤੌਰ ’ਤੇ ਕਹੀਏ ਤਾਂ ਲੋਕ ਸੰਵਿਧਾਨਕ ਤਬਦੀਲੀ ਦੀ ਪ੍ਰਕਿਰਿਆ ਵਿਚ ਅਪਣੀ ਆਵਾਜ਼ ਬੁਲੰਦ ਕਰਨ ਲਈ ਅਦਾਲਤਾਂ ਤਕ ਵੀ ਪਹੁੰਚਦੇ ਹਨ…।’’
ਉਨ੍ਹਾਂ ਕਿਹਾ ਕਿ ਇਹ ਇਕ ਔਖਾ ਸਵਾਲ ਹੈ ਅਤੇ ਲੋਕ ਅਦਾਲਤਾਂ ’ਚ ਆਉਣ ਦੇ ਕਈ ਕਾਰਨ ਹਨ। ਸੀ.ਜੇ.ਆਈ. ਨੇ ਕਿਹਾ, ‘‘ਇਹ ਅਦਾਲਤਾਂ ਲਈ ਬਹੁਤ ਮਹੱਤਵਪੂਰਨ ਹੈ... ਕਿਉਂਕਿ ਅਸੀਂ ਸ਼ਾਸਨ ਦੀਆਂ ਕਈ ਸੰਸਥਾਵਾਂ ਹਾਂ... ਬਿਨਾਂ ਸ਼ੱਕ, ਸ਼ਕਤੀਆਂ ਦੀ ਵੰਡ ਦਾ ਸਿਧਾਂਤ ਮੌਜੂਦ ਹੈ ਅਸੀਂ ਵਿਧਾਨਇਕਾ ਦੀ ਭੂਮਿਕਾ ਅਪਣੇ ਹੱਥਾਂ ’ਚ ਨਹੀਂ ਲੈਂਦੇ ਅਤੇ ਨਾ ਹੀ ਕਾਰਜਪਾਲਿਕਾ ਦੀ ਭੂਮਿਕਾ ਨਿਭਾਉਂਦੇ ਹਾਂ।’’ ਉਨ੍ਹਾਂ ਕਿਹਾ ਕਿ ਅਦਾਲਤਾਂ ਅਜਿਹੀ ਥਾਂ ਬਣ ਰਹੀਆਂ ਹਨ ਜਿੱਥੇ ਲੋਕ ਇਹ ਪ੍ਰਗਟ ਕਰਨ ਲਈ ਆਉਂਦੇ ਹਨ ਕਿ ਉਹ ਸਮਾਜ ਲਈ ਕੀ ਪ੍ਰਾਪਤ ਕਰਨਾ ਚਾਹੁੰਦੇ ਹਨ।