
ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਕੋਵਿਡ-19 ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਲਈ ਸਰਕਾਰ 'ਤੇ ਦਬਾਅ ਬਣਾਏਗੀ।
ਨਵੀਂ ਦਿੱਲੀ: ਕਾਂਗਰਸ ਆਗੂ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਕੋਵਿਡ-19 ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਲਈ ਸਰਕਾਰ 'ਤੇ ਦਬਾਅ ਬਣਾਏਗੀ। ਉਹਨਾਂ ਨੇ ਇਕ ਵੀਡੀਓ ਟਵੀਟ ਵਿਚ ਕਿਹਾ, "ਕੋਵਿਡ-19 ਕਾਰਨ ਗੁਜਰਾਤ ਅਤੇ ਭਾਰਤ ਵਿਚ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਂਗਰਸ ਚਾਹੁੰਦੀ ਹੈ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਕਾਂਗਰਸ ਇਸ ਲਈ ਸਰਕਾਰ 'ਤੇ ਦਬਾਅ ਬਣਾਏਗੀ”।
Rahul Gandhi
ਰਾਹੁਲ ਗਾਂਧੀ ਨੇ ਕਿਹਾ, "ਕੋਰੋਨਾ ਕਾਲ ਦੌਰਾਨ ਵੱਡੇ ਉਦਯੋਗਪਤੀਆਂ ਦੇ ਲੱਖਾਂ ਰੁਪਏ ਦੇ ਟੈਕਸ ਮਾਫ ਕੀਤੇ ਗਏ, ਪੂਰਾ ਭਾਰਤ ਚੁਣੇ ਹੋਏ ਦੋ-ਤਿੰਨ ਉਦਯੋਗਪਤੀਆਂ ਨੂੰ ਦਿੱਤਾ ਜਾ ਰਿਹਾ ਹੈ ਪਰ ਭਾਰਤ ਦੇ ਗਰੀਬ ਲੋਕਾਂ ਨੂੰ ਕੋਵਿਡ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ।" ਟਵਿਟਰ 'ਤੇ ਜਾਰੀ ਵੀਡੀਓ 'ਚ ਰਾਹੁਲ ਗਾਂਧੀ ਨੇ ਗੁਜਰਾਤ 'ਚ ਕੋਰੋਨਾ ਮਹਾਂਮਾਰੀ ਕਾਰਨ ਜਾਨ ਗੁਆਉਣ ਵਾਲੇ ਕੁਝ ਪਰਿਵਾਰਾਂ ਦਾ ਪੱਖ ਪੂਰਦਿਆਂ ਦਾਅਵਾ ਕੀਤਾ ਕਿ ਉੱਥੇ ਕਰੀਬ ਤਿੰਨ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਭਾਜਪਾ ਦੇ ਗੁਜਰਾਤ ਮਾਡਲ 'ਤੇ ਵੀ ਸਵਾਲ ਚੁੱਕੇ।
Covid 19
ਉਹਨਾਂ ਕਿਹਾ, "ਜਿਨ੍ਹਾਂ ਪਰਿਵਾਰਾਂ ਨਾਲ ਅਸੀਂ ਗੱਲ ਕੀਤੀ, ਉਹਨਾਂ ਸਾਰੇ ਪਰਿਵਾਰਾਂ ਨੇ ਕਿਹਾ ਕਿ ਉਹਨਾਂ ਨੂੰ ਨਾ ਤਾਂ ਹਸਪਤਾਲ ਦੇ ਬੈੱਡ ਮਿਲੇ, ਨਾ ਆਕਸੀਜਨ ਅਤੇ ਨਾ ਹੀ ਵੈਂਟੀਲੇਟਰ ਮਿਲੇ। ਕੋਰੋਨਾ ਮਹਾਮਾਰੀ ਦੌਰਾਨ ਉਹਨਾਂ ਨੂੰ ਹਸਪਤਾਲ ਵਿਚ ਦਾਖ਼ਲਾ ਨਹੀਂ ਮਿਲਿਆ। ਆਕਸੀਜਨ ਨਹੀਂ ਸੀ, ਵੈਂਟੀਲੇਟਰ ਉਪਲਬਧ ਨਹੀਂ ਸਨ।" ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਿਹੋ ਜਿਹੀ ਸਰਕਾਰ ਹੈ? ਗੁਜਰਾਤ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ ਕਾਰਨ 10 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਘਰ-ਘਰ ਭੇਜਿਆ ਅਤੇ ਇਹ ਗੁਜਰਾਤ ਦਾ ਸੱਚ ਹੈ। ਕੋਵਿਡ ਕਾਰਨ ਤਿੰਨ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।
Rahul Gandhi
ਪੀਐਮ ਮੋਦੀ 'ਤੇ ਹਮਲਾ ਬੋਲਦਿਆਂ ਉਹਨਾਂ ਕਿਹਾ, "ਪ੍ਰਧਾਨ ਮੰਤਰੀ ਕੋਲ ਹਵਾਈ ਜਹਾਜ਼ ਖਰੀਦਣ ਲਈ 8,500 ਕਰੋੜ ਰੁਪਏ ਹਨ ਪਰ ਗੁਜਰਾਤ ਵਿਚ ਕੋਵਿਡ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਸਰਕਾਰ ਕੋਲ ਪੈਸੇ ਨਹੀਂ ਹਨ।" ਇਸ ਦੇ ਨਾਲ ਹੀ ਉਹਨਾਂ ਕਾਂਗਰਸ ਪਾਰਟੀ ਦੀਆਂ ਦੋ ਮੰਗਾਂ ਦੱਸੀਆਂ। ਉਹਨਾਂ ਕਿਹਾ, "ਕਾਂਗਰਸ ਪਾਰਟੀ ਦੀਆਂ ਦੋ ਮੰਗਾਂ ਹਨ- ਕੋਵਿਡ ਨਾਲ ਮਰਨ ਵਾਲਿਆਂ ਦੇ ਸਹੀ ਅੰਕੜੇ ਦੱਸੇ ਜਾਣ। ਮਹਾਂਮਾਰੀ ਦੌਰਾਨ ਅਪਣਿਆਂ ਨੂੰ ਖੋਹ ਚੁੱਕੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦਿੱਤੇ ਜਾਣ। ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਦੇਣੇ ਪੈਣਗੇ। ਅਸੀਂ ਸਰਕਾਰ 'ਤੇ ਪੂਰਾ ਦਬਾਅ ਪਾ ਕੇ ਇਹ ਕੰਮ ਕਰਾਵਾਂਗੇ।"