
4 ਮਹਿਲਾ ਡਿਪਲੋਮੈਟਸ ਨੇ ਛੱਡੀਆਂ ਬੁਲੇਟ ਪਰੂਫ਼ ਗੱਡੀਆਂ ਤੇ ਖ਼ਰੀਦੇ ਆਪੋ ਆਪਣੇ ਆਟੋ
ਬੁਲੇਟ ਪਰੂਫ਼ ਗੱਡੀਆਂ ਦਾ ਨਹੀਂ ਆਟੋ ਦਾ ਹੈ ਕ੍ਰੇਜ਼
ਸਾਨੂੰ ਆਟੋ ਚਲਾਉਂਦਿਆਂ ਦੇਖ ਕੇ ਹੋਰ ਮਹਿਲਾਵਾਂ ਵੀ ਹੁੰਦੀਆਂ ਹਨ ਪ੍ਰੇਰਿਤ : ਰਾਜਦੂਤ ਰੂਥ ਹੋਲਮਬਰਗ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਸਥਿਤ ਅਮਰੀਕੀ ਦੂਤਾਵਾਸ ਦੀਆਂ 4 ਮਹਿਲਾ ਅਧਿਕਾਰੀ ਆਟੋ ਚਲਾ ਕੇ ਦਫ਼ਤਰ ਜਾਂਦੀਆਂ ਹਨ। ਖਾਸ ਗੱਲ ਇਹ ਹੈ ਕਿ ਉਨਾਂ ਇਹ ਆਟੋ ਆਪਣੇ ਨਿੱਜੀ ਵਾਹਨ ਵਾਂਗ ਰੱਖੇ ਨੇ। ਐਨ ਐਲ ਮੇਸਨ, ਰੂਥ ਹੋਲਮਬਰਗ, ਸ਼ੈਰੀਨ ਜੇ ਕਿਟਰਮੈਨ ਅਤੇ ਜੈਨੀਫਰ ਬਾਈਵਾਟਰਸ ਦਾ ਕਹਿਣਾ ਹੈ ਕਿ ਆਟੋ ਚਲਾਉਣਾ ਨਾ ਸਿਰਫ਼ ਮਜ਼ੇਦਾਰ ਹੈ, ਬਲਕਿ ਇਹ ਇੱਕ ਉਦਾਹਰਣ ਹੈ ਕਿ ਅਮਰੀਕੀ ਅਧਿਕਾਰੀ ਆਮ ਲੋਕਾਂ ਵਾਂਗ ਹੀ ਹਨ। ਜਿਸ ਕਾਰਨ ਉਹ ਸਰਕਾਰ ਤੋਂ ਮਿਲੇ ਬੁਲੇਟ ਪਰੂਫ ਵਾਹਨਾਂ ਨੂੰ ਛੱਡ ਕੇ ਆਟੋ ਰਾਹੀਂ ਦਫਤਰ ਜਾਂਦੇ ਹਨ।
ਡਿਪਲੋਮੈਟ ਐਨਐਲ ਮੇਸਨ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਕਲੱਚ ਵਾਲਾ ਵਾਹਨ ਨਹੀਂ ਚਲਾਇਆ ਸੀ, ਪਰ ਭਾਰਤ ਆਉਣਾ ਅਤੇ ਆਟੋ ਚਲਾਉਣਾ ਇੱਕ ਨਵਾਂ ਅਨੁਭਵ ਸੀ। ਜਦੋਂ ਮੈਂ ਪਾਕਿਸਤਾਨ ਵਿੱਚ ਸੀ, ਮੈਂ ਇੱਕ ਵੱਡੀ ਅਤੇ ਆਲੀਸ਼ਾਨ ਬੁਲੇਟਪਰੂਫ ਕਾਰ ਵਿੱਚ ਸਫ਼ਰ ਕਰਦੀ ਸੀ ਤੇ ਉਸੇ 'ਤੇ ਦਫ਼ਤਰ ਜਾਂਦੀ ਸੀ, ਪਰ ਜਦੋਂ ਮੈਂ ਬਾਹਰ ਆਟੋ ਦੇਖਦੀ ਸੀ, ਤਾਂ ਮੈਨੂੰ ਲੱਗਦਾ ਸੀ ਕਿ ਮੈਂ ਘੱਟੋ-ਘੱਟ ਇੱਕ ਵਾਰ ਤਾਂ ਆਟੋ ਚਲਾਉਣਾ ਹੀ ਹੈ। ਇਸੇ ਲਈ ਭਾਰਤ ਆਉਂਦੇ ਹੀ ਉਸ ਨੇ ਆਟੋ ਖਰੀਦ ਲਿਆ। ਰੂਥ, ਸ਼ਰੀਨ ਅਤੇ ਜੈਨੀਫਰ ਨੇ ਵੀ ਮੇਸਨ ਦੇ ਕਦਮਾਂ ‘ਤੇ ਚੱਲਦਿਆ ਆਟੋ ਖਰੀਦੇ।
ਭਾਰਤੀ-ਅਮਰੀਕੀ ਡਿਪਲੋਮੈਟ ਸ਼ਰੀਨ ਜੇ ਕਿਟਰਮੈਨ ਇੱਕ ਗੁਲਾਬੀ ਆਟੋ ਦੀ ਮਾਲਕਣ ਹੈ। ਉਨ੍ਹਾਂ ਦੇ ਆਟੋ ਦੇ ਰੀਅਰ ਵਿਊ ਸ਼ੀਸ਼ੇ 'ਤੇ ਅਮਰੀਕਾ ਅਤੇ ਭਾਰਤ ਦਾ ਝੰਡਾ ਲੱਗਿਆ ਹੋਇਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਜਨਮ ਕਰਨਾਟਕ ਵਿੱਚ ਹੋਇਆ ਸੀ। ਬਾਅਦ ਵਿੱਚ ਉਹ ਅਮਰੀਕਾ ਵਿੱਚ ਸੈਟਲ ਹੋ ਗਈ। ਉਸ ਕੋਲ ਅਮਰੀਕਾ ਦੀ ਨਾਗਰਿਕਤਾ ਹੈ। ਉਨ੍ਹਾਂ ਕਿਹਾ ਉਨਾਂ ਨੂੰ ਮੈਕਸੀਕਨ ਰਾਜਦੂਤ ਮੇਲਬਾ ਪ੍ਰਿਆ ਤੋਂ ਪ੍ਰੇਰਨਾ ਮਿਲੀ। ਉਸ ਕੋਲ 10 ਸਾਲ ਪਹਿਲਾਂ ਚਿੱਟੇ ਰੰਗ ਦਾ ਆਟੋ ਸੀ ਅਤੇ ਉਸ ਦਾ ਇੱਕ ਡਰਾਈਵਰ ਵੀ ਸੀ। ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਮੈਂ ਭਾਰਤ ਆਈ ਤਾਂ ਦੇਖਿਆ ਕਿ ਮੇਸਨ ਕੋਲ ਆਟੋ ਹੈ। ਇਸ ਲਈ ਉਨਾਂ ਵੀ ਇੱਕ ਆਟੋ ਖਰੀਦਿਆ।
ਰਾਜਦੂਤ ਰੂਥ ਹੋਲਮਬਰਗ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਟੋ ਚਲਾਉਣਾ ਬਹੁਤ ਹੀ ਜ਼ਿਆਦਾ ਪਸੰਦ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਨਿੱਕੇ ਮੋਟੇ ਕੰਮ ਜਿਵੇਂ ਕਿ ਬਾਜ਼ਾਰ ਆਦਿ ਵੀ ਇਸ ਆਟੋ 'ਤੇ ਹੀ ਜਾਂਦੇ ਹਨ ਅਤੇ ਉਥੇ ਲੋਕਾਂ ਨੂੰ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਮੈਨੂੰ ਆਟੋ ਵਿਚ ਦੇਖ ਕੇ ਮਹਿਲਾਵਾਂ ਬਹੁਤ ਪ੍ਰੇਰਿਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੇਰੇ ਲਈ ਡਿਪਲੋਮੇਸੀ ਦਾ ਮਤਲਬ ਜ਼ਿਆਦਾ ਵੱਡਾ ਨਹੀਂ ਹੈ ਸਗੋਂ ਇਸ ਦਾ ਅਸਲ ਮਤਲਬ ਲੋਕਾਂ ਨੂੰ ਮਿਲਣਾ, ਉਨ੍ਹਾਂ ਦੀ ਸਮੱਸਿਆਵਾਂ ਜਾਨਣਾ ਅਤੇ ਉਨ੍ਹਾਂ ਨਾਲ ਰਿਸ਼ਤੇ ਬਣਾਉਣਾ ਹੈ।
ਡਿਪਲੋਮੈਟ ਐਨਐਲ ਮੇਸਨ ਨੇ ਦੱਸਿਆ ਕਿ ਮੈਨੂੰ ਆਪਣੀ ਮਾਂ ਤੋਂ ਪ੍ਰੇਰਨਾ ਮਿਲੀ ਹੈ। ਉਹ ਹਮੇਸ਼ਾ ਕੁਝ ਨਵਾਂ ਕਰਦੇ ਰਹਿੰਦੇ ਸਨ ਅਤੇ ਮੈਨੂੰ ਵੀ ਹਮੇਸ਼ਾ ਕੁਝ ਨਵਾਂ ਕਰਨ ਦੀ ਪ੍ਰੇਰਨਾ ਦਿਤੀ ਹੈ। ਉਨ੍ਹਾਂ ਦੱਸਿਆ ਕਿ ਮੇਰੀ ਬੇਟੀ ਵੀ ਆਟੋ ਚਲਾਉਣਾ ਸਿੱਖ ਰਹੀ ਹੈ। ਮੈਂ ਆਟੋ ਨੂੰ ਨਿੱਜੀ ਵਾਹਨ ਦੇ ਰੂਪ ਵਿਚ ਵਰਤਦੀ ਹਾਂ। ਇਸ ਆਟੋ ਵਿੱਚ ਬਲੂਟੁੱਥ ਡਿਵਾਈਸ ਹੈ ਅਤੇ ਟਾਈਗਰ ਪ੍ਰਿੰਟ ਦੇ ਪਰਦੇ ਵੀ ਲਗਾਏ ਹੋਏ ਹਨ।
ਰਾਜਦੂਤ ਐਨੀ ਨੇ ਇੱਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਜਦੋਂ ਉਹ ਇੱਕ ਵਾਰ ਮਾਲ ਵਿੱਚ ਦਾਖਲ ਹੋਣ ਲੱਗੀ ਤਾਂ ਉਸ ਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਇੱਕ ਆਟੋ ਵਿੱਚ ਸਵਾਰ ਹੋ ਕੇ ਆਈ ਸੀ। ਉਹ ਘੰਟਿਆਂ ਤੱਕ ਸੜਕ 'ਤੇ ਇੰਤਜ਼ਾਰ ਕਰਦੀ ਰਹੀ, ਫਿਰ ਇੱਕ ਸੁਰੱਖਿਆ ਕਰਮਚਾਰੀ ਨੇ ਆਖਰਕਾਰ ਉਸ ਨੂੰ ਅੰਦਰ ਜਾਣ ਲਈ ਤਿਆਰ ਹੋ ਗਏ। ਤਿੰਨਾਂ ਨੇ ਕਿਹਾ ਕਿ ਯਾਤਰਾ ਕਰਨ ਵਾਲੇ ਅਤੇ ਆਟੋ ਦੀ ਸਵਾਰੀ ਕਰਨ ਵਾਲਿਆਂ ਪ੍ਰਤੀ ਲੋਕਾਂ ਦੀ ਮਾਨਸਿਕਤਾ ਵਿੱਚ ਤਬਦੀਲੀ ਦੀ ਲੋੜ ਹੈ।
ਚਾਹੇ ਇਨ੍ਹਾਂ ਰਾਜਦੂਤਾਂ ਨੇ ਆਪਣੀ ਸਰਕਾਰੀ ਰਿਹਾਇਸ਼ਾਂ ‘ਤੇ ਜਾਣਾ ਹੋਵੇ ਜਾਂ ਫਿਰ ਕਿਤੇ ਵੀ ਇਹ ਹਮੇਸ਼ਾ ਆਪਣੇ ਆਟੋ ਵਿੱਚ ਸਫ਼ਰ ਕਰਦੀਆਂ ਹਨ। ਹਾਲਾਂਕਿ, ਇਨਾਂ ਦੇ ਪਰਿਵਾਰ ਨੂੰ ਪਹਿਲਾਂ-ਪਹਿਲ ਇਸ ਗੱਲ 'ਤੇ ਪੂਰਾ ਯਕੀਨ ਨਹੀਂ ਸੀ ਪਰ ਹੁਣ ਸਭ ਦੇ ਸਾਰੇ ਡਰ ਦੂਰ ਹੋ ਗਏ ਹਨ ਅਤੇ ਇਹ ਆਟੋ ਹੁਣ ਇਨ੍ਹਾਂ ਦੇ ਪਰਿਵਾਰ ਦਾ ਪਸੰਦੀਦਾ ਵਾਹਨ ਹੈ।