
ਮੀਡੀਆ ਨੂੰ ਸਲਾਹ, ਬਚਾਅ ਕਾਰਜਾਂ ਦੀ ਸਮਾਂ ਸੀਮਾ ਦਾ ਅੰਦਾਜ਼ਾ ਨਾ ਲਾਇਆ ਜਾਵੇ
Silkyara tunnel latest news : ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਉਤਰਾਖੰਡ ਵਿਚ ਸਿਲਕਿਆਰਾ ਸੁਰੰਗ ’ਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਮਲਬੇ ਵਿਚੋਂ ‘ਡਰਿਲਿੰਗ’ ਦੇ ਕੰਮ ਵਿਚ ਵੀਰਵਾਰ ਤੋਂ ਕੋਈ ਹੋਰ ਤਰੱਕੀ ਨਹੀਂ ਹੋਈ ਹੈ। ਹਾਲਾਂਕਿ ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜਲਦੀ ਹੀ ਆਗਰ ਮਸ਼ੀਨ ਰਾਹੀਂ ਡਰਿਲਿੰਗ ਸ਼ੁਰੂ ਕਰ ਦਿਤੀ ਜਾਵੇਗੀ।
ਕਈ ਰੁਕਾਵਟਾਂ ਕਾਰਨ ਵੀਰਵਾਰ ਨੂੰ ਡਰਿਲਿੰਗ ਦਾ ਕੰਮ ਬੰਦ ਕਰ ਦਿਤਾ ਗਿਆ ਸੀ, ਪਰ ਜਲਦੀ ਹੀ ਆਗਰ ਮਸ਼ੀਨ ਦੀ ਵਰਤੋਂ ਕਰ ਕੇ ਇਸ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਚਾਅ ਕਾਰਜਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਨ.ਡੀ.ਐਮ.ਏ. ਦੇ ਮੈਂਬਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਈਅਦ ਅਤਾ ਹਸਨੈਨ ਨੇ ਕਿਹਾ ਕਿ ਫਸੇ ਮਜ਼ਦੂਰਾਂ ਨੂੰ ਹਰ ਹਾਲਤ ’ਚ ਬਚਾਇਆ ਜਾਵੇਗਾ ਅਤੇ ਇਸ ਲਈ ਸਾਰੇ ਸਾਧਨ ਵਰਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਵੀਰਵਾਰ ਤੋਂ ਸੁਰੰਗ ’ਚ ਮਲਬੇ ਰਾਹੀਂ ਪਾਈਪਾਂ ਵਿਛਾਉਣ ’ਚ ਕੋਈ ਹੋਰ ਤਰੱਕੀ ਨਹੀਂ ਹੋਈ ਹੈ ਅਤੇ ਫਸੇ ਮਜ਼ਦੂਰਾਂ ਤਕ ਪਹੁੰਚਣ ਲਈ ਕਰੀਬ 15 ਮੀਟਰ ‘ਡਰਿਲਿੰਗ’ ਅਜੇ ਬਾਕੀ ਹੈ। ਬਚਾਅ ਕਾਰਜ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਰੁਕਾਵਟ ਨਾ ਆਵੇ ਤਾਂ ਆਗਰ ਮਸ਼ੀਨ ਨਾਲ ਇਕ ਘੰਟੇ ’ਚ ਕਰੀਬ 4-5 ਮੀਟਰ ਡਰਿਲਿੰਗ ਕੀਤੀ ਜਾ ਸਕਦੀ ਹੈ। ਹਸਨੈਨ ਨੇ ਮੀਡੀਆ ਨੂੰ ਸਲਾਹ ਦਿਤੀ ਕਿ ਬਚਾਅ ਕਾਰਜ ਨੂੰ ਪੂਰਾ ਕਰਨ ਲਈ ਸਮਾਂ ਸੀਮਾ ਬਾਰੇ ਅੰਦਾਜ਼ਾ ਨਾ ਲਗਾਇਆ ਜਾਵੇ ਕਿਉਂਕਿ ਇਸ ਨਾਲ ਗਲਤ ਪ੍ਰਭਾਵ ਪੈਦਾ ਹੋਵੇਗਾ। ਉਨ੍ਹਾਂ ਕਿਹਾ, ‘‘ਇਹ ਇਕ ਮੁਸ਼ਕਲ ਅਤੇ ਚੁਨੌਤੀਪੂਰਨ ਮੁਹਿੰਮ ਹੈ।’’
ਐਨ.ਡੀ.ਐਮ.ਏ. ਮੈਂਬਰ ਨੇ ਇਹ ਵੀ ਕਿਹਾ ਕਿ ਸਾਰੇ ਮਜ਼ਦੂਰ ਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਕੇਂਦਰੀ ਮੰਤਰੀ ਵੀ.ਕੇ. ਸਿੰਘ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲਬਾਤ ਕੀਤੀ ਹੈ। ਵੀਰਵਾਰ ਦੇਰ ਰਾਤ ਸੁਰੰਗ ਦੇ ਮਲਬੇ ਰਾਹੀਂ ਪਾਈਪ ਵਿਛਾਉਣ ਦਾ ਕੰਮ ਰੋਕਣਾ ਪਿਆ ਕਿਉਂਕਿ ਜਿਸ ਪਲੇਟਫਾਰਮ ’ਤੇ ਡਰਿਲਿੰਗ ਮਸ਼ੀਨ ਟਿਕੀ ਹੋਈ ਸੀ, ਉਸ ਵਿਚ ਤਰੇੜਾਂ ਵਿਖਾਈ ਦਿਤੀਆਂ। ਇਸ ਤੋਂ ਬਾਅਦ ਡਰਿਲਿੰਗ ਬੰਦ ਕਰ ਦਿਤੀ ਗਈ।
ਹਸਨੈਨ ਨੇ ਇਹ ਵੀ ਕਿਹਾ ਕਿ ਕੇਂਦਰੀ ਏਜੰਸੀਆਂ ਅਤੇ ਕਈ ਰਾਜ ਸਰਕਾਰਾਂ ਬਚਾਅ ਕਾਰਜਾਂ ’ਚ ਸਰਗਰਮੀ ਨਾਲ ਸ਼ਾਮਲ ਹਨ। ਯਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ ਬਣੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ, ਜਿਸ ਵਿਚ ਕੰਮ ਕਰ ਰਹੇ 41 ਮਜ਼ਦੂਰ ਫਸ ਗਏ ਸਨ।
(For more news apart from Silkyara tunnel latest news, stay tuned to Rozana Spokesman)