
ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 29ਵਾਂ ਦਿਨ ਹੈ।
ਮਜਾਰੀ/ਸਾਹਿਬਾ- ਕੇਂਦਰ ਸਰਕਾਰ ਵਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਧਰਨਾ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 29ਵਾਂ ਦਿਨ ਹੈ। ਇਸ ਵਿਚਕਾਰ ਅੱਜ ਕਿਸਾਨਾਂ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮਜਾਰੀ ਦੇ ਟੋਲ ਪਲਾਜ਼ੇ 'ਤੇ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਅੱਜ ਤੀਜੇ ਦਿਨ 'ਚ ਦਾਖ਼ਲ ਹੋ ਗਈ।
ਇਸ 24 ਘੰਟੇ ਦੀ ਭੁੱਖ ਹੜਤਾਲ 'ਚ ਗੁਰਦੀਪ ਸਿੰਘ ਬਕਾਪੁਰ, ਚੈਂਚਲ ਸਿੰਘ ਸਜਾਵਲਪੁਰ, ਕਰਨੈਲ ਸਿੰਘ ਠਠਿਆਲਾ ਢਾਹਾਂ, ਗੁਰਪ੍ਰੀਤ ਸਿੰਘ ਸਜਾਵਲਪੁਰ, ਪਿਆਰਾ ਸਿੰਘ ਅਟਾਲ ਮਜਾਰਾ ਬੈਠੇ ਹਨ।
ਜਿਕਰਯੋਗ ਹੈ ਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦੇਸ਼ ਦੇ ਕਿਸਾਨ ਠੰਢੀਆਂ ਰਾਤਾਂ ਸੜਕਾਂ 'ਤੇ ਗੁਜ਼ਾਰ ਰਹੇ ਹਨ ਜਿਸ ਦਾ ਕਾਰਨ ਸਿਰਫ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਹੀ ਨਹੀਂ, ਸਗੋਂ ਐਮਐਸਪੀ ਨੂੰ ਵੀ ਜਾਰੀ ਰੱਖਣ ਦੀ ਮੰਗ ਹੈ। ਇਸ ਦਾ ਕਾਰਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਖੁਸ਼ਹਾਲੀ ਦੇ ਅਤੀਤ ਨਾਲ ਸਬੰਧਤ ਹੈ।
ਬੀਤੇ ਦਿਨੀਂ ਵੀ ਜੱਥੇਬੰਦੀਆਂ ਨੇ ਬੁੱਧਵਾਰ ਨੂੰ ਕੇਂਦਰੀ ਖੇਤੀਬਾੜੀ ਕਾਨੂੰਨਾਂ ਬਾਰੇ ਸਰਕਾਰ ਵੱਲੋਂ ਦਿੱਤੇ ਗਏ ਸੋਧ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ। ਇਸ ਫੈਸਲੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਫਿਲਹਾਲ ਕਿਸਾਨ ਸਰਕਾਰ ਨੂੰ ਮਿਲਣਾ ਪਸੰਦ ਨਹੀਂ ਕਰਦੇ। ਇਸ ਦੇ ਨਾਲ ਉਨ੍ਹਾਂ ਨੇ ਫਿਰ ਕਿਸਾਨਾਂ ਨੂੰ ਠੋਸ ਪ੍ਰਸਤਾਵ ਭੇਜਣ ਲਈ ਕਿਹਾ।