
ਪ੍ਰੋਗਰਾਮ ਦੌਰਾਨ ਸਾਰੇ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਮੌਜੂਦ ਰਹਿਣ ਦੇ ਆਦੇਸ਼
ਨਵੀਂ ਦਿੱਲੀ: ਰਾਜਧਾਨੀ ਦੀਆਂ ਸਰਹੱਦਾਂ ‘ਤੇ ਕਰੀਬ ਇਕ ਮਹੀਨੇ ਤੋਂ ਜਾਰੀ ਕਿਸਾਨਾਂ ਦੇ ਸੰਘਰਸ਼ ਦੇ ਚਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਅਟਲ ਬਿਹਾਰੀ ਵਾਜਪੇਈ ਦੀ ਜਯੰਤੀ ਮੌਕੇ ਦੇਸ਼ ਭਰ ਦੇ ਕਰੀਬ 9 ਕਰੋੜ ਕਿਸਾਨਾਂ ਨੂੰ ਵਰਚੂਅਲ ਸੰਬੋਧਨ ਕਰਨਗੇ। ਇਸ ਮੌਕੇ ਸਾਰੇ ਕੇਂਦਰੀ ਮੰਤਰੀਆਂ ਨੂੰ ਮੌਜੂਦ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।
Farmer Protest and PM Modi
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਹਿਰੌਲੀ ਦੀ ਗਊਸ਼ਾਲਾ ‘ਚ ਕਿਸਾਨਾਂ ਨਾਲ ਪੀਐਮ ਮੋਦੀ ਦਾ ਭਾਸ਼ਣ ਸੁਣਨਗੇ ਤੇ ਸੰਵਾਦ ਕਰਨਗੇ। ਦਰਅਸਲ ਭਾਜਪਾ ਨੇ ਪੀਐਮ ਕਿਸਾਨ ਨਿਧੀ ਸਕੀਮ ਦੇ ਰਾਸ਼ੀ ਵੰਡ ਸਮਾਰੋਹ ‘ਤੇ ਪੀਐਮ ਮੋਦੀ ਦੇ ਭਾਸ਼ਣ ਨੂੰ ਦੇਸ਼ ਭਰ ਵਿਚ ਪ੍ਰਸਾਰਿਤ ਕਰਨ ਦੀ ਯੋਜਨਾ ਬਣਾਈ ਹੈ। ਇਸ ਦੇ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੇਸ਼ ਭਰ ਵਿਚ ਭਾਜਪਾ ਵਰਕਰਾਂ ਨੂੰ ਆਦੇਸ਼ ਦੇ ਰਹੇ ਹਨ।
PM Modi
ਪ੍ਰਧਾਨ ਮੰਤਰੀ ਕੱਲ ਦੁਪਹਿਰ 12 ਵਜੇ ਪੀਐਮ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਕਰੀਬ 9 ਕਰੋੜ ਕਿਸਾਨਾਂ ਨੂੰ 18000 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਭਾਜਪਾ ਨੇ ਪੀਐਮ ਮੋਦੀ ਦੇ ਭਾਸ਼ਣ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਹਰ ਤਹਿਸੀਲ ਵਿਚ ਵੱਡੀ ਸਕਰੀਨ ਲਗਾਉਣ ਦੇ ਨਿਰਦੇਸ਼ ਪਾਰਟੀ ਨੁਮਾਇੰਦਿਆਂ ਨੂੰ ਪਹੁੰਚਾ ਦਿੱਤੇ ਹਨ।
Farmer protest
ਪਾਰਟੀ ਅਹੁਦੇਦਾਰਾਂ ਨੂੰ ਭੇਜੇ ਗਏ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਪੀਐਮ ਦੇ ਭਾਸ਼ਣ ਤੋਂ ਇਕ ਘੰਟਾ ਪਹਿਲਾਂ ਹੀ ਸਮਾਰੋਹ ਸ਼ੁਰੂ ਕਰ ਦਿੱਤਾ ਜਾਵੇ। ਇਸ ਦੌਰਾਨ ਕਿਸਾਨਾਂ ਦੀ ਭਲਾਈ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਹੈ।