
8.2 ਕਿਲੋਮੀਟਰ ਦੇ ਰੂਟ ਤੋਂ ਸ਼ੁਰੂ ਹੋ ਕੇ ਪਹੁੰਚੀ 390 ਕਿਲੋਮੀਟਰ ਤੱਕ
ਨਵੀਂ ਦਿੱਲੀ - ਦਿੱਲੀ ਮੈਟਰੋ ਨੇ ਸੰਚਾਲਨ ਦੇ 20 ਸਾਲ ਪੂਰੇ ਕਰ ਲਏ ਹਨ। ਦਸੰਬਰ 2002 ਵਿੱਚ 'ਰੈੱਡ ਲਾਈਨ' ਦੇ ਨਾਲ ਸਿਰਫ਼ 8.2 ਕਿਲੋਮੀਟਰ ਦੇ ਰੂਟ 'ਤੇ ਛੇ ਸਟੇਸ਼ਨਾਂ ਤੱਕ ਸ਼ੁਰੂ ਹੋਈ ਦਿੱਲੀ ਮੈਟਰੋ ਦਾ ਨੈਟਵਰਕ 2022 ਤੱਕ 390 ਕਿਲੋਮੀਟਰ ਤੋਂ ਵੱਧ ਦਾ ਹੋ ਚੁੱਕਿਆ ਹੈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦਾ ਨੈੱਟਵਰਕ ਅੱਜ ਰਾਸ਼ਟਰੀ ਰਾਜਧਾਨੀ ਅਤੇ ਨੇੜਲੇ ਸ਼ਹਿਰਾਂ ਵਿੱਚ ਕਈ ਗਲਿਆਰਿਆਂ ਵਿੱਚ ਫ਼ੈਲਿਆ ਹੋਇਆ ਹੈ।
ਦਿੱਲੀ ਮੈਟਰੋ ਨੇ ਆਪਣੀਆਂ ਵਪਾਰਕ ਸੇਵਾਵਾਂ 25 ਦਸੰਬਰ 2002 ਨੂੰ ਸ਼ੁਰੂ ਕੀਤੀਆਂ ਸੀ। ਇੱਕ ਦਿਨ ਪਹਿਲਾਂ, ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸ਼ਾਹਦਰਾ ਤੋਂ ਤੀਸ ਹਜ਼ਾਰੀ ਤੱਕ ਦਿੱਲੀ ਮੈਟਰੋ ਦੇ 8.2 ਕਿਲੋਮੀਟਰ ਦੇ ਪਹਿਲੇ ਮਾਰਗ ਦਾ ਉਦਘਾਟਨ ਕੀਤਾ ਸੀ।
ਪਹਿਲੀ ਮੈਟਰੋ ਦੇ ਦੋ ਦਹਾਕੇ ਪੂਰੇ ਹੋਣ ਦੇ ਮੌਕੇ 'ਤੇ ਦਿੱਲੀ ਮੈਟਰੋ ਸ਼ਨੀਵਾਰ ਨੂੰ ਇੱਕ ਵਿਸ਼ੇਸ਼ ਟਰੇਨ ਚਲਾਏਗੀ।
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਈ ਇਹ ਇੱਕ ਰੋਮਾਂਚਕ ਮੀਲ ਪੱਥਰ ਹੈ, ਅਤੇ ਇੱਕ ਛੇ ਡੱਬਿਆਂ ਵਾਲੀ ਵਿਸ਼ੇਸ਼ ਰੇਲਗੱਡੀ 'ਰੈੱਡ ਲਾਈਨ' 'ਤੇ, ਅੱਜ ਕਸ਼ਮੀਰੀ ਗੇਟ ਸਟੇਸ਼ਨ ਤੋਂ ਵੈਲਕਮ ਸਟੇਸ਼ਨ ਤੱਕ ਚੱਲੇਗੀ।"
ਮੈਟਰੋ ਦੇ ਸੰਚਾਲਨ ਦੇ 20 ਸਾਲ ਪੂਰੇ ਹੋਣ 'ਤੇ ਵੈਲਕਮ ਸਟੇਸ਼ਨ 'ਤੇ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਸੀ ਕਿ 2002 ਵਿੱਚ ਰੈੱਡ ਲਾਈਨ ਦੇ ਉਦਘਾਟਨ ਤੋਂ ਇੱਕ ਦਿਨ ਬਾਅਦ, ਭੀੜ ਇੰਨੀ 'ਜ਼ਿਆਦਾ' ਸੀ ਕਿ ਅਧਿਕਾਰੀਆਂ ਨੂੰ ਯਾਤਰੀਆਂ ਦੀ ਭੀੜ ਦਾ ਪ੍ਰਬੰਧਨ ਕਰਨ ਲਈ 'ਕਾਗਜ਼ੀ ਟਿਕਟਾਂ' ਜਾਰੀ ਕਰਨੀਆਂ ਪਈਆਂ ਸੀ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦਾ ਨੈੱਟਵਰਕ 286 ਸਟੇਸ਼ਨਾਂ 'ਤੇ ਲਗਭਗ 392 ਕਿਲੋਮੀਟਰ ਦੀ ਦੂਰੀ ਤੱਕ ਫ਼ੈਲਿਆ ਹੋਇਆ ਹੈ।