
Snowfall News: ਮੱਧ ਪ੍ਰਦੇਸ਼-ਰਾਜਸਥਾਨ 'ਚ 3 ਦਿਨਾਂ ਲਈ ਗੜ੍ਹੇਮਾਰੀ ਦਾ ਅਲਰਟ
Snowfall News: ਦੇਸ਼ ਦੇ ਤਿੰਨ ਰਾਜਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਬਰਫ਼ਬਾਰੀ ਜਾਰੀ ਹੈ। ਬਰਫ਼ਬਾਰੀ ਕਾਰਨ ਹਿਮਾਚਲ 'ਚ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ 30 ਸੜਕਾਂ ਬੰਦ ਹੋ ਗਈਆਂ ਹਨ। ਸ਼ਿਮਲਾ 'ਚ ਸੀਜ਼ਨ ਦੀ ਦੂਜੀ ਬਰਫ਼ਬਾਰੀ ਹੋਈ, ਜਿਸ ਨਾਲ ਸੜਕਾਂ 'ਤੇ 3 ਇੰਚ ਬਰਫ਼ ਜੰਮ ਗਈ। ਇਸ ਕਾਰਨ ਸੋਲੰਗਨਾਲਾ ਤੋਂ ਅਟਲ ਸੁਰੰਗ ਰੋਹਤਾਂਗ ਨੂੰ ਪਰਤ ਰਹੇ ਸੈਲਾਨੀਆਂ ਦੇ ਵਾਹਨ ਸੜਕ 'ਤੇ ਤਿਲਕਣ ਲੱਗੇ।
ਦੇਰ ਰਾਤ ਤਕ ਦਖਣੀ ਪੋਰਟਲ ਤੋਂ ਅਟਲ ਸੁਰੰਗ ਦੇ ਉੱਤਰੀ ਪੋਰਟਲ ਤਕ 1000 ਤੋਂ ਵਧ ਵਾਹਨ ਬਰਫ਼ ਵਿਚ ਫਸ ਗਏ। ਪੁਲਿਸ ਨੇ ਵਾਹਨਾਂ ਨੂੰ ਹਟਾਉਣ ਲਈ ਬਚਾਅ ਮੁਹਿੰਮ ਚਲਾਈ। ਉੱਤਰਾਖੰਡ 'ਚ ਵੀ ਗੜ੍ਹਵਾਲ ਹਿਮਾਲਿਆ 'ਚ ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ ਅਤੇ ਹੇਮਕੁੰਟ ਸਾਹਿਬ ਤੇ ਕੁਮਾਉਂ ਦੇ ਮੁਨਸਿਆਰੀ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਕਾਰਨ ਪੂਰੇ ਸੂਬੇ 'ਚ ਠੰਢ ਵਧ ਗਈ ਹੈ।
ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿਚ ਵੀ ਮੀਂਹ ਪਿਆ। ਰਾਜਸਥਾਨ ਦੇ ਗੰਗਾਨਗਰ, ਅਨੂਪਗੜ੍ਹ, ਚੁਰੂ ਅਤੇ ਬੀਕਾਨੇਰ ਵਿਚ 10 ਮਿਲੀਮੀਟਰ ਤਕ ਮੀਂਹ ਪਿਆ।ਰਾਜਸਥਾਨ 'ਚ ਅਗਲੇ 3 ਦਿਨ ਅਤੇ ਮੱਧ ਪ੍ਰਦੇਸ਼ 'ਚ ਅਗਲੇ 4 ਦਿਨਾਂ ਤਕ ਗੜੇਮਾਰੀ ਅਤੇ ਮੀਂਹ ਦਾ ਅਲਰਟ ਹੈ। ਇਸ ਕਾਰਨ ਰਾਜਸਥਾਨ ਸਰਕਾਰ ਨੇ 25 ਦਸੰਬਰ ਤੋਂ 5 ਜਨਵਰੀ ਤਕ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ।