
ਦਿੱਲੀ ਹਾਈ ਕੋਰਟ ਦੇ ਜੱਜ ਨੇ ਆਮਦਨ ਤੋਂ ਵੱਧ ਸੰਪਤੀ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ.......
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਦੇ ਜੱਜ ਨੇ ਆਮਦਨ ਤੋਂ ਵੱਧ ਸੰਪਤੀ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਵਿਰੁਧ ਦੋਸ਼ ਤੈਅ ਕਰਨ ਸਬੰਧੀ ਹੇਠਲੀ ਅਦਾਲਤ ਦੇ ਹੁਕਮ ਵਿਰੁਧ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰ ਲਿਆ।
ਜੱਜ ਮੁਕਤਾ ਗੁਪਤਾ ਨੇ ਕਿਹਾ ਕਿ ਮਾਮਲੇ ਨੂੰ ਸ਼ੁਕਵਾਰ ਨੂੰ ਕਿਸੇ ਹੋਰ ਜੱਜ ਸਾਹਮਣੇ ਸੂਚੀਬੱਧ ਕੀਤਾ ਜਾਵੇਗਾ। ਸੀਬੀਆਈ ਦੁਆਰਾ ਦਰਜ ਮਾਮਲੇ ਵਿਚ ਹੇਠਲੀ ਅਦਾਲਤ ਨੇ 10 ਦਸੰਬਰ 2018 ਨੂੰ ਵੀਰਭਦਰ ਸਿੰਘ, ਉਨ੍ਹਾਂ ਦੀ ਪਤਨੀ ਅਤੇ ਸੱਤ ਹੋਰਾਂ ਵਿਰੁਧ ਦੋਸ਼ ਤੈਅ ਕਰਨ ਦਾ ਹੁਕਮ ਦਿਤਾ ਸੀ।
ਇਸ ਤੋਂ ਬਾਅਦ 82 ਸਾਲਾ ਕਾਂਗਰਸ ਆਗੂ ਅਤੇ ਉਸ ਦੀ ਪਤਨੀ ਨੇ ਬੁਧਵਾਰ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹੇਠਲੀ ਅਦਾਲਤ ਨੇ ਅਗਲੀ ਸੁਣਵਾਈ ਲਈ 29 ਜਨਵਰੀ ਦੀ ਤਰੀਕ ਤੈਅ ਕੀਤੀ ਹੈ। ਇਸ ਦਿਨ ਜੋੜੇ ਅਤੇ ਹੋਰ ਮੁਲਜ਼ਮਾਂ ਵਿਰੁਧ ਦੋਸ਼ ਤੈਅ ਕੀਤੇ ਜਾਣਗੇ। ਵੀਰਭਦਰ ਸਿੰਘ ਨੇ ਪਟੀਸ਼ਨ ਵਿਚ ਦਾਅਵਾ ਕੀਤਾ ਕਿ ਦਸਿਆ ਗਿਆ ਹੈ
ਕਿ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਦਰਜ ਆਮਦਨ ਤੋਂ ਗਿਆਤ ਸ੍ਰੋਤ ਤੋਂ ਜ਼ਿਆਦਾ ਸੰਪਤੀ ਰੱਖਣ ਦਾ ਕਥਿਤ ਅਪਰਾਧ ਹਿਮਾਚਲ ਪ੍ਰਦੇਸ਼ ਵਿਚ ਕੀਤਾ ਗਿਆ ਅਤੇ ਜਾਂਚ ਸ਼ੁਰੂ ਕਰਨ ਲਈ ਰਾਜ ਸਰਕਾਰ ਦੀ ਸਹਿਮਤੀ ਜ਼ਰੂਰੀ ਹੈ। ਸੀਬੀਆਈ ਨੇ ਵੀਰਭਦਰ ਸਿੰਘ ਦੀ ਗ੍ਰਿਫ਼ਤਾਰੀ 'ਤੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਰੋਕ ਲਾਉਣ ਦੇ ਹੁਕਮ ਵਿਰੁਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। (ਏਜੰਸੀ)