ਬਜ਼ੁਰਗ ਐਨ.ਆਰ.ਆਈ. ਜੋੜੇ ਨਾਲ ਕੀਤੀ ਸੀ ਠੱਗੀ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਇਕ ਬਜ਼ੁਰਗ ਐਨ.ਆਰ.ਆਈ. ਜੋੜੇ ਤੋਂ ਡਿਜੀਟਲ ਗ੍ਰਿਫ਼ਤਾਰੀ ਰਾਹੀਂ 14 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਧੋਖਾਧੜੀ ਕਰਨ ਦੇ ਮਾਮਲੇ ’ਚ ਤਿੰਨ ਸੂਬਿਆਂ ’ਚ ਇਕ ਪੁਜਾਰੀ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਪੁਲਿਸ ਨੇ ਕੰਬੋਡੀਆ ਅਤੇ ਨੇਪਾਲ ’ਚ ਸਥਿਤ ਆਪਰੇਟਰਾਂ ਨਾਲ ਸਬੰਧ ਰੱਖਣ ਵਾਲੇ ਇਕ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਵੀ ਕੀਤਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਮੁਲਜ਼ਮਾਂ ਨੂੰ ਗੁਜਰਾਤ, ਉੱਤਰ ਪ੍ਰਦੇਸ਼ ਅਤੇ ਉੜੀਸਾ ਤੋਂ ਇਕ ਬਹੁ-ਰਾਜੀ ਮੁਹਿੰਮ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਕਲ ਕਰਨ ਅਤੇ ਧੋਖਾਧੜੀ ਲਈ ਬਣਾਏ ਬੈਂਕ ਖਾਤਿਆਂ ਰਾਹੀਂ ਪੀੜਤਾਂ ਦੇ ਪੈਸੇ ਦੀ ਚੋਰੀ ਕਰਨ ਵਿਚ ਲੱਗੇ ਸੁਚੇਤ ਤਾਲਮੇਲ ਵਾਲੇ ਨੈਟਵਰਕ ਦਾ ਪਰਦਾਫਾਸ਼ ਕੀਤਾ।
ਇਸ ਘਟਨਾ ਦੇ ਸਬੰਧ ਵਿਚ ਗੁਜਰਾਤ ਦੇ ਵਡੋਦਰਾ ਦੇ ਦਿਵਯਾਂਗ ਪਟੇਲ (30) ਅਤੇ ਕ੍ਰਿਤਿਕ ਸ਼ਿਤੋਲੇ (26), ਓਡੀਸ਼ਾ ਦੇ ਭੁਵਨੇਸ਼ਵਰ ਦੇ ਰਹਿਣ ਵਾਲੇ ਮਹਾਵੀਰ ਸ਼ਰਮਾ ਉਰਫ ਨੀਲ (27), ਗੁਜਰਾਤ ਦੇ ਅੰਕਿਤ ਮਿਸ਼ਰਾ ਉਰਫ ਰੌਬਿਨ, ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਅਰੁਣ ਕੁਮਾਰ ਤਿਵਾੜੀ (45) ਅਤੇ ਪ੍ਰਦਿਊਮਨ ਤਿਵਾੜੀ ਉਰਫ ਐਸਪੀ ਤਿਵਾੜੀ (44) ਅਤੇ ਲਖਨਊ ਦੇ ਭੁਪਿੰਦਰ ਕੁਮਾਰ ਮਿਸ਼ਰਾ (37) ਅਤੇ ਹੁਕਮ ਕੁਮਾਰ ਸਿੰਘ (36) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦਸਿਆ ਕਿ ਪਟੇਲ ਅਤੇ ਸ਼ਿਤੋਲੇ ਨੂੰ 15 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬੀ.ਕਾਮ. ਗ੍ਰੈਜੂਏਟ ਪਟੇਲ ਨੇ ਸੀ.ਏ. (ਇੰਟਰਮੀਡੀਏਟ) ਦਾ ਇਮਤਿਹਾਨ ਪਾਸ ਕੀਤਾ ਹੈ। ਪੁਲਿਸ ਨੇ ਦਸਿਆ ਕਿ ਉਹ ਫਲੋਰੈਸਟਾ ਫਾਊਂਡੇਸ਼ਨ ਨਾਂ ਦੀ ਇਕ ਐਨ.ਜੀ.ਓ. ਚਲਾਉਂਦਾ ਹੈ ਅਤੇ ਅਪਣੀ ਫਰਮ ਤਤਵਾ ਬਿਜ਼ਨੈੱਸ ਐਡਵਾਈਜ਼ਰਜ਼ ਰਾਹੀਂ ਵਿੱਤੀ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ। ਸ਼ਿਤੋਲੇ ਨੇ ਨਿਊਜ਼ੀਲੈਂਡ ਤੋਂ ਸੂਚਨਾ ਤਕਨਾਲੋਜੀ ਵਿਚ ਡਿਪਲੋਮਾ ਕੀਤਾ ਹੈ। ਬਾਕੀ ਗਿ੍ਰਫ਼ਤਾਰ ਕੀਤੇ ਵਿਅਕਤੀ ਵੀ ਕਾਫ਼ੀ ਪੜ੍ਹੇ-ਲਿਖੇ ਹਨ। (ਪੀਟੀਆਈ)
