ਉਨ੍ਹਾਂ ਦੀ ਪਹਿਲੀ ਪੁਸਤਕ ਸਾਕਾ ਨੀਲਾ ਤਾਰਾ ਅਤੇ ਪੰਜਾਬ ਦੀ ਸਮੱਸਿਆ ਉਦੇ ਅਧਾਰਤ ਸੀ ਜਿਸ ਦਾ ਨਾਂ ‘ਅੰਮ੍ਰਿਤਸਰ: ਮਿਸਿਜ਼ ਗਾਂਧੀਜ਼ ਲਾਸਟ ਬੈਟਲ’ (1985) ਸੀ
ਨਵੀਂ ਦਿੱਲੀ : ਉੱਘੇ ਪੱਤਰਕਾਰ ਅਤੇ ਲੇਖਕ ਮਾਰਕ ਤੁਲੀ ਦਾ ਐਤਵਾਰ ਨੂੰ ਦਿੱਲੀ ਦੇ ਇਕ ਨਿੱਜੀ ਹਸਪਤਾਲ ’ਚ ਦਿਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਹਸਪਤਾਲ ਦੇ ਇਕ ਸੂਤਰ ਨੇ ਦਸਿਆ ਕਿ ਕਈ ਪੁਰਸਕਾਰ ਜੇਤੂ ਪੱਤਰਕਾਰ ਕੁੱਝ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੂੰ 21 ਜਨਵਰੀ ਨੂੰ ਨੇਫਰੋਲੋਜੀ ਵਿਭਾਗ ਦੇ ਮੁਖੀ ਦੇ ਅਧੀਨ ਦਖਣੀ ਦਿੱਲੀ ਦੇ ਸਾਕੇਤ ਦੇ ਮੈਕਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਇਕ ਬਿਆਨ ’ਚ, ਹਸਪਤਾਲ ਨੇ ਕਿਹਾ, ‘‘ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਸਾਕੇਤ, 25 ਜਨਵਰੀ, 2026 ਨੂੰ ਦੁਪਹਿਰ 2:35 ਵਜੇ ਵਿਲੀਅਮ ਮਾਰਕ ਤੁਲੀ ਦੇ ਦੇਹਾਂਤ ਦੀ ਡੂੰਘੇ ਦੁੱਖ ਨਾਲ ਪੁਸ਼ਟੀ ਕਰਦਾ ਹੈ। ਮੌਤ ਦਾ ਕਾਰਨ ਦੌਰੇ ਤੋਂ ਬਾਅਦ ਸਰੀਰ ਦੇ ਅੰਗਾਂ ਦਾ ਫੇਲ੍ਹ ਹੋਣਾ ਸੀ। ਸਾਡੇ ਵਿਚਾਰ ਅਤੇ ਦਿਲੀ ਸੰਵੇਦਨਾ ਉਨ੍ਹਾਂ ਦੇ ਪਰਵਾਰ, ਅਜ਼ੀਜ਼ਾਂ ਅਤੇ ਉਨ੍ਹਾਂ ਦੇ ਦੇਹਾਂਤ ਤੋਂ ਪ੍ਰਭਾਵਤ ਸਾਰੇ ਲੋਕਾਂ ਨਾਲ ਹਨ।’’
ਸੀਨੀਅਰ ਪੱਤਰਕਾਰ ਅਤੇ ਤੁਲੀ ਦੇ ਕਰੀਬੀ ਦੋਸਤ ਸਤੀਸ਼ ਜੈਕਬ ਨੇ ਦਸਿਆ, ‘‘ਮਾਰਕ ਦਾ ਅੱਜ ਦੁਪਹਿਰ ਮੈਕਸ ਹਸਪਤਾਲ ਸਾਕੇਤ ਵਿਚ ਦਿਹਾਂਤ ਹੋ ਗਿਆ।’’
24 ਅਕਤੂਬਰ 1935 ਨੂੰ ਕਲਕੱਤਾ (ਹੁਣ ਕੋਲਕਾਤਾ) ਵਿਚ ਜਨਮੇ ਤੁਲੀ 22 ਸਾਲਾਂ ਤਕ ਬੀ.ਬੀ.ਸੀ., ਨਵੀਂ ਦਿੱਲੀ ਲਈ ਬਿਊਰੋ ਦੇ ਮੁਖੀ ਰਹੇ। ਇਕ ਮੰਨੇ-ਪ੍ਰਮੰਨੇ ਲੇਖਕ, ਤੁਲੀ ਬੀ.ਬੀ.ਸੀ. ਰੇਡੀਓ 4 ਦੇ ਪ੍ਰੋਗਰਾਮ ‘ਸਮਥਿੰਗ ਅੰਡਰਸਟੁੱਡ’ ਦੇ ਪੇਸ਼ਕਾਰ ਸਨ। ਉਹ ਭਾਰਤ ਅਤੇ ਬ੍ਰਿਟਿਸ਼ ਰਾਜ ਤੋਂ ਲੈ ਕੇ ਭਾਰਤੀ ਰੇਲਵੇ ਤਕ ਦੇ ਵਿਸ਼ਿਆਂ ਉਤੇ ਕਈ ਦਸਤਾਵੇਜ਼ੀ ਫਿਲਮਾਂ ਦਾ ਵੀ ਹਿੱਸਾ ਸਨ। ਤੁਲੀ ਨੂੰ 2002 ਵਿਚ ਨਾਈਟਹੁੱਡ ਦਾ ਖਿਤਾਬ ਦਿਤਾ ਗਿਆ ਸੀ ਅਤੇ 2005 ਵਿਚ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਪਦਮ ਭੂਸ਼ਣ ਪ੍ਰਾਪਤ ਕੀਤਾ ਸੀ।
ਉਨ੍ਹਾਂ ਨੇ ਭਾਰਤ ਬਾਰੇ ਕਈ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿਚ ‘ਨੋ ਫੁੱਲ ਸਟੌਪਸ ਇਨ ਇੰਡੀਆ’, ‘ਇੰਡੀਆ ਇਨ ਸਲੋ ਮੋਸ਼ਨ’ ਅਤੇ ‘ਦਿ ਹਾਰਟ ਆਫ਼ ਇੰਡੀਆ’ ਸ਼ਾਮਲ ਹਨ। ਬੀ.ਬੀ.ਸੀ. ਨਾਲ ਤੁਲੀ ਦੇ ਕੰਮ ਵਿਚ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਇਤਿਹਾਸ ਦੀਆਂ ਕੁੱਝ ਇਤਿਹਾਸਕ ਘਟਨਾਵਾਂ ਸ਼ਾਮਲ ਹਨ।
ਪ੍ਰਮੁੱਖ ਘਟਨਾਵਾਂ ਵਿਚ 1971 ਦੀ ਬੰਗਲਾਦੇਸ਼ ਜੰਗ ਤੋਂ ਲੈ ਕੇ 1975-77 ਦੀ ਐਮਰਜੈਂਸੀ, 1979 ਵਿਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜ਼ੁਲਫਿਕਾਰ ਅਲੀ ਭੁੱਟੋ ਦੀ ਫਾਂਸੀ, ਆਪਰੇਸ਼ਨ ਬਲੂ ਸਟਾਰ, ਇੰਦਰਾ ਗਾਂਧੀ ਦੀ ਹੱਤਿਆ ਅਤੇ 1984 ਵਿਚ ਸਿੱਖ ਕਤਲੇਆਮ, 1991 ਵਿਚ ਰਾਜੀਵ ਗਾਂਧੀ ਦੀ ਹੱਤਿਆ ਅਤੇ 1992 ਵਿਚ ਬਾਬਰੀ ਮਸਜਿਦ ਨੂੰ ਢਾਹੁਣਾ ਸ਼ਾਮਲ ਸਨ।
ਉਨ੍ਹਾਂ ਦੀ ਪਹਿਲੀ ਪੁਸਤਕ ਸਾਕਾ ਨੀਲਾ ਤਾਰਾ ਅਤੇ ਪੰਜਾਬ ਦੀ ਸਮੱਸਿਆ ਉਦੇ ਅਧਾਰਤ ਸੀ ਜਿਸ ਦਾ ਨਾਂ ‘ਅੰਮ੍ਰਿਤਸਰ: ਮਿਸਿਜ਼ ਗਾਂਧੀਜ਼ ਲਾਸਟ ਬੈਟਲ’ (1985) ਸੀ।
