ਦਿੱਲੀ ਵਿਧਾਨ ਸਭਾ 'ਚ 'ਆਪ' ਵਿਧਾਇਕਾਂ ਨੇ ਮੋਦੀ, ਭਾਜਪਾ, ਆਰ.ਐਸ.ਐਸ. ਤੇ ਅਕਾਲੀਆਂ ਨੂੰ ਲਾਏ ਰਗੜੇ
Published : Aug 13, 2017, 5:49 pm IST
Updated : Mar 25, 2018, 4:32 pm IST
SHARE ARTICLE
AAP leaders
AAP leaders

ਦਿੱਲੀ ਵਿਧਾਨ ਸਭਾ ਵਿਚ 'ਆਪ' ਦੇ ਤਿੰਨੇ ਸਿੱਖ ਵਿਧਾਇਕਾਂ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਮੋਦੀ ਸਰਕਾਰ ਵਲੋਂ ਤਕਰੀਬਨ ਢਾਈ ਸਾਲ ਪਹਿਲਾਂ ਕਾਇਮ ਕੀਤੀ ਗਈ..

 

ਨਵੀਂ ਦਿੱਲੀ, 13 ਅਗੱਸਤ (ਅਮਨਦੀਪ ਸਿੰਘ): ਦਿੱਲੀ ਵਿਧਾਨ ਸਭਾ ਵਿਚ 'ਆਪ' ਦੇ ਤਿੰਨੇ ਸਿੱਖ ਵਿਧਾਇਕਾਂ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਮੋਦੀ ਸਰਕਾਰ ਵਲੋਂ ਤਕਰੀਬਨ ਢਾਈ ਸਾਲ ਪਹਿਲਾਂ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਕਾਰਗੁਜ਼ਾਰੀ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਭਾਜਪਾ, ਉਸ ਦੇ ਭਾਈਵਾਲ ਅਕਾਲੀ ਦਲ ਤੇ ਆਰ.ਐਸ.ਐਸ. ਨੂੰ ਤਿੱਖੇ ਰਗੜੇ ਲਾਏ।
ਤਕਰੀਬਨ ਡੇਢ ਘੰਟੇ ਤਕ ਵਿਧਾਨ ਸਭਾ ਵਿਚ 84 ਕਤਲੇਆਮ ਬਾਰੇ ਚਰਚਾ ਹੋਈ। 'ਆਪ' ਦੇ ਤਿੰਨ ਵਿਧਾਇਕਾਂ ਦੇ ਬੋਲਣ ਪਿਛੋਂ ਜਦ ਅਕਾਲੀ ਭਾਜਪਾ ਵਿਧਾਇਕ ਸ.ਮਨਜਿੰਦਰ ਸਿੰਘ ਸਿਰਸਾ ਦੀ ਵਾਰੀ ਆਈ ਤਾਂ ਉਨ੍ਹਾਂ 'ਆਪ' ਵਿਧਾਇਕ ਸ.ਅਵਤਾਰ ਸਿੰਘ ਕਾਲਕਾ ਦੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਅਤੇ ਕਾਂਗਰਸ ਨਾਲ ਸਬੰਧਾਂ ਦਾ ਹਵਾਲਾ ਦੇ ਕੇ, ਬੀਤੇ ਵਿਚ ਕਤਲੇਆਮ ਦੇ ਦੋਸ਼ੀਆਂ ਪ੍ਰਤੀ ਉਨ੍ਹਾਂ ਦੀ ਚੁੱਪੀ ਬਾਰੇ ਪੁਛਿਆ, ਤਾਂ ਹਾਊਸ ਵਿਚ ਹੰਗਾਮਾ ਖੜਾ ਹੋ ਗਿਆ। ਅਪਣੀ ਗੱਲ ਰੱਖਣ ਤੇ ਸਪੀਕਰ ਦੇ ਵਾਰ-ਵਾਰ ਦਖ਼ਲ ਕਰ ਕੇ ਸ.ਸਿਰਸਾ
ਸਣੇ ਭਾਜਪਾ ਵਿਧਾਇਕ ਦਲ ਦੇ ਆਗੂ ਵਜੇਂਦਰ ਗੁਪਤਾ ਤੇ ਜਗਦੀਸ਼ ਪ੍ਰਧਾਨ ਅਖ਼ੀਰ ਵਾਕ ਆਊਟ ਕਰ ਗਏ।
ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਮੁੱਦਾ ਚੁਕਣ ਦੀ ਸ਼ੁਰੂਆਤ ਕਰਦਿਆਂ ਬੀਤੇ ਦਿਨ ਵਿਧਾਨ ਸਭਾ ਵਿਚ ਤਿਲਕ ਨਗਰ ਤੋਂ 'ਆਪ' ਵਿਧਾਇਕ ਸ.ਜਰਨੈਲ ਸਿੰਘ ਨੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਤੇ ਹੁਣ ਭਾਜਪਾ ਦੀ ਸਰਕਾਰ ਵਲੋਂ ਸਿੱਖ ਕਤਲੇਆਮ ਦੇ ਮੁੱਦੇ 'ਤੇ ਖੇਡੀ ਜਾ ਰਹੀ ਸਿਆਸਤ, 84 ਕਤਲੇਆਮ ਵਿਚ ਕੁਸੁਮ ਲਤਾ ਰੀਪੋਰਟ ਰਾਹੀਂ ਦਿੱਲੀ ਪੁਲਿਸ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਪੁਛਿਆ ਆਖ਼ਰ ਸਿੱਖਾਂ ਨੂੰ ਕਦੋਂ ਇਨਸਾਫ਼ ਮਿਲੇਗਾ?
ਜਰਨੈਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸਰਬ ਸਾਂਝੇ ਉਪਦੇਸ਼ਾਂ ਦਾ ਚੇਤਾ ਕਰਵਾਉਂਦਿਆਂ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਸਣੇ ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦੇ ਯੋਗਦਾਨ ਨੂੰ ਉਭਾਰ ਕੇ, ਮੁੜ ਪੁਛਿਆ, “84 ਵਿਚ ਕਤਲ ਕੀਤੇ ਗਏ 5 ਹਜ਼ਾਰ ਸਿੱਖਾਂ ਦੀਆਂ ਲਾਸ਼ਾ ਕਿਥੇ ਗਈਆਂ, ਪਰ ਕਿਸੇ ਇਕ ਵੀ ਪੁਲਿਸ ਮੁਲਾਜ਼ਮ ਨੂੰ ਸਜ਼ਾ ਨਹੀਂ ਹੋਈ, ਸਗੋਂ ਹੁਣ ਕੇਂਦਰ ਦੀ ਭਾਜਪਾ ਵੀ ਐਸਆਈਟੀ ਦੀ ਮਿਆਦ ਨੂੰ ਅੱਗੇ ਤੋਂ ਅੱਗੇ ਵਧਾ ਕੇ, ਪੀੜਤਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ।''
ਸ.ਜਰਨੈਲ ਸਿੰਘ ਨੇ ਕਿਹਾ, “4 ਫ਼ਰਵਰੀ 2015 ਨੂੰ ਸਾਡੀ ਸਰਕਾਰ ਬਣਨੀ ਤੈਅ ਸੀ, ਪਰ ਕਿਉਂਕਿ ਅਸੀਂ ਐਸਆਈਟੀ ਬਣਾ ਕੇ ਦੋਸ਼ੀਆਂ ਵਿਰੁਧ ਕਾਰਵਾਈ ਕਰਨੀ ਸੀ, ਇਸ ਤੋਂ ਪਹਿਲਾਂ ਹੀ ਕੇਂਦਰ ਨੇ 12 ਫ਼ਰਵਰੀ 2015 ਨੂੰ ਅਪਣੀ ਐਸਆਈਟੀ ਬਣਾ ਦਿਤੀ। ਆਈਪੀਐਸ ਪ੍ਰਮੋਦ ਕੁਮਾਰ ਨੂੰ ਇਸ ਦਾ ਚੇਅਰਮੈਨ, ਸੇਵਾਮੁਕਤ ਜੱਜ ਰਾਕੇਸ਼ ਕਪੂਰ ਤੇ ਕੁਮਾਰ ਗਿਆਨੇਸ਼ ਵਧੀਕ ਡੀਸੀਪੀ  ਨੂੰ ਮੈਂਬਰ ਬਣਾ ਦਿਤਾ ਗਿਆ। ਜਦੋਂ ਕਿ ਕੁਸੁਮ ਲਤਾ ਰੀਪੋਰਟ (84 ਬਾਰੇ ਰੀਪੋਰਟ) ਵਿਚ 73 ਪੁਲਿਸ ਵਾਲਿਆਂ ਨੂੰ ਕਲੰਕ ਦਸਿਆ ਗਿਆ ਸੀ, ਪਰ ਫਿਰ ਵੀ ਐਸਆਈਟੀ ਵਿਚ ਦੋ ਪੁਲਿਸ ਵਾਲਿਆਂ ਨੂੰ ਸ਼ਾਮਲ ਕਰ ਦਿਤਾ ਗਿਆ ਤੇ ਹੁਣ ਤਕ ਐਸਆਈਟੀ ਦੀ ਮਿਆਦ ਅੱਗੇ ਹੀ ਵਧਾਈ ਜਾ ਰਹੀ ਹੈ।''
ਅਖ਼ੀਰ 'ਚ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਜਿਥੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਦੇਸ਼ ਦੇ ਇਤਿਹਾਸ ਵਿਚ ਕਾਲਾ ਧੱਬਾ ਦਸਿਆ, ਉਥੇ ਉਨ੍ਹਾਂ ਕਿਹਾ, “33 ਸਾਲ ਕਿ 3300 ਸਾਲ ਪਹਿਲਾਂ ਵੀ ਅਜਿਹਾ ਕਾਰਾ ਨਹੀਂ ਲੱਭੇਗਾ ਜਿਸ ਤਰ੍ਹਾਂ ਸਿੱਖਾਂ ਨੂੰ ਮਾਰਿਆ ਗਿਆ। ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਤੌਰ 'ਤੇ 2700 ਸਿੱਖਾਂ ਅਤੇ ਗ਼ੈਰ ਸਰਕਾਰੀ ਤੌਰ 'ਤੇ 8 ਹਜ਼ਾਰ ਸਿੱਖਾਂ ਦਾ ਕਤਲੇਆਮ ਹੋਇਆ ਹੈ ਪਰ ਕੋਈ ਕਤਲ ਕਰਨ ਵਾਲਾ ਹੀ ਨਹੀਂ ਲੱਭਿਆ ਗਿਆ?'' ਜੈਨ ਨੇ 84 ਕਤਲੇਆਮ ਮਸਲੇ 'ਤੇ ਭਾਜਪਾ ਤੇ ਕਾਂਗਰਸ ਨੂੰ ਇਕੋ ਦਸਿਆ ਤੇ ਕਿਹਾ,“ਕਤਲੇਆਮ ਦੇ 33 ਸਾਲਾਂ ਦੌਰਾਨਪਹਿਲਾਂ 6 ਸਾਲ (ਕੇਂਦਰ ਵਿਚ) ਭਾਜਪਾ ਦੀ ਸਰਕਾਰ ਰਹੀ ਤੇ ਹੁਣ 3 ਸਾਲ ਭਾਜਪਾ ਦੀ ਸਰਕਾਰ ਹੈ, ਪਰ ਭਾਜਪਾ ਨੇ ਵੀ ਦੋਸ਼ੀਆਂ ਵਿਰੁਧ ਕੁੱਝ ਨਹੀਂ ਕੀਤਾ। ਸ਼ਾਇਦ ਇਨ੍ਹਾਂ ਦਾ ਸਮਝੌਤਾ ਹੋ ਚੁਕਾ ਹੈ।''  ਉਨ੍ਹਾਂ ਕਿਹਾ ਕਿ ਉਹ ਖ਼ੁਦ ਕੇਂਦਰੀ ਗ੍ਰਹਿ ਮੰਤਰੀ ਕੋਲ ਕਤਲੇਆਮ ਦੇ ਮਾਮਲਿਆਂ ਬਾਰੇ ਕਾਰਵਾਈ ਲਈ ਮਿਲਣਗੇ ਤੇ ਵਿਰੋਧੀ ਧਿਰ ਭਾਜਪਾ ਵੀ ਨਾਲ ਚਲੇ। ਉਨ੍ਹਾਂ ਵਿਧਾਨ ਸਭਾ ਵਿਚੋਂ ਭਾਜਪਾ ਦੇ ਵਾਕ ਆਊਟ 'ਤੇ ਉਂਗਲ ਕਰਦੇ ਹੋਏ ਕਿਹਾ, “ਜੇ ਭਾਜਪਾ ਇਸ ਮਸਲੇ 'ਤੇ ਸੰਜੀਦਾ ਹੁੰਦੀ ਤਾਂ ਉਹ (ਭਾਜਪਾ ਵਿਧਾਇਕ) ਇਸ ਤਰ੍ਹਾਂ ਵਾਕ ਆਊਟ ਨਾ ਕਰਦੇ।''
ਆਪ ਦੇ ਚੀਫ ਵਿਪ੍ਹ ਤੇ 84 ਕਤਲੇਆਮ ਦੇ ਪੀੜਤ ਸ.ਜਗਦੀਪ ਸਿੰਘ ਨੇ ਸਿਰਸਾ ਦਾ ਜ਼ਿਕਰ ਕਰਦਿਆਂ ਕਿਹਾ, “ਜਦ ਕਾਂਗਰਸ ਦੀ ਸਰਕਾਰ ਸੀ ਤਾਂ ਸਿਰਸਾ ਕਾਂਗਰਸ ਵਿਰੁਧ ਮੁਜ਼ਾਹਰੇ ਕਰਦੇ ਸਨ, ਪਰ ਹੁਣ ਚੁੱਪ ਹੋ ਕੇ ਕਿਉਂ ਬੈਠੇ ਹੋਏ ਹਨ?'' ਪੇਸ਼ੇ ਵਜੋਂ ਵਕੀਲ ਤੇ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੇ ਭਾਜਪਾ ਤੇ ਕਾਂਗਰਸ ਵਿਚਕਾਰ ਗੰਢਤੁਪ ਦੇ ਦੋਸ਼ ਲਾਉਂਦਿਆਂ ਕਿਹਾ, “ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਸੁਰੱਖਿਆ ਦਿਤੀ ਗਈ ਹੋਈ ਹੈ, ਉਹ ਬੜੇ ਅਰਾਮ ਨਾਲ ਘੁੰਮ ਰਹੇ ਹਨ, ਅੱਜ 33 ਸਾਲ ਬਾਅਦ ਸਬੂਤ ਕਿਥੇ ਰਹਿ ਜਾਣਗੇ, ਜਿਹੜੇ ਚਸ਼ਮਦੀਦ ਹਨ, ਉਹ ਦੁਨੀਆਂ ਤੋਂ ਜਾ ਰਹੇ ਹਨ।''
ਉਨ੍ਹਾਂ ਕਿਹਾ,“ਕੈਲੀਫ਼ੋਰਨੀਆ ਵਿਚ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਦਾ ਦਰਜਾ ਦਿਤਾ ਗਿਆ ਹੈ, ਪਰ ਅਪਣੇ ਦੇਸ਼ ਵਿਚ ਕੋਈ ਦਰਜਾ ਨਹੀਂ ਦਿਤਾ ਗਿਆ।'' ਕਾਲਕਾ ਜੀ ਹਲਕੇ ਤੋਂ ਵਿਧਾਇਕ ਸ.ਅਵਤਾਰ ਸਿੰਘ ਕਾਲਕਾ ਨੇ ਜੂਨ 1984 ਵਿਚ ਦਰਬਾਰ ਸਾਹਿਬ ਤੇ ਹਮਲੇ ਲਈ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਰੋਲ ਨੂੰ ਯਾਦ ਕਰਾਉਂਦਿਆਂ ਪੁਛਿਆ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ 'ਤੇ ਹਮਲੇ ਲਈ ਕਿਸ ਨੇ ਉਕਸਾਇਆ? ਲਾਲ ਕ੍ਰਿਸ਼ਨ ਅਡਵਾਨੀ ਨੇ ਅਪਣੀ ਸਵੈ ਜੀਵਨੀ ('ਮਾਈ ਕੰਟਰੀ ਮਾਈ ਲਾਈਫ਼) 'ਚ ਲਿਖਿਆ ਹੈ ਕਿ ਉਨ੍ਹਾਂ ਬੀਬੀ ਇੰਦਰਾ ਨੂੰ ਹਮਲੇ ਲਈ ਉਕਸਾਇਆ ਸੀ। ਜੇ ਬਹਿ ਕੇ ਗੱਲ ਕਰਦੇ ਤਾਂ ਅੱਜ ਹਾਲਾਤ ਕੁੱਝ ਹੋਰ ਹੋਣੇ ਸਨ। ਨਾਲ ਹੀ ਉਨ੍ਹਾਂ ਕਿਹਾ, “ਆਰ.ਐਸ.ਐਸ.ਸ਼ੁਰੂ ਤੋਂ ਹੀ ਸਿੱਖਾਂ ਨੂੰ ਦਬਾਉਣ ਦੀ ਰਾਜਨੀਤੀ ਕਰਦੀ ਆ ਰਹੀ ਹੈ ਤੇ ਅੱਜ ਗਾਂਵਾਂ ਦੇ ਨਾਂਅ 'ਤੇ ਥਾਂ ਥਾਂ ਹੋ ਰਹੀ ਗੁੰਡਾਗਰਦੀ ਨੂੰ ਵੀ ਆਰ.ਐਸ.ਐਸ. ਦੀ ਸ਼ਹਿ ਹੈ।''
ਜਦ ਅਕਾਲੀ ਭਾਜਪਾ ਵਿਧਾਇਕ ਸ.ਮਨਜਿੰਦਰ ਸਿੰਘ ਸਿਰਸਾ ਦੀ ਵਾਰੀ ਆਈ, ਤਾਂ ਉਨ੍ਹਾਂ 'ਆਪ' ਵਿਧਾਇਕ ਸ.ਅਵਤਾਰ ਸਿੰਘ ਕਾਲਕਾ ਦੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਕਾਂਗਰਸ ਨਾਲ ਸਬੰਧਾਂ ਦਾ ਹਵਾਲਾ ਦਿਤਾ, ਤਾਂ ਹਾਊਸ ਵਿਚ ਹੰਗਾਮਾ ਹੋ ਗਿਆ ਤੇ ਅਖ਼ੀਰ ਸਪੀਕਰ ਰਾਮਨਿਵਾਸ ਗੋਇਲ ਨੂੰ ਦਖ਼ਲ ਦੇਣਾ ਪਿਆ। ਸਪੀਕਰ ਨੇ ਸਿਰਸਾ ਨੂੰ ਅਵਤਾਰ ਸਿੰਘ ਕਾਲਕਾ ਬਾਰੇ ਨਿਜੀ ਟਿਪਣੀਆਂ ਨਾ ਕਰਨ ਬਾਰੇ ਕਿਹਾ। ਅਖ਼ੀਰ ਸਿਰਸਾ ਸਣੇ ਭਾਜਪਾ ਵਿਰੋਧੀ ਧਿਰ ਦੇ ਆਗੂ ਵਜੇਂਦਰ ਗੁਪਤਾ ਤੇ ਜਗਦੀਸ਼ ਪ੍ਰਧਾਨ ਵਾਕ ਆਊਟ ਕਰ ਗਏ।
ਸ. ਸਿਰਸਾ ਨੇ 'ਆਪ' ਵਿਧਾਇਕਾਂ ਨਾਲ ਸਹਿਮਤੀ ਪ੍ਰਗਟਾਈ ਤੇ ਕਿਹਾ, “ਇਹ ਠੀਕ ਹੈ ਕਿ ਸਾਨੂੰ ਸਾਰੀਆਂ ਸਰਕਾਰਾਂ ਨੇ ਇਨਸਾਫ਼ ਨਹੀਂ ਦਿਤਾ ਤੇ ਸਾਡੀ ਹੋਂਦ ਮਿਟਾਉਣ ਦੇ ਯਤਨ ਕੀਤੇ ਗਏ ਹਨ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਹੋਈ ਇਸ ਕੌਮ ਨੂੰ ਕੋਈ ਖ਼ਤਮ ਨਹੀਂ ਕਰ ਸਕਿਆ ਤੇ ਨਾ ਹੀ ਕਰ ਸਕੇਗਾ।''
ਸਿਰਸਾ ਦੇ ਬਿਆਨ 'ਤੇ ਸ.ਕਾਲਕਾ ਨੇ ਸਖ਼ਤ ਪ੍ਰਤੀਕਰਮ ਪ੍ਰਗਟਾਇਆ ਤੇ ਹੰਗਾਮਾ ਖੜਾ ਹੋ ਗਿਆ ਤੇ ਅਖ਼ੀਰ ਸਪੀਕਰ ਰਾਮਨਿਵਾਸ ਗੋਇਲ ਨੇ ਸਿਰਸਾ ਦੇ ਸ਼ਬਦ ਸਦਨ ਦੀ ਕਾਰਵਾਈ ਵਿਚੋਂ ਕੱਢਣ ਦੀ ਹਦਾਇਤ ਦਿਤੀ ਤੇ ਸਿਰਸਾ ਨੂੰ ਮਰਿਆਦਾ ਵਿਚ ਰਹਿ ਕੇ, ਨਿਜੀ ਹਮਲਾ ਨਾ ਕਰਨ ਦੀ ਸਲਾਹ ਦਿਤੀ, ਪਰ ਸਿਰਸਾ ਨੇ ਸਪੀਕਰ ਨੂੰ ਕਿਹਾ,“ਮੇਰਾ ਸਾਰਾ ਕੀ ਕੱਟ ਦਿਉ (ਰੀਕਾਰਡ 'ਚੋਂ),  ਮੈਨੂੰ ਕੋਈ ਇਤਰਾਜ਼ ਨਹੀਂ। ਸਾਡਾ ਇਹੀ ਰੋਣਾ ਹੈ, ਇਸ ਮਸਲੇ 'ਤੇ ਸਿਆਸਤ ਹੋ ਜਾਂਦੀ ਹੈ। ਜਦ ਮੈਂ ਬੋਲਿਆ ਤੇ ਸਚਾਈ ਸਾਹਮਣੇ ਆ ਗਈ ਤਾਂ ਤਕਲੀਫ਼ ਹੋਣੀ ਸ਼ੁਰੂ ਹੋ ਗਈ।''
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ 12 ਫ਼ਰਵਰੀ 2015 ਨੂੰ ਛੇ ਮਹੀਨੇ ਲਈ ਐਸਆਈਟੀ ਕਾਇਮ ਕੀਤੀ ਸੀ, ਪਿਛੋਂ ਇਸ ਦੀ ਮਿਆਦ ਵਧਾਈ ਜਾਂਦੀ ਰਹੀ ਤੇ ਅਖ਼ੀਰ ਹੁਣ 11 ਅਗੱਸਤ 2017 ਨੂੰ ਇਸ ਦੀ ਵਧਾਈ ਗਈ ਮਿਆਦ ਖ਼ਤਮ ਹੋ ਚੁਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement