
ਕਿਹਾ, ਸਮਝੌਤਿਆਂ ਦੇ ਉਲਟ ਸਰਹੱਦ 'ਤੇ ਵੱਡੀ ਗਿਣਤੀ 'ਚ ਤਾਇਨਾਤ ਹਨ ਫ਼ੌਜੀ
ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਸਪੱਸ਼ਟ ਤੌਰ 'ਤੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਸਬੰਧ ਆਮ ਵਾਂਗ ਨਹੀਂ ਹਨ ਕਿਉਂਕਿ ਸਮਝੌਤਿਆਂ ਦੇ ਉਲਟ ਸਰਹੱਦ 'ਤੇ ਵੱਡੀ ਗਿਣਤੀ 'ਚ ਫ਼ੌਜੀ ਤਾਇਨਾਤ ਹਨ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਤੋਂ ਬਾਅਦ, ਜੋ ਕਿ ਬਿਨਾਂ ਕਿਸੇ ਨਿਰਧਾਰਤ ਪ੍ਰੋਗਰਾਮ ਦੇ ਵੀਰਵਾਰ ਸ਼ਾਮ ਇੱਥੇ ਪਹੁੰਚੇ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਦੇਸ਼ ਦੀ ਭਾਵਨਾ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਸਰਹੱਦ 'ਤੇ ਸਥਿਰ ਸਬੰਧਾਂ ਲਈ ਸ਼ਾਂਤੀ ਜ਼ਰੂਰੀ ਹੈ।
S Jaishankar
ਉਨ੍ਹਾਂ ਨੇ ਦੋਬਾਰਾ ਕਿਹਾ ਕਿ ਫਿਲਹਾਲ ਚੀਨ ਨਾਲ ਸਾਡੇ ਸਬੰਧ ਆਮ ਵਾਂਗ ਨਹੀਂ ਹਨ ਕਿਉਂਕਿ 1993 ਤੋਂ 96 ਦਰਮਿਆਨ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਦੇ ਉਲਟ ਸਰਹੱਦਾਂ 'ਤੇ ਵੱਡੀ ਗਿਣਤੀ 'ਚ ਫ਼ੌਜ ਤਾਇਨਾਤ ਹੈ। ਜੈਸ਼ੰਕਰ ਨੇ ਕਿਹਾ ਕਿ ਜਦੋਂ ਤੱਕ ਇੰਨੀ ਵੱਡੀ ਗਿਣਤੀ ਵਿਚ ਸੈਨਿਕ ਤਾਇਨਾਤ ਹਨ, ਸਰਹੱਦ 'ਤੇ ਸਥਿਤੀ ਆਮ ਵਾਂਗ ਨਹੀਂ ਹੈ। ਦੋਵਾਂ ਦੇਸ਼ਾਂ ਵਿਚਾਲੇ ਅਜੇ ਵੀ ਟਕਰਾਅ ਦੇ ਮੁੱਦੇ ਹਨ।
S Jaishankar
ਪੇਗੋਂਗ ਝੀਲ ਖੇਤਰ ਦੇ ਮੁੱਦੇ ਸਮੇਤ ਕੁਝ ਮੁੱਦਿਆਂ ਨੂੰ ਸੁਲਝਾਉਣ ਵੱਲ ਪ੍ਰਗਤੀ ਕੀਤੀ ਗਈ ਹੈ। ਮੁੱਦਿਆਂ ਨੂੰ ਸੁਲਝਾਉਣ ਲਈ ਹੁਣ ਤੱਕ 15 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਅੱਜ ਇਸ ਗੱਲ 'ਤੇ ਚਰਚਾ ਹੋਈ ਕਿ ਗੱਲਬਾਤ ਨੂੰ ਅੱਗੇ ਕਿਵੇਂ ਲਿਜਾਇਆ ਜਾਵੇ।
S Jaishankar
ਉਨ੍ਹਾਂ ਕਿਹਾ ਕਿ ਮਸਲਿਆਂ ਦੇ ਹੱਲ ਲਈ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਦੀ ਰਫ਼ਤਾਰ ਬਹੁਤ ਮੱਠੀ ਹੈ। ਇਸ ਨੂੰ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅਸਲ ਕੰਟਰੋਲ ਰੇਖਾ ਦੇ ਨਾਲ ਤਣਾਅ ਨੂੰ ਘਟਾਉਣ ਲਈ ਵਿਵਾਦਿਤ ਸਥਾਨਾਂ ਤੋਂ ਫ਼ੌਜਾਂ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਲੋੜ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਸਥਿਤੀ ਦੇ ਹੱਲ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ।