
ਕਿਹਾ - ਦੱਸਣ ਦੇ ਬਾਵਜੂਦ ਪੰਜਾਬ ਪੁਲਿਸ ਨੂੰ ਪੰਜਾਬ ਤੋਂ ਸ਼ਾਹਬਾਦ ਪਹੁੰਚਣ ਲਈ ਲੱਗਿਆ ਡੇਢ ਦਿਨ ਦਾ ਸਮਾਂ
ਚੰਡੀਗੜ੍ਹ : 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਜਿਥੇ ਪੰਜਾਬ ਪੁਲਿਸ ਵਲੋਂ ਲਗਾਤਾਰ ਭਾਲ ਜਾਰੀ ਹੈ ਉਥੇ ਹੀ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਮਾਮਲੇ ਬਾਰੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦਾ ਬਿਆਨ ਸਾਹਮਣੇ ਆਇਆ ਹੈ।
ਇਸ ਮਸਲੇ ਨੂੰ ਲੈ ਕੇ ਉਨ੍ਹਾਂ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਗੰਭੀਰ ਨਹੀਂ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਜਲੰਧਰ 'ਚ ਸਾਰੀ ਫੋਰਸ ਤੈਨਾਤ ਕੀਤੀ ਹੈ ਜਦਕਿ ਉਹ ਹਰਿਆਣਾ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਖਾਣਾ ਖਾ ਰਿਹਾ ਸੀ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ IPS ਜੋਤੀ ਯਾਦਵ
ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਸ਼ਾਹਬਾਦ ਵਿਖੇ ਮੌਜੂਦਗੀ ਬਾਰੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ, ਪਰ ਪੰਜਾਬ ਪੁਲਿਸ ਨੂੰ ਪੰਜਾਬ ਤੋਂ ਸ਼ਾਹਬਾਦ ਪਹੁੰਚਣ 'ਚ ਡੇਢ ਦਿਨ ਲੱਗ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਨੂੰ ਫੜਨ ਲਈ ਗੰਭੀਰ ਹੈ।
ਅਨਿਲ ਵਿਜ ਨੇ ਕਿਹਾ, ''ਕੋਈ ਵਿਅਕਤੀ ਮੋਸਟ ਵਾਂਟੇਡ ਹੋਵੇ ਪਰ ਉਸ ਦੀ ਗ੍ਰਿਫ਼ਤਾਰੀ 'ਚ ਇੰਨਾ ਸਮਾਂ ਕਿਵੇਂ ਲੱਗ ਸਕਦਾ ਹੈ। ਅਸੀਂ ਸ਼ਾਹਬਾਦ ਵਿਚ ਅੰਮ੍ਰਿਤਪਾਲ ਸਿੰਘ ਦੇ ਹੋਣ ਦੀ ਪੁਖਤਾ ਕੜੀ ਬਾਰੇ ਪੰਜਾਬ ਨੂੰ ਸੁਚੇਤ ਕੀਤਾ ਸੀ ਪਰ ਉਨ੍ਹਾਂ ਨੂੰ ਇਥੇ ਪਹੁੰਚਣ ਵਿਚ ਹੀ ਡੇਢ ਦਿਨ ਲੱਗ ਗਿਆ। ਜਿਸ ਤੋਂ ਲਗਦਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਸੁਹਿਰਦ ਅਤੇ ਗੰਭੀਰ ਨਹੀਂ ਹਨ।''