
ਕਿਹਾ, ਮੁਸਲਿਮ ਸ਼ਾਸਕਾਂ, ਸਭਿਆਚਾਰਕ ਨਾਇਕਾਂ ਅਤੇ ਅਧਿਕਾਰੀਆਂ ਨੇ ਦੇਸ਼ ਦੇ ਇਤਿਹਾਸ ਅਤੇ ਆਜ਼ਾਦੀ ਅੰਦੋਲਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ
ਮੱਲਪੁਰਮ (ਕੇਰਲ): ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸੋਮਵਾਰ ਨੂੰ ਕਿਹਾ ਕਿ ‘ਭਾਰਤ ਮਾਤਾ ਕੀ ਜੈ’ ਅਤੇ ‘ਜੈ ਹਿੰਦ’ ਦੇ ਨਾਅਰੇ ਸਭ ਤੋਂ ਪਹਿਲਾਂ ਦੋ ਮੁਸਲਮਾਨਾਂ ਨੇ ਲਾਏ ਸਨ ਅਤੇ ਅਜਿਹੇ ’ਚ ਕੀ ਸੰਘ ਪਰਵਾਰ ਇਨ੍ਹਾਂ ਨਾਅਰਿਆਂ ਨੂੰ ਤਿਆਗ ਦੇਵੇਗਾ। ਉੱਤਰੀ ਕੇਰਲ ਦੇ ਮੁਸਲਿਮ ਬਹੁਗਿਣਤੀ ਜ਼ਿਲ੍ਹੇ ਮਲਾਪੁਰਮ ’ਚ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ.) ਦੇ ਆਗੂ ਵਿਜਯਨ ਨੇ ਕਿਹਾ ਕਿ ਮੁਸਲਿਮ ਸ਼ਾਸਕਾਂ, ਸਭਿਆਚਾਰਕ ਨਾਇਕਾਂ ਅਤੇ ਅਧਿਕਾਰੀਆਂ ਨੇ ਦੇਸ਼ ਦੇ ਇਤਿਹਾਸ ਅਤੇ ਆਜ਼ਾਦੀ ਅੰਦੋਲਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਵਿਜਯਨ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਅਜ਼ੀਮੁਲਾ ਖਾਨ ਨਾਂ ਦੇ ਇਕ ਮੁਸਲਿਮ ਵਿਅਕਤੀ ਨੇ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਦਿਤਾ ਸੀ। ਉਨ੍ਹਾਂ ਕਿਹਾ, ‘‘ਇੱਥੇ ਆਏ ਸੰਘ ਪਰਵਾਰ ਦੇ ਕੁੱਝ ਨੇਤਾਵਾਂ ਨੇ ਅਪਣੇ ਸਾਹਮਣੇ ਬੈਠੇ ਲੋਕਾਂ ਨੂੰ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਾਉਣ ਲਈ ਕਿਹਾ। ਇਹ ਨਾਅਰਾ ਕਿਸ ਨੇ ਈਜਾਦ ਕੀਤਾ? ਮੈਨੂੰ ਨਹੀਂ ਪਤਾ ਕਿ ਸੰਘ ਪਰਵਾਰ ਨੂੰ ਪਤਾ ਹੋਵੇਗਾ ਕਿ ਉਸ ਵਿਅਕਤੀ ਦਾ ਨਾਮ ਅਜ਼ੀਮੁਲਾ ਖਾਨ ਸੀ।’’
ਉਨ੍ਹਾਂ ਵਿਅੰਗ ਕਰਦਿਆਂ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਸੰਘ ਪਰਵਾਰ ਇਸ ਨਾਅਰੇ ਦੀ ਵਰਤੋਂ ਕਰਨਾ ਬੰਦ ਕਰ ਦੇਣਗੇ ਜਾਂ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਇਸ ਨਾਅਰੇ ਨੂੰ ਇਕ ਮੁਸਲਮਾਨ ਨੇ ਲਾਇਆ ਸੀ।’’ ਵਿਜਯਨ ਵਿਵਾਦਪੂਰਨ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁਧ ਸੂਬੇ ’ਚ ਸੀ.ਪੀ.ਆਈ. (ਐਮ) ਵਲੋਂ ਕਰਵਾਈ ਲਗਾਤਾਰ ਚੌਥੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਆਬਿਦ ਹਸਨ ਨਾਂ ਦੇ ਇਕ ਪੁਰਾਣੇ ਡਿਪਲੋਮੈਟ ਨੇ ਪਹਿਲਾਂ ‘ਜੈ ਹਿੰਦ’ ਦਾ ਨਾਅਰਾ ਲਗਾਇਆ ਸੀ।
ਵਿਜਯਨ ਦੇ ਅਨੁਸਾਰ, ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋਹ ਨੇ ਮੂਲ ਸੰਸਕ੍ਰਿਤ ਪਾਠ ਦੇ 50 ਤੋਂ ਵੱਧ ਉਪਨਿਸ਼ਦਾਂ ਦਾ ਫ਼ਾਰਸੀ ’ਚ ਅਨੁਵਾਦ ਕੀਤਾ ਸੀ, ਜਿਸ ਨਾਲ ਭਾਰਤੀ ਗ੍ਰੰਥਾਂ ਨੂੰ ਦੁਨੀਆਂ ਭਰ ’ਚ ਲਿਜਾਣ ’ਚ ਮਦਦ ਮਿਲੀ।
ਉਨ੍ਹਾਂ ਕਿਹਾ ਕਿ ਭਾਰਤ ਤੋਂ ਮੁਸਲਮਾਨਾਂ ਨੂੰ ਪਾਕਿਸਤਾਨ ਭੇਜਣ ਦੀ ਵਕਾਲਤ ਕਰਨ ਵਾਲੇ ਸੰਘ ਪਰਵਾਰ ਦੇ ਨੇਤਾਵਾਂ ਅਤੇ ਕਾਰਕੁਨਾਂ ਨੂੰ ਇਸ ਇਤਿਹਾਸਕ ਪ੍ਰਸੰਗ ਤੋਂ ਜਾਣੂ ਹੋਣਾ ਚਾਹੀਦਾ ਹੈ।
ਚੋਣ ਬਾਂਡ ਤੋਂ ਧਿਆਨ ਹਟਾਉਣ ਲਈ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ : ਵਿਜਯਨ
ਕਨੂੰਰ: ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਚੋਣ ਬਾਂਡ ਘਪਲਾ ਭਾਰਤ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਭ੍ਰਿਸ਼ਟਾਚਾਰ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਤੋਂ ਧਿਆਨ ਹਟਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ।
ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ.) ਵਲੋਂ ਵਿਵਾਦਪੂਰਨ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਐਤਵਾਰ ਨੂੰ ਕੀਤੀ ਤੀਜੀ ਰੈਲੀ ਨੂੰ ਸੰਬੋਧਨ ਕਰਦਿਆਂ ਵਿਜਯਨ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਸੰਘ ਪਰਵਾਰ ਦੇਸ਼ ’ਚ ਕਾਨੂੰਨ ਦੇ ਸ਼ਾਸਨ ਨੂੰ ਬਹੁਤ ਘੱਟ ਮਹੱਤਵ ਦਿੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੰਘ ਪਰਵਾਰ ਸੰਵਿਧਾਨਕ ਸੰਸਥਾਵਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਦੇਸ਼ ਦੀ ਨਿਆਂਪਾਲਿਕਾ ਨੂੰ ਵੀ ਧਮਕੀ ਦੇ ਰਿਹਾ ਹੈ।
ਉਨ੍ਹਾਂ ਕਿਹਾ, ‘‘ਕੇਂਦਰ ਸਰਕਾਰ, ਭਾਜਪਾ ਅਤੇ ਸੰਘ ਪਰਵਾਰ, ਸਾਰੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਚੋਣ ਬਾਂਡ ਘਪਲੇ ’ਤੇ ਸੁਪਰੀਮ ਕੋਰਟ ਦਾ ਹੁਕਮ ਉਨ੍ਹਾਂ ਦੇ ਵਿਰੁਧ ਸੀ। ਉਹ ਇਸ ਮੁੱਦੇ ਤੋਂ ਧਿਆਨ ਭਟਕਾਉਣਾ ਚਾਹੁੰਦੇ ਸਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ।’’
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਚੋਣ ਬਾਂਡ ਦਾ ਵਿਚਾਰ ਆਇਆ ਤਾਂ ਸੀ.ਪੀ.ਆਈ. (ਐਮ) ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਇਹ ਭ੍ਰਿਸ਼ਟਾਚਾਰ ਦਾ ਸਾਧਨ ਹੈ ਅਤੇ ਪਾਰਟੀ ਇਸ ਦੇ ਵਿਰੁਧ ਸੁਪਰੀਮ ਕੋਰਟ ਗਈ ਸੀ।
ਉਨ੍ਹਾਂ ਕਿਹਾ, ‘‘ਚੋਣ ਬਾਂਡ ਘਪਲਾ ਭਾਰਤ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਭ੍ਰਿਸ਼ਟਾਚਾਰ ਹੈ। ਉਨ੍ਹਾਂ ਨੂੰ ਇੰਨੇ ਵੱਡੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦੀ ਹਿੰਮਤ ਕਿਵੇਂ ਮਿਲੀ, ਉਨ੍ਹਾਂ (ਭਾਜਪਾ) ਨੇ ਸੋਚਿਆ ਕਿ ਉਨ੍ਹਾਂ ਤੋਂ ਕਦੇ ਪੁੱਛ-ਪੜਤਾਲ ਨਹੀਂ ਕੀਤੀ ਜਾਵੇਗੀ।’’
ਵਿਜਯਨ ਨੇ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਸੰਘ ਪਰਵਾਰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਦੇਸ਼ ਦੇ ਕਾਨੂੰਨ ਤੋਂ ਉੱਪਰ ਹਨ ਅਤੇ ਅਪਣੇ ਏਜੰਡੇ ਨੂੰ ਲਾਗੂ ਕਰਨ ਲਈ ਕੁੱਝ ਵੀ ਕਰਨਗੇ। 2019 ਦੇ ਸੀ.ਏ.ਏ. ਵਿਰੋਧੀ ਪ੍ਰਦਰਸ਼ਨਾਂ ਅਤੇ ਉਸ ਤੋਂ ਬਾਅਦ ਦਿੱਲੀ ’ਚ ਹੋਈ ਹਿੰਸਾ ਅਤੇ ਦੰਗਿਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਲਗਾਏ ਭੜਕਾਊ ਨਾਅਰਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸੀ.ਪੀ.ਆਈ. (ਐਮ) ਨੇ ਹੀ ਉਨ੍ਹਾਂ ਵਿਰੁਧ ਕੇਸ ਦਰਜ ਕੀਤਾ ਸੀ।
ਵਿਜਯਨ ਨੇ ਸੀ.ਏ.ਏ. ’ਤੇ ਕਾਂਗਰਸ ਦੇ ਸਟੈਂਡ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਵਿਵਾਦਪੂਰਨ ਕਾਨੂੰਨ ਦਾ ਵਿਰੋਧ ਕਰ ਰਿਹਾ ਹੈ, ਕਾਂਗਰਸ ਦੇ ਸੰਸਦ ਮੈਂਬਰ ਪਾਰਟੀ ਪ੍ਰਧਾਨ ਵਲੋਂ ਦਿਤੇ ਭੋਜਨ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ, ‘‘ਪ੍ਰਦਰਸ਼ਨ ਦੌਰਾਨ ਕੋਈ ਵੀ ਕਾਂਗਰਸੀ ਨੇਤਾ ਮੌਜੂਦ ਨਹੀਂ ਸੀ। ਰਾਹੁਲ ਗਾਂਧੀ ਵਿਦੇਸ਼ ’ਚ ਸਨ। ਉਹ ਖੱਬੇਪੱਖੀ ਨੇਤਾ ਸਨ ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਸ ਸਮੇਂ, ਸਾਡੇ ਕੋਲ ਅਲਾਪੁਝਾ ਤੋਂ ਸਿਰਫ ਇਕ ਸੰਸਦ ਮੈਂਬਰ ਏ.ਐਮ. ਆਰਿਫ ਸੀ, ਜੋ ਸੀ.ਏ.ਏ. ਦੇ ਵਿਰੁਧ ਬੋਲਿਆ ਸੀ। ਹੁਣ ਕਾਂਗਰਸੀ ਨੇਤਾ ਕਹਿ ਰਹੇ ਹਨ ਕਿ ਉਨ੍ਹਾਂ ਨੇ ਤਕਨੀਕੀ ਤੌਰ ’ਤੇ ਐਕਟ ਦਾ ਵਿਰੋਧ ਕੀਤਾ ਸੀ।’’
ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਸੰਘ ਪਰਵਾਰ ਨੇ ਦਿੱਲੀ ’ਚ ਸੀ.ਏ.ਏ. ਵਿਰੋਧੀ ਪ੍ਰਦਰਸ਼ਨਕਾਰੀਆਂ ਵਿਰੁਧ ਹਿੰਸਾ ਕੀਤੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਦੰਗਾਕਾਰੀਆਂ ਨੂੰ ਮੂਕ ਇਜਾਜ਼ਤ ਦਿਤੀ । ਉਨ੍ਹਾਂ ਕਿਹਾ ਕਿ ਦੰਗਿਆਂ ’ਚ ਕਰੀਬ 53 ਲੋਕ ਮਾਰੇ ਗਏ, ਕਈ ਲਾਪਤਾ ਹੋ ਗਏ ਅਤੇ ਸੈਂਕੜੇ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਸੰਘ ਪਰਵਾਰ ਵਲੋਂ ਕੀਤੀ ਗਈ ਹਿੰਸਾ ’ਚ ਕਈ ਮੁਸਲਿਮ ਘਰਾਂ, ਦੁਕਾਨਾਂ, ਅਦਾਰਿਆਂ ’ਤੇ ਹਮਲੇ ਕੀਤੇ ਗਏ। ਵਿਜਯਨ ਨੇ ਕਿਹਾ ਕਿ ਸੀ.ਏ.ਏ. ਆਰ.ਐਸ.ਐਸ. ਦਾ ਏਜੰਡਾ ਹੈ ਜਿਸ ਨੂੰ ਭਾਜਪਾ ਸਰਕਾਰ ਲਾਗੂ ਕਰ ਰਹੀ ਹੈ। ਖੱਬੇਪੱਖੀ ਪਾਰਟੀ ਰਾਜ ’ਚ ਪੰਜ ਥਾਵਾਂ ’ਤੇ ਸੀ.ਏ.ਏ. ਵਿਰੋਧੀ ਰੈਲੀਆਂ ਕਰ ਰਹੀ ਹੈ। ਪਹਿਲੀ ਰੈਲੀ 22 ਮਾਰਚ ਨੂੰ ਕੋਝੀਕੋਡ ’ਚ ਹੋਈ ਸੀ।
ਸਨਿਚਰਵਾਰ ਨੂੰ ਕਾਸਰਗੋਡ ਜ਼ਿਲ੍ਹੇ ’ਚ ਇਕ ਰੈਲੀ ਦਾ ਕੀਤੀ ਗਈ ਸੀ। ਆਉਣ ਵਾਲੇ ਦਿਨਾਂ ’ਚ ਮਲਾਪੁਰਮ ਅਤੇ ਕੋਲਮ ’ਚ ਦੋ ਹੋਰ ਰੈਲੀਆਂ ਕੀਤੀਆਂ ਜਾਣਗੀਆਂ। ਸੀ.ਏ.ਏ. ਦਸੰਬਰ 2019 ’ਚ ਪਾਸ ਕੀਤਾ ਗਿਆ ਸੀ ਅਤੇ ਬਾਅਦ ’ਚ ਰਾਸ਼ਟਰਪਤੀ ਦੀ ਸਹਿਮਤੀ ਮਿਲ ਗਈ ਸੀ, ਪਰ ਸੀ.ਏ.ਏ. ਨੇ ਦੇਸ਼ ਦੇ ਕਈ ਹਿੱਸਿਆਂ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿਤੇ ਹਨ ਅਤੇ ਕਈ ਵਿਰੋਧੀ ਪਾਰਟੀਆਂ ਨੇ ਇਸ ਕਾਨੂੰਨ ਨੂੰ ‘ਪੱਖਪਾਤੀ’ ਕਰਾਰ ਦਿਤਾ ਹੈ। ਸੀ.ਏ.ਏ. ਦਾ ਉਦੇਸ਼ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ 31 ਦਸੰਬਰ, 2014 ਤੋਂ ਪਹਿਲਾਂ ਭਾਰਤ ਆਏ ਗੈਰ-ਮੁਸਲਿਮ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ’ਚ ਤੇਜ਼ੀ ਲਿਆਉਣਾ ਹੈ।