
Gujarat News: ਪੁਲਿਸ ਨੇ ਕਾਰਵਾਈ ਕਰਦਿਆਂ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Angry husband drives bulldozer on wife lover's House : ਹੁਣ ਤੱਕ ਤੁਸੀਂ ਪੁਲਿਸ ਪ੍ਰਸ਼ਾਸਨ ਵਲੋਂ ਮੁਲਜ਼ਮਾਂ ਦੇ ਘਰ ’ਤੇ ਬੁਲਡੋਜ਼ਰ ਕਾਰਵਾਈ ਕਰਨ ਬਾਰੇ ਦੇਖਿਆ ਅਤੇ ਸੁਣਿਆ ਹੋਵੇਗਾ। ਪਰ ਗੁਜਰਾਤ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਹੈ। ਇੱਥੇ 6 ਲੋਕਾਂ ਨੇ ਕਥਿਤ ਦੋਸ਼ੀ ਸਮੇਤ ਉਸਦੇ ਰਿਸ਼ਤੇਦਾਰਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਇਆ ਅਤੇ ਉਨ੍ਹਾਂ ਨੂੰ ਢਾਹ ਦਿੱਤਾ। ਇਹ ਘਟਨਾ ਭਰੂਚ ਜ਼ਿਲ੍ਹੇ ਵਿੱਚ ਵਾਪਰੀ। ਦੋਸ਼ੀ ਵਿਅਕਤੀ ’ਤੇ ਇੱਕ ਵਿਆਹੁਤਾ ਔਰਤ ਨੂੰ ਅਗਵਾ ਕਰਨ ਦਾ ਸ਼ੱਕ ਹੈ। ਦੋਸ਼ੀ ਵਿਅਕਤੀ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਭਰੂਚ ਜ਼ਿਲ੍ਹੇ ਦੇ ਵੇਦਾਚ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਬੀਐਮ ਚੌਧਰੀ ਨੇ ਕਿਹਾ ਕਿ ਔਰਤ ਦੇ ਪ੍ਰਵਾਰਕ ਮੈਂਬਰ ਸਮੇਤ ਮੁਲਜ਼ਮਾਂ ਨੇ ਮਹਿਲਾ ਨੂੰ ਭਜਾ ਕੈ ਲੈ ਜਾਣ ਦੇ ਸ਼ੱਕ ’ਚ ਬੁਲਡੋਜ਼ਰ ਦੀ ਵਰਤੋਂ ਕੀਤੀ। ਉਨ੍ਹਾਂ ਨੇ ਇਸ ਤਰ੍ਹਾਂ ਆਪਣਾ ਗੁੱਸਾ ਕੱਢਣ ਦਾ ਫ਼ੈਸਲਾ ਕੀਤਾ। ਔਰਤ ਦਾ ਪਤੀ ਵੀ ਮੁਲਜ਼ਮਾਂ ਵਿੱਚ ਸ਼ਾਮਲ ਹੈ। ਉਸਨੂੰ ਸ਼ੱਕ ਹੈ ਕਿ ਕਿਸੇ ਹੋਰ ਭਾਈਚਾਰੇ ਦਾ ਵਿਅਕਤੀ ਉਸਦੀ ਪਤਨੀ ਨਾਲ ਭੱਜ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 21 ਮਾਰਚ ਨੂੰ ਜ਼ਿਲ੍ਹੇ ਦੇ ਕਰੇਲੀ ਪਿੰਡ ਵਿੱਚ ਵਾਪਰੀ।
ਅਧਿਕਾਰੀ ਨੇ ਕਿਹਾ ਕਿ 21 ਮਾਰਚ ਦੀ ਰਾਤ ਨੂੰ ਮੁਲਜ਼ਮਾਂ ਨੇ ਫੁਲਮਾਲੀ ਭਾਈਚਾਰੇ ਦੇ ਛੇ ਘਰਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ, ਜਿਸ ਵਿੱਚ ਉਸ ਆਦਮੀ ਦਾ ਘਰ ਵੀ ਸ਼ਾਮਲ ਸੀ ਜਿਸ ’ਤੇ ਔਰਤ ਨਾਲ ਭੱਜਣ ਦਾ ਸ਼ੱਕ ਸੀ। ਇਸ ਤੋਂ ਬਾਅਦ ਪੁਲਿਸ ਨੇ ਬੁਲਡੋਜ਼ਰ ਚਾਲਕ ਸਮੇਤ ਛੇ ਲੋਕਾਂ ਵਿਰੁਧ ਐਫ਼ਆਈਆਰ ਦਰਜ ਕੀਤੀ। ਚੌਧਰੀ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੌਧਰੀ ਨੇ ਕਿਹਾ ਕਿ ਔਰਤ ਆਨੰਦ ਜ਼ਿਲ੍ਹੇ ਦੇ ਅੰਕਲਾਵ ਤਾਲੁਕਾ ਵਿੱਚ ਆਪਣੇ ਮਾਪਿਆਂ ਨੂੰ ਮਿਲਣ ਗਈ ਸੀ। ਜਿੱਥੋਂ ਔਰਤ ਅਤੇ ਆਦਮੀ ਭੱਜ ਗਏ ਸਨ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਔਰਤ ਦੇ ਮਾਪਿਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਆਨੰਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਿਕਾਇਤ ਦੇ ਅਨੁਸਾਰ, ਦੋਸ਼ੀ, ਜਿਨ੍ਹਾਂ ਵਿੱਚ ਹੇਮੰਤ ਪਧਿਆਰ, ਸੁਨੀਲ ਪਧਿਆਰ, ਬਲਵੰਤ ਪਧਿਆਰ, ਸੋਹਮ ਪਧਿਆਰ ਅਤੇ ਚਿਰਾਗ ਪਧਿਆਰ ਸ਼ਾਮਲ ਸਨ, ਉਸ ਆਦਮੀ ਦੇ ਘਰ ਗਏ ਅਤੇ ਉਸਦੇ ਪ੍ਰਵਾਰਕ ਮੈਂਬਰ ’ਤੇ ਔਰਤ ਨਾਲ ਭੱਜਣ ਦਾ ਦੋਸ਼ ਲਗਾਇਆ ਅਤੇ ਉਸਨੂੰ ਦੋ ਦਿਨਾਂ ਦੇ ਅੰਦਰ ਪੇਸ਼ ਕਰਨ ਲਈ ਕਿਹਾ। 21 ਮਾਰਚ ਨੂੰ ਰਾਤ 9 ਵਜੇ ਦੇ ਕਰੀਬ ਦੋਸ਼ੀ ਬੁਲਡੋਜ਼ਰ ਲੈ ਕੇ ਉਸ ਵਿਅਕਤੀ ਦੇ ਘਰ ਗਿਆ ਅਤੇ ਘਰ ਦੇ ਕੁਝ ਹਿੱਸਿਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਸ਼ੈੱਡ ਅਤੇ ਟਾਇਲਟ ਵੀ ਸ਼ਾਮਲ ਸੀ। ਇਲਾਕੇ ਦੇ ਛੇ ਘਰਾਂ ਦੇ ਕੁਝ ਹਿੱਸੇ ਢਾਹ ਦਿੱਤੇ। ਚੌਧਰੀ ਨੇ ਕਿਹਾ ਕਿ ਅਗਲੇ ਦਿਨ ਉਸ ਵਿਅਕਤੀ ਦੀ ਮਾਂ ਨੇ ਵੇਦਾਚ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
(For more news apart from Gujarat Latest News, stay tuned to Rozana Spokesman)