
ਕੋਰੋਨਾ ਵਾਇਰਸ ਸੰਕਟ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਦੇਸ਼ਾਂ ’ਚ ਸ਼ਾਮਲ ਅਮਰੀਕਾ ’ਚ ਬੇਰੁਜ਼ਗਾਰੀ ਦਰ ਵੱਧ ਰਹੀ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੇਰੁਜ਼ਗਾਰੀ
ਨਿਊਯਾਰਕ, 24 ਅਪ੍ਰੈਲ: ਕੋਰੋਨਾ ਵਾਇਰਸ ਸੰਕਟ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਦੇਸ਼ਾਂ ’ਚ ਸ਼ਾਮਲ ਅਮਰੀਕਾ ’ਚ ਬੇਰੁਜ਼ਗਾਰੀ ਦਰ ਵੱਧ ਰਹੀ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੇਰੁਜ਼ਗਾਰੀ ਦੀ ਇਹ ਦਰ 1930 ਦੇ ਦਹਾਕੇ ’ਚ ਆਈ ਮਹਾਂਮੰਦੀ ਦੇ ਪੱਧਰ ਤਕ ਪਹੁੰਚ ਗਈ ਹੈ। ਬੇਰੋਜ਼ਗਾਰੀ ’ਤੇ ਨਵੇਂ ਅੰਕੜਿਆਂ ਦੇ ਮੁਤਾਬਕ ਕੋਰੋਨਾ ਵਾਇਰਸ ਦੇ ਕਾਰਨ ਹਰ 6 ਅਮਰੀਕੀ ਕਰਮਚਾਰੀਆਂ ਵਿਚੋਂ ਇਕ ਨੂੰ ਅਪਣੀ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ ਹੈ।
ਵਧਦੇ ਆਰਥਕ ਸੰਕਟ ਦੇ ਜਵਾਬ ’ਚ ਸਦਨ ਨੇ ਕਰੀਬ 500 ਅਰਬ ਡਾਲਰ ਦਾ ਖ਼ਰਚਾ ਪੈਕੇਜ ਪਾਸ ਕੀਤਾ ਹੈ ਜਿਸ ਨਾਲ ਸੰਕਟਗ੍ਰਸਤ ਕਾਰੋਬਾਰਾਂ ਅਤੇ ਹਸਪਤਾਲਾਂ ਦੀ ਮਦਦ ਕੀਤੀ ਜਾ ਸਕੇਗੀ। ਵਾਸ਼ਿੰਗਟਨ ’ਚ, ਕਈ ਸਾਂਸਦ ਮਾਸਕ ਅਤੇ ਰੰਗ ਬਿਰੰਗੇ ਰੂਮਾਲ ਮੂੰਹ ’ਤੇ ਬੰਨ੍ਹੀ ਨਜ਼ਰ ਆਏ ਅਤੇ ਕੁੱਝ ਸਾਂਸਦ ਖ਼ਾਲੀ ਪਈ ਵਿਜ਼ਟਰ ਗੈਲਰੀ ’ਚ ਬੈਠੇ ਹੋਏ ਵਿਖਾਈ ਦਿਤੇ ਤਾਕਿ ਹੋਰਾਂ ਤੋਂ ਦੂਰੀ ਬਣਾਈ ਜਾ ਸਕੇ।
ਸਾਰਿਆਂ ਨੇ ਨਵੇਂ ਪੈਕੇਜ ’ਤੇ ਚਰਚਾ ਕੀਤੀ। ਬਿਲ ’ਚ ਪ੍ਰਸ਼ਾਸਨ ਦੇ 250 ਅਰਬ ਡਾਲਰ ਦੀ ਮੰਗ ਹੈ ਜਿਸ ਨੂੰ ਛੋਟੇ ਅਤੇ ਮੱਧਮ ਵਰਗ ਦੇ ਕਾਰੋਬਾਰਾਂ ਦੀ ਤਨਖ਼ਾਹ, ਕਰਾਇਆ ਦੇਣ ਅਤੇ ਹੋਰ ਖ਼ਰਚਿਆਂ ’ਚ ਮਦਦ ਕਰਨ ਵਾਲੇ ਫ਼ੰਡ ’ਚ ਪਾਉਣ ਦੀ ਮੰਗ ਕੀਤੀ ਗਈ ਹੈ। ਟਰੰਪ ਨੇ ਕਿਹਾ ਹੈ ਕਿ ਇਹ ਬਿਲ, ‘‘ਛੋਟੇ ਕਾਰੋਬਾਰਾਂ ਦੀ ਮਦਦ ਕਰੇਗਾ ਤਾਕਿ ਲੱਖਾਂ ਕਰਮਚਾਰੀਆਂ ਨੂੰ ਤਨਖ਼ਾਹ ਮਿਲਦੀ ਰਹੇ।’’
File photo
2.6 ਕਰੋੜ ਬੇਰੁਜ਼ਗਾਰਾਂ ਨੇ ਮਦਦ ਲਈ ਬਿਨੈ ਪੱਤਰ ਦਾਖ਼ਲ ਕੀਤੇ
ਸਰਕਾਰ ਨੇ ਦਸਿਆ ਕਿ ਨੌਕਰੀ ਤੋਂ ਕੱਢੇ ਗਏ 44 ਲੱਖ ਅਮਰੀਕੀਆਂ ਨੇ ਪਿਛਲੇ ਹਫ਼ਤੇ ਬੇਰੁਜ਼ਗਾਰੀ ਲਾਭਾਂ ਲਈ ਬਿਨੈ ਪੱਤਰ ਦਾਖ਼ਲ ਕੀਤੇ ਸਨ। ਕੁੱਲ ਮਿਲਾ ਕੇ, ਕਰੀਬ 2.6 ਕਰੋੜ ਨੇ ਪੰਜ ਹਫ਼ਤਿਆਂ ’ਚ ਬੇਰੁਜ਼ਗਾਰਾਂ ਨੂੰ ਮਿਲਣ ਵਾਲੀ ਮਦਦ ਲਈ ਬਿਨੈ ਪੱਤਰ ਦਾਖ਼ਲ ਕੀਤੇ ਹਨ। ਇਹ ਗਿਣਤੀ ਅਮਰੀਕਾ ਦੇ 10 ਵੱਡੇ ਸ਼ਹਿਰਾਂ ਦੀ ਆਬਾਦੀ ਦੇ ਬਰਾਬਰ ਹੈ। ਇਹ ਗੰਭੀਰ ਗਿਰਾਵਟ ਹੈ ਜਿਸ ਦੇ ਬਾਅਦ ਉਸ ਚਰਚਾ ਨੂੰ ਹੋਰ ਮਜ਼ਬੂਤੀ ਮਿਲਣ ਲੱਗੀ ਹੈ ਕਿ ਫ਼ੈਕਟਰੀਆਂ ਅਤੇ ਹੋਰ ਕਾਰੋਬਾਰਾਂ ਨੂੰ ਬੰਦ ਤੋਂ ਕਿਵੇਂ ਅਤੇ ਕਦੋਂ ਛੋਟ ਦਿਤੀ ਜਾਣੀ ਚਾਹੀਦੀ ਹੈ।
ਅਮਰੀਕਾ ’ਚ ਸੱਭ ਤੋਂ ਪ੍ਰਭਾਵਤ ਹਿੱਸੇ ਨਿਊਯਾਰਕ ’ਚ ਅਜਿਹੇ ਸਬੂਤ ਸਾਹਮਣੇ ਆਏ ਹਨ ਕਿ ਰਾਜ ਦੇ 27 ਲੱਖ ਵਸਨੀਕ ਵਾਇਰਸ ਨਾਲ ਪ੍ਰਭਾਵਤ ਹਨ ਜੋ ਕਿ ਲੈਬ ਜਾਂਚਾਂ ’ਚ ਕੀਤੀ ਗਈ ਪੁਸ਼ਟੀ ਤੋਂ 10 ਗੁਣਾ ਵੱਧ ਹਨ। ਉਥੇ ਹੀ ਨਿਊਯਾਰਕ ਸਿਟੀ ਦੇ ਸਿਹਤ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ’ਚ ਕਰੀਬ 10 ਲੱਖ ਲੋਕ ਪ੍ਰਭਾਵਤ ਹਨ। ਸ਼ਹਿਰ ਦੀ ਆਬਾਦੀ 86 ਲੱਖ ਹੈ। (ਪੀਟੀਆਈ)