
ਪ੍ਰਦੂਸ਼ਣ ਵਿਭਾਗ ਨੇ ਤੁਤੀਕੋਰਿਨ ਦਾ ਚਰਚਿਤ ਕਾਰਖ਼ਾਨਾ ਬੰਦ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਇਹ ਕਾਰਖ਼ਾਨਾ ਵੇਦਾਂਤਾ ਗਰੁਪ ਦਾ ਹੈ ਜਿਸ ਨੂੰ ਬੰਦ ਕਰਾਉਣ...
ਪ੍ਰਦੂਸ਼ਣ ਵਿਭਾਗ ਨੇ ਤੁਤੀਕੋਰਿਨ ਦਾ ਚਰਚਿਤ ਕਾਰਖ਼ਾਨਾ ਬੰਦ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਇਹ ਕਾਰਖ਼ਾਨਾ ਵੇਦਾਂਤਾ ਗਰੁਪ ਦਾ ਹੈ ਜਿਸ ਨੂੰ ਬੰਦ ਕਰਾਉਣ ਲਈ ਹੋਏ ਸੰਘਰਸ਼ ਵਿਚ 10 ਪ੍ਰਦਰਸ਼ਨਕਾਰੀਆਂ ਦੀ ਪੁਲਿਸ ਗੋਲੀ ਨਾਲ ਮੌਤ ਹੋ ਗਈ। ਵਿਭਾਗ ਨੇ ਕਾਰਖ਼ਾਨੇ ਦੀ ਬਿਜਲੀ ਸਪਲਾਈ ਕੱਟ ਦਿਤੀ ਹੈ। ਉਧਰ, ਕੇਂਦਰ ਸਰਕਾਰ ਨੇ ਸੂਬਾ ਸਰਕਾਰ ਕੋਲੋਂ ਇਸ ਘਟਨਾ ਬਾਰੇ ਰੀਪੋਰਟ ਮੰਗ ਲਈ ਹੈ।
ਚੇਨਈ ਲਾਗਲੇ ਤੂਤੀਕੋਰਿਨ ਵਿਚ ਪ੍ਰਦਰਸ਼ਨਕਾਰੀਆਂ ਦੀ ਮੌਤ ਦਾ ਮਾਮਲਾ ਸੁਪਰੀਮ ਕੋਰਟ ਪੁੱਜ ਗਿਆ ਹੈ। ਸਰਬਉੱਚ ਅਦਾਲਤ ਵਿਚ ਜਨਹਿੱਤ ਪਟੀਸ਼ਨ ਦਾਖ਼ਲ ਕਰ ਕੇ ਮੰਗ ਕੀਤੀ ਗਈ ਹੈ ਕਿ ਮ੍ਰਿਤਕ ਪ੍ਰਦਰਸ਼ਨਕਾਰੀਆਂ ਦੇ ਵਾਰਸਾਂ ਨੂੰ 50-50 ਲੱਖ ਰੁਪਏ ਜਦਕਿ ਜ਼ਖ਼ਮੀਆਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦਿਤਾ ਜਾਵੇ।
Supreme Court
ਇਹ ਵੀ ਮੰਗ ਕੀਤੀ ਗਈ ਹੈ ਕਿ ਗੋਲੀਬਾਰੀ ਚਲਾਉਣ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਿਰੁਧ ਪਰਚਾ ਦਰਜ ਕੀਤਾ ਜਾਵੇ। ਪਟੀਸ਼ਨਕਾਰ ਨੇ ਕਿਹਾ ਹੈ ਕਿ ਪੁਲਿਸ ਨੇ ਬੇਰਹਿਮੀ ਨਾਲ ਗੋਲੀਆਂ ਚਲਾ ਕੇ ਪ੍ਰਦਰਸ਼ਨਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ।
ਉਧਰ, ਸੂਬੇ ਦੀ ਵਿਰੋਧੀ ਧਿਰ ਡੀਐਮਕੇ ਨੇ ਕਿਹਾ ਹੈ ਕਿ ਇਹ ਘਟਨਾ ਜਲਿਆਂਵਾਲਾ ਕਾਂਡ ਜਿਹੀ ਹੈ ਜਦ ਪੁਲਿਸ ਨੂੰ ਗੋਲੀਆਂ ਚਲਾਉਣ ਦੀ ਖੁਲ੍ਹੀ ਛੋਟ ਦੇ ਦਿਤੀ। (ਏਜੰਸੀ)