
ਤਾਪਮਾਨ 45 ਡਿਗਰੀ ਤੋਂ ਪਾਰ J 28 ਮਈ ਤਕ ਰਾਹਤ ਨਹੀਂ
ਨਵੀਂ ਦਿੱਲੀ, 24 ਮਈ : ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਐਤਵਾਰ ਨੂੰ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉਪਰ ਚਲਾ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਲਈ ਅਗਲੇ ਦੋ ਦਿਨਾਂ ਲਈ 'ਰੈੱਡ ਅਲਰਟ' ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਖੇਤਰੀ ਮੌਸਮ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼ ਲਈ ਲੂ ਦੇ ਸਬੰਧ ਵਿਚ ਆਰੇਂਜ ਚੇਤਾਵਨੀ ਵੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਤਿੰਨ ਦਿਨਾਂ ਵਿਚ ਕੁੱਝ ਹਿੱਸਿਆਂ ਵਿਚ ਤਾਪਮਾਨ 47 ਡਿਗਰੀ ਸੈਲਸੀਅਸ ਤਕ ਪੁੱਜ ਸਕਦਾ ਹੈ।
File photo
ਸ੍ਰੀਵਾਸਤਵ ਨੇ ਕਿਹਾ ਕਿ ਇਹ ਇਸ ਗਰਮੀ ਦੇ ਮੌਸਮ ਵਿਚ ਪਹਿਲੀ ਵਾਰ ਹੈ ਜਦ ਲੂ ਬਾਰੇ ਰੈਡ ਅਲਰਟ ਜਾਰੀ ਕੀਤਾ ਹੈ। ਇਸ ਮੌਸਮ ਵਿਚ, ਤਾਪਮਾਨ ਉਸ ਤਰ੍ਹਾਂ ਨਹੀਂ ਵਧਿਆ ਜਿਵੇਂ ਇਹ ਆਮ ਤੌਰ 'ਤੇ ਉੱਤਰੀ ਅਤੇ ਮੱਧ ਭਾਰਤ ਵਿਚ ਵਧਦਾ ਹੈ ਅਤੇ ਅਜਿਹਾ ਅਪ੍ਰੈਲ ਮਹੀਨੇ ਵਿਚ ਕਾਫ਼ੀ ਮੀਂਹ ਪੈਣ ਕਾਰਨ ਹੋਇਆ ਜੋ ਮੱਧ ਮਈ ਤਕ ਜਾਰੀ ਰਿਹਾ। ਸਨਿਚਰਵਾਰ ਨੂੰ ਰਾਜਸਥਾਨ ਦੇ ਪਿਲਾਨੀ ਵਿਚ 46.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਬੁਲੇਟਿਨ ਵਿਚ ਕਿਹਾ, 'ਅਗਲੇ ਪੰਜ ਦਿਨਾਂ ਵਿਚ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭ ਅਤੇ ਤੇਲੰਗਾਨਾ ਦੇ ਕੁੱਝ ਹਿੱਸਿਆਂ ਵਿਚ ਲੂ ਦੀ ਹਾਲਤ ਦੇ ਨਾਲ ਹੀ ਇੱਕਾ-ਦੁੱਕਾ ਇਲਾਕਿਆਂ ਵਿਚ ਸਖ਼ਤ ਲੂ ਦੀ ਹਾਲਤ ਬਣੀ ਰਹੇਗੀ।'
ਅਧਿਕਾਰੀ ਨੇ ਦਸਿਆ ਕਿ ਛੱਤੀਸਗੜ੍ਹ, ਉੜੀਸਾ, ਗੁਜਰਾਤ, ਮੱਧ ਮਹਾਰਾਸ਼ਟਰ ਅਤੇ ਵਿਦਰਭ, ਤੱਟੀ ਆਂਧਰਾ ਪ੍ਰਦੇਸ਼, ਯਾਨਮ, ਰਾਇਲਸੀਮਾ ਅਤੇ ਉੱਤਰੀ ਅੰਦਰੂਨੀ ਕਰਨਾਟਕ ਦੇ ਹਿੱਸਿਆਂ ਵਿਚ ਵੀ ਅਗਲੇ ਤਿੰਨ ਚਾਰ ਦਿਨਾਂ ਦੌਰਾਨ ਵੀ ਲੂ ਚੱਲ ਸਕਦੀ ਹੈ। ਲੂ ਦੀ ਹਾਲਤ ਤਦ ਐਲਾਨੀ ਜਾਂਦੀ ਹੈ ਜਦ ਵੱਧ ਤੋਂ ਵੱਧ ਤਾਪਮਾਨ ਘੱਟੋ ਘੱਟ 40 ਡਿਗਰੀ ਸੈਲਸੀਅਸ ਹੋਵੇ ਅਤੇ ਆਮ ਤਾਪਮਾਨ ਵਿਚ ਵਾਧਾ 4.5 ਡਿਗਰੀ ਸੈਲਸੀਅਸ ਤੋਂ 6.4 ਡਿਗਰੀ ਸੈਲਸੀਅਸ ਤਕ ਹੋਵੇ। ਮੈਦਾਨੀ ਖੇਤਰਾਂ ਲਈ ਲੂ ਦੀ ਹਾਲਤ ਤਦ ਹੁੰਦੀ ਹੈ ਜਦ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਹੋਵੇ ਅਤੇ ਸਖ਼ਤ ਲੂ ਉਸ ਵਕਤ ਚਲਦੀ ਹੈ ਜਦ ਤਾਪਮਾਨ 47 ਡਿਗਰੀ ਜਾਂ ਜ਼ਿਆਦਾ ਹੋਵੇ। (ਏਜੰਸੀ)
File photo
ਲੋਕਾਂ ਨੂੰ ਚੌਕਸ ਕਰਨ ਲਈ ਜਾਰੀ ਕੀਤਾ ਗਿਆ ਰੈਡ ਅਲਰਟ : ਸ੍ਰੀਵਾਸਤਵ
ਸ੍ਰੀਵਾਸਤਵ ਨੇ ਕਿਹਾ ਕਿ ਰੈਡ ਅਲਰਟ ਲੋਕਾਂ ਨੂੰ ਚੌਕਸ ਕਰਨ ਲਈ ਜਾਰੀ ਕੀਤਾ ਗਿਆ ਹੈ ਕਿ ਉਹ ਦੁਪਹਿਰ ਇਕ ਵਜੇ ਤੋਂ ਸ਼ਾਮ ਪੰਜ ਵਜੇ ਤਕ ਘਰੋਂ ਬਾਹਰ ਨਾ ਨਿਕਲਣ ਕਿਉਂਕਿ ਉਸ ਵਕਤ ਧੁੱਪ ਦੀ ਤਪਸ਼ ਸੱਭ ਤੋਂ ਜ਼ਿਆਦਾ ਹੁੰਦੀ ਹੈ। ਮੌਸਮ ਵਿਭਾਗ ਦੇ ਕੌਮੀ ਮੌਸਮ ਵਿਭਾਗ ਭਵਿੱਖਬਾਣੀ ਕੇਂਦਰ ਦੇ ਵਿਗਿਆਨੀ ਨਰੇਸ਼ ਕੁਮਾਰ ਨੇ ਕਿਹਾ ਕਿ ਉੱਤਰ ਪਛਮੀ ਹਵਾਵਾਂ ਅਤੇ ਤਾਮਿਲਨਾਡੂ ਤੇ ਛੱਤੀਸਗੜ੍ਹ ਵਿਚਾਲੇ ਘੱਟ ਦਬਾਅ ਦੇ ਖੇਤਰ ਕਾਰਨ ਲੂ ਤੋਂ ਜ਼ਬਰਦਸਤ ਲੂ ਚੱਲਣ ਲਈ ਹਾਲਾਤ ਅਨੁਕੂਲ ਹਨ। ਕੁਮਾਰ ਨੇ ਕਿਹਾ ਕਿ ਰਾਹਤ ਸਿਰਫ਼ 28 ਮਈ ਤੋਂ ਬਾਅਦ ਹੀ ਮਿਲ ਸਕਦੀ ਹੈ ਜਦ ਪਛਮੀ ਦਬਾਅ ਕਾਰਨ ਮੀਂਹ ਪੈ ਸਕਦਾ ਹੈ।