
ਗ੍ਰਿਫ਼ਤਾਰੀ ਲਈ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹੋਇਆ ਫ਼ਰਾਰ ਮਹੰਤ ਗੋਸਵਾਮੀ
Ghaziabad News : ਗਾਜ਼ੀਆਬਾਦ ਪੁਲਿਸ ਨੇ ਇਕ ਮੰਦਰ ਦੇ ਪੁਜਾਰੀ ਵਿਰੁਧ ਔਰਤਾਂ ਦੇ ਪਖਾਨੇ ’ਚ ਕਥਿਤ ਤੌਰ ’ਤੇ ਕੈਮਰਾ ਲਗਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪਖਾਨੇ ਦੀ ਛੱਤ ਨਹੀਂ ਸੀ। ਪੁਲਿਸ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਅਨੁਸਾਰ ਉਕਤ ਮੰਦਰ ਮੁਰਾਦਨਗਰ ਗੰਗਾ ਨਹਿਰ ਦੇ ਨੇੜੇ ਸਥਿਤ ਹੈ। ਆਮ ਤੌਰ ’ਤੇ ਲੋਕ ਨਹਿਰ ’ਚ ਡੁਬਕੀ ਲਗਾਉਣ ਤੋਂ ਬਾਅਦ ਪੂਜਾ ਕਰਦੇ ਹਨ।
ਪੁਲਿਸ ਨੇ ਦਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 21 ਮਈ ਨੂੰ ਅਪਣੀ ਧੀ ਨਾਲ ਮੰਦਰ ਗਈ ਇਕ ਔਰਤ ਨੇ ਪਖਾਨੇ ਵਲ ਲੱਗੇ ਸੀ.ਸੀ.ਟੀ.ਵੀ. ਕੈਮਰੇ ਨੂੰ ਵੇਖਿਆ । ਪੁਲਿਸ ਡਿਪਟੀ ਕਮਿਸ਼ਨਰ (ਦਿਹਾਤੀ) ਵਿਵੇਕ ਚੰਦਰ ਯਾਦਵ ਨੇ ਕਿਹਾ, ‘‘ਉਸ ਨੇ ਵੇਖਿਆ ਕਿ ਉੱਪਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਉਸ ਕਮਰੇ ’ਤੇ ਕੇਂਦਰਿਤ ਸਨ ਜਿੱਥੇ ਔਰਤਾਂ ਕਪੜੇ ਬਦਲਦੀਆਂ ਹਨ।’’
ਯਾਦਵ ਨੇ ਕਿਹਾ ਕਿ ਸੀ.ਸੀ.ਟੀ.ਵੀ. ਮਹੰਤ ਦੇ ਮੋਬਾਈਲ ਫੋਨ ਨਾਲ ਜੁੜਿਆ ਹੋਇਆ ਸੀ, ਜਿਸ ’ਤੇ ਉਹ ਔਰਤਾਂ ਨੂੰ ਦੇਖਦਾ ਸੀ। ਔਰਤ ਨੇ ਤੁਰਤ ਮਹੰਤ ਗੋਸਵਾਮੀ ਨਾਲ ਸੰਪਰਕ ਕੀਤਾ ਅਤੇ ਸੀ.ਸੀ.ਟੀ.ਵੀ. ਕੈਮਰੇ ਬਾਰੇ ਪੁਛਿਆ, ਜਿਸ ’ਤੇ ਉਹ ਗੁੱਸੇ ਹੋ ਗਿਆ ਅਤੇ ਉਸ ਨਾਲ ਬਦਸਲੂਕੀ ਕੀਤੀ। ਯਾਦਵ ਨੇ ਕਿਹਾ ਕਿ ਪੁਜਾਰੀ ਨੇ ਔਰਤ ਨੂੰ ਧਮਕੀ ਵੀ ਦਿਤੀ ਕਿ ਜੇ ਉਸ ਨੇ ਕੈਮਰੇ ਬਾਰੇ ਕਿਸੇ ਨੂੰ ਦਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਸ਼ਿਕਾਇਤ ਮਿਲਣ ਤੋਂ ਬਾਅਦ ਮੁਰਾਦਨਗਰ ਪੁਲਿਸ ਨੇ ਸ਼ੁਕਰਵਾਰ ਨੂੰ ਐਫ.ਆਈ.ਆਰ. ਦਰਜ ਕੀਤੀ। ਜਦੋਂ ਪੁਲਿਸ ਟੀਮ ਉਸ ਨੂੰ ਗ੍ਰਿਫਤਾਰ ਕਰਨ ਲਈ ਮੰਦਰ ਪਹੁੰਚੀ ਤਾਂ ਉਹ ਉੱਥੇ ਨਹੀਂ ਸੀ। ਪੁਲਿਸ ਨੇ ਉਸ ਦੇ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 354 (ਔਰਤ ’ਤੇ ਅਪਰਾਧਕ ਹਮਲਾ), 354 ਸੀ (ਨਿੱਜੀ ਕੰਮ ਕਰਨ ਵਾਲੀਆਂ ਔਰਤਾਂ ਨੂੰ ਵੇਖਣਾ ਜਾਂ ਨਕਲ ਕਰਨਾ), 504 (ਜਾਣਬੁਝ ਕੇ ਅਪਮਾਨ) ਅਤੇ 506 (ਅਪਰਾਧਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।