ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ 59 ਫੀ ਸਦੀ ਤੋਂ ਵੱਧ ਵੋਟਿੰਗ, ਜੰਮੂ-ਕਸ਼ਮੀਰ ਨੇ ਬਣਾਇਆ ਇਕ ਹੋਰ ਰੀਕਾਰਡ 
Published : May 25, 2024, 10:13 pm IST
Updated : May 25, 2024, 10:13 pm IST
SHARE ARTICLE
Voting.
Voting.

ਚੋਣ ਕਮਿਸ਼ਨ ਨੇ ਕਿਹਾ ਇਕ ਹੋਰ ਅਪਡੇਟ ਰਾਤ 11:45 ਵਜੇ ਜਾਰੀ ਕੀਤਾ ਜਾਵੇਗਾ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ ਸਨਿਚਰਵਾਰ ਨੂੰ 8 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਸੀਟਾਂ ’ਤੇ 59 ਫੀ ਸਦੀ ਤੋਂ ਵੱਧ ਵੋਟਿੰਗ ਹੋਈ, ਜਿਸ ’ਚ ਪਛਮੀ ਬੰਗਾਲ (8 ਸੀਟਾਂ) ’ਚ ਸਭ ਤੋਂ ਜ਼ਿਆਦਾ 78.19 ਫੀ ਸਦੀ ਵੋਟਾਂ ਪਈਆਂ। ਜਦਕਿ ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ’ਤੇ 52.28 ਫੀ ਸਦੀ ਵੋਟਿੰਗ ਹੋਈ, ਜੋ 35 ਸਾਲਾਂ ’ਚ ਸੱਭ ਤੋਂ ਵੱਧ ਹੈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿਤੀ। 

ਚੋਣ ਕਮਿਸ਼ਨ ਨੇ ਕਿਹਾ ਕਿ ਸ਼ਾਮ 7:45 ਵਜੇ ਤਕ ਲਗਭਗ 59.06 ਫੀ ਸਦੀ ਵੋਟਿੰਗ ਹੋਈ ਅਤੇ ਦੇਸ਼ ਦੇ ਕੁੱਝ ਹਿੱਸਿਆਂ ’ਚ ਸਖ਼ਤ ਗਰਮੀ ਦੇ ਬਾਵਜੂਦ ਵੋਟਰਾਂ ’ਚ ਵੋਟਿੰਗ ਲਈ ਭਾਰੀ ਉਤਸ਼ਾਹ ਸੀ ਕਿਉਂਕਿ ਉਹ ਦੇਸ਼ ਭਰ ’ਚ ਵੋਟ ਪਾਉਣ ਲਈ ਧੀਰਜ ਨਾਲ ਕਤਾਰਾਂ ’ਚ ਖੜ੍ਹੇ ਨਜ਼ਰ ਆਏ। 

ਇਸ ਵਿਚ ਕਿਹਾ ਗਿਆ ਹੈ ਕਿ ਵੋਟਿੰਗ ਖਤਮ ਹੋਣ ਦੇ ਨਿਰਧਾਰਤ ਸਮੇਂ ’ਤੇ ਵੀ ਕੁੱਝ ਪੋਲਿੰਗ ਸਟੇਸ਼ਨਾਂ ’ਤੇ ਵੱਡੀ ਗਿਣਤੀ ਵਿਚ ਵੋਟਰ ਕਤਾਰ ਵਿਚ ਖੜੇ ਸਨ। ਹੋਰਨਾਂ ਸੂਬਿਆਂ ’ਚੋਂ ਬਿਹਾਰ ’ਚ 53.30 ਫ਼ੀ ਸਦੀ, ਝਾਰਖੰਡ (4 ਸੀਟਾਂ) ’ਚ 62.74 ਫ਼ੀ ਸਦੀ, ਓਡੀਸ਼ਾ (6 ਸੀਟਾਂ) ’ਚ 60.07 ਫ਼ੀ ਸਦੀ, ਹਰਿਆਣਾ (10 ਸੀਟਾਂ) ’ਚ 58.37 ਫ਼ੀ ਸਦੀ, ਦਿੱਲੀ (7 ਸੀਟਾਂ) ’ਚ 54.48 ਫ਼ੀ ਸਦੀ ਅਤੇ ਉੱਤਰ ਪ੍ਰਦੇਸ਼ (14 ਸੀਟਾਂ) ’ਚ 54.03 ਫ਼ੀ ਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਵੋਟਰ ਟਰਨਆਊਟ ਐਪ ’ਤੇ ਵੋਟਿੰਗ ਨੂੰ ਰਾਜ/ਪੀ.ਸੀ./ਏ.ਸੀ. ਅਨੁਸਾਰ ਅਪਡੇਟ ਕੀਤਾ ਜਾਂਦਾ ਰਹੇਗਾ ਅਤੇ ਇਕ ਹੋਰ ਅਪਡੇਟ ਰਾਤ 11:45 ਵਜੇ ਜਾਰੀ ਕੀਤਾ ਜਾਵੇਗਾ। 

ਇਸ ਪੜਾਅ ’ਚ ਕੁਲ 889 ਉਮੀਦਵਾਰ ਚੋਣ ਮੈਦਾਨ ’ਚ ਸਨ ਜਿਨ੍ਹਾਂ ’ਚੋਂ ਓਡੀਸ਼ਾ ਦੇ ਸੰਬਲਪੁਰ ਤੋਂ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਤੋਂ ਸਾਬਕਾ ਕੇਂਦਰੀ ਮੇਨਕਾ ਗਾਂਧੀ, ਪਛਮੀ ਬੰਗਾਲ ਦੇ ਤਾਮਲੁਕ ਤੋਂ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ, ਹਰਿਆਣਾ ਦੇ ਕੁਰੂਕਸ਼ੇਤਰ ਤੋਂ ਉਦਯੋਗਪਤੀ ਨਵੀਨ ਜਿੰਦਲ (ਸਾਰੇ ਭਾਜਪਾ), ਹਰਿਆਣਾ ਦੇ ਸਿਰਸਾ ਤੋਂ ਕੁਮਾਰੀ ਸ਼ੈਲਜਾ, ਹਰਿਆਣਾ ਦੇ ਰੋਹਤਕ ਤੋਂ ਦੀਪੇਂਦਰ ਸਿੰਘ ਹੁੱਡਾ, ਦਿੱਲੀ ਦੇ ਚਾਂਦਨੀ ਚੌਕ ਤੋਂ ਜੇ.ਪੀ. ਅਗਰਵਾਲ (ਸਾਰੇ ਕਾਂਗਰਸ) ਚੋਣ ਮੈਦਾਨ ’ਚ ਸਨ। ਪੀ.ਡੀ.ਪੀ. ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ (ਅਨੰਤਨਾਗ-ਰਾਜੌਰੀ) ਅਤੇ ਅਦਾਕਾਰ-ਸਿਆਸਤਦਾਨ ਦੀਪਕ ਅਧਿਕਾਰੀ ਦੇਵ ਪਛਮੀ ਬੰਗਾਲ ਦੇ ਘਾਟਲ (ਤ੍ਰਿਣਮੂਲ ਕਾਂਗਰਸ) ਤੋਂ ਸ਼ਾਮਲ ਹਨ। 

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬਾਂਸੂਰੀ ਸਵਰਾਜ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸੋਮਨਾਥ ਭਾਰਤੀ, ਕਾਂਗਰਸ ਦੇ ਰਾਜ ਬੱਬਰ ਦਾ ਮੁਕਾਬਲਾ ਕੇਂਦਰੀ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਰਾਓ ਇੰਦਰਜੀਤ ਸਿੰਘ ਨਾਲ ਗੁੜਗਾਓਂ ਤੋਂ, ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੇ ਚਚੇਰੇ ਭਰਾ ਧਰਮਿੰਦਰ ਯਾਦਵ ਨੇ ਆਜ਼ਮਗੜ੍ਹ ਤੋਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਦਿਨੇਸ਼ ਲਾਲ ਯਾਦਵ ‘ਨਿਰਹੂਆ’ ਨਾਲ ਕੀਤਾ। 

ਦਿੱਲੀ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਚੀਫ ਜਸਟਿਸ ਡੀਵਾਈ ਚੰਦਰਚੂੜ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਨੇਤਾ ਸੋਨੀਆ ਅਤੇ ਰਾਹੁਲ ਗਾਂਧੀ, ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ, ਕ੍ਰਿਕਟਰ ਕਪਿਲ ਦੇਵ, ਅਦਾਕਾਰਾ ਚਿਤਰਾਂਗਦਾ ਸਿੰਘ ਨੇ ਵੋਟ ਪਾਈ। 

ਜੰਮੂ-ਕਸ਼ਮੀਰ ’ਚ ਅਨੰਤਨਾਗ-ਰਾਜੌਰੀ ਸੀਟ ’ਤੇ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੀ, ਜਿਸ ’ਚ ਉਤਸ਼ਾਹੀ ਵੋਟਰਾਂ ਨੇ ਵੋਟਿੰਗ ਕੀਤੀ, ਜਿਸ ਨਾਲ ਵੋਟਿੰਗ ਕਈ ਦਹਾਕਿਆਂ ’ਚ ਸੱਭ ਤੋਂ ਵੱਧ ਹੋ ਗਈ। ਕਸ਼ਮੀਰ ਘਾਟੀ ਦੀਆਂ ਹੋਰ ਦੋ ਸੀਟਾਂ ਸ਼੍ਰੀਨਗਰ (38.49 ਫੀ ਸਦੀ) ਅਤੇ ਬਾਰਾਮੂਲਾ (59.1 ਫੀ ਸਦੀ ) ’ਚ ਵੀ ਵੋਟਿੰਗ ਦਰਜ ਕੀਤੀ ਗਈ, ਜੋ ਕਈ ਦਹਾਕਿਆਂ ’ਚ ਸੱਭ ਤੋਂ ਵੱਧ ਸੀ। 

ਇਸ ਪੜਾਅ ਦੇ ਨਾਲ ਹੀ ਦਿੱਲੀ, ਹਰਿਆਣਾ ਅਤੇ ਜੰਮੂ-ਕਸ਼ਮੀਰ ਉਨ੍ਹਾਂ 25 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਸ਼ਾਮਲ ਹੋ ਗਏ ਹਨ, ਜਿੱਥੇ ਪਹਿਲੇ ਪੜਾਵਾਂ ’ਚ ਵੋਟਿੰਗ ਹੋ ਚੁਕੀ ਹੈ ਅਤੇ ਸੰਸਦੀ ਸੀਟਾਂ ਦੀ ਗਿਣਤੀ 486 ਹੋ ਗਈ ਹੈ, ਜਿੱਥੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ਚ ਬੰਦ ਹੋ ਗਈ ਹੈ। ਹੁਣ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪਛਮੀ ਬੰਗਾਲ ਅਤੇ ਓਡੀਸ਼ਾ ਦੇ ਨਾਲ-ਨਾਲ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀਆਂ ਬਾਕੀ 57 ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ।

‘ਪੀ.ਡੀ.ਪੀ. ਵਰਕਰਾਂ ਨੂੰ ਹਿਰਾਸਤ ’ਚ ਲਏ ਜਾਣ’ ਦੇ ਵਿਰੋਧ ’ਚ ਮਹਿਬੂਬਾ ਮੁਫਤੀ ਨੇ ਪ੍ਰਦਰਸ਼ਨ ਕੀਤਾ

ਬਿਜਬੇਹੜਾ (ਜੰਮੂ-ਕਸ਼ਮੀਰ): ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਸਨਿਚਰਵਾਰ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਅਪਣੀ ਪਾਰਟੀ ਦੇ ਵਰਕਰਾਂ ਅਤੇ ਪੋਲਿੰਗ ਏਜੰਟਾਂ ਨੂੰ ਕਥਿਤ ਤੌਰ ’ਤੇ ਹਿਰਾਸਤ ’ਚ ਲਏ ਜਾਣ ਦੇ ਵਿਰੋਧ ’ਚ ਇਕ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਲਈ ਵੋਟਿੰਗ ਹੋ ਰਹੀ ਸੀ, ਜਿੱਥੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਸਮੇਤ 20 ਉਮੀਦਵਾਰ ਮੈਦਾਨ ’ਚ ਹਨ। 

ਮਹਿਬੂਬਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੋਬਾਈਲ ਨੰਬਰ ਤੋਂ ਬਾਹਰ ਜਾਣ ਵਾਲੀ ਕਾਲ ਦੀ ਸਹੂਲਤ ਨੂੰ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਮੁਅੱਤਲ ਕਰ ਦਿਤਾ ਗਿਆ ਸੀ। ਹਾਲਾਂਕਿ, ਪੁਲਿਸ ਨੇ ਕਿਹਾ ਕਿ ਹਿਰਾਸਤ ’ਚ ਲਏ ਗਏ ਲੋਕ ‘ਓਵਰਗਰਾਊਂਡ ਵਰਕਰ’ (ਅਤਿਵਾਦੀਆਂ ਦੇ ਸਹਿਯੋਗੀ) ਸਨ ਅਤੇ ਇਹ ਕਾਰਵਾਈ ਚੋਣਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਸੀ। 

ਮਹਿਬੂਬਾ ਨੇ ਸ਼੍ਰੀਨਗਰ-ਜੰਮੂ ਕੌਮੀ ਰਾਜਮਾਰਗ ’ਤੇ ਬਿਜਬੇਹੜਾ ਥਾਣੇ ਦੇ ਬਾਹਰ ਧਰਨਾ ਦਿਤਾ। ਪ੍ਰਦਰਸ਼ਨਕਾਰੀਆਂ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵਿਰੁਧ ਨਾਅਰੇਬਾਜ਼ੀ ਕੀਤੀ ਅਤੇ ਹਿਰਾਸਤ ’ਚ ਲਏ ਗਏ ਲੋਕਾਂ ਦੀ ਤੁਰਤ ਰਿਹਾਈ ਦੀ ਮੰਗ ਕੀਤੀ। 

ਮਹਿਬੂਬਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਡੇ ਪੀ.ਡੀ.ਪੀ. ਪੋਲਿੰਗ ਏਜੰਟ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਅਸੀਂ ਕਾਰਨ ਪੁੱਛ ਰਹੇ ਹਾਂ ਪਰ ਉਹ ਕੁੱਝ ਨਹੀਂ ਕਹਿ ਰਹੇ। ਜੇ ਉਹ ਮੇਰੇ ਸੰਸਦ ਜਾਣ ਤੋਂ ਇੰਨੇ ਡਰਦੇ ਹਨ ਤਾਂ ਉਪ ਰਾਜਪਾਲ ਸਾਫ਼ ਕਹਿਣ ਦੇਣ ਕਿ ਮੈਂ ਚੋਣ ਨਾ ਲੜਾਂ।’’ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ‘ਹੇਰਾਫੇਰੀ’ 1987 ’ਚ ਵੇਖਣ ਨੂੰ ਮਿਲੀ ਸੀ। ਕਈਆਂ ਦਾ ਮੰਨਣਾ ਹੈ ਕਿ ਕਸ਼ਮੀਰ ’ਚ ਇਸੇ ਕਾਰਨ ਅਤਿਵਾਦ ਭੜਕਿਆ ਸੀ। 

ਪੁਲਿਸ ਨੇ ਕਿਹਾ ਕਿ ਸਿਰਫ ਕੁੱਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਜਿਨ੍ਹਾਂ ਦਾ ‘ਮਾੜਾ ਟਰੈਕ ਰੀਕਾਰਡ’ ਹੈ ਜੋ ਵੋਟਿੰਗ ਵਾਲੇ ਦਿਨ ਕਾਨੂੰਨ ਅਤੇ ਵਿਵਸਥਾ ਲਈ ਖਤਰਾ ਪੈਦਾ ਕਰ ਸਕਦੇ ਹਨ। ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪੀ.ਡੀ.ਪੀ. ਮੁਖੀ ਨੂੰ ਨਾਕਾਬੰਦੀ ਹਟਾਉਣ ਲਈ ਮਨਾਉਣ ਲਈ ਇਕ ਘੰਟੇ ਤੋਂ ਵੱਧ ਸਮੇਂ ਤਕ ਕੋਸ਼ਿਸ਼ਾਂ ਕੀਤੀਆਂ ਪਰ ਸਫਲ ਨਹੀਂ ਹੋਈਆਂ। 

ਉਨ੍ਹਾਂ ਕਿਹਾ ਕਿ ਵੱਧ ਰਹੀ ਭੀੜ ਨੂੰ ਖਿੰਡਾਉਣ ਲਈ ਪੁਲਿਸ ਕਰਮਚਾਰੀਆਂ ਨੇ ਮਾਮੂਲੀ ਲਾਠੀਚਾਰਜ ਦਾ ਸਹਾਰਾ ਲਿਆ। ਮੀਡੀਆ ਕਰਮੀਆਂ ਨੇ ਦਾਅਵਾ ਕੀਤਾ ਕਿ ਲਾਠੀਚਾਰਜ ’ਚ ਕੁੱਝ ਮੀਡੀਆ ਕਰਮਚਾਰੀ ਵੀ ਜ਼ਖਮੀ ਹੋਏ ਹਨ। ਮਹਿਬੂਬਾ ਥੋੜ੍ਹੀ ਦੇਰ ਲਈ ਵੋਟ ਪਾਉਣ ਲਈ ਪ੍ਰਦਰਸ਼ਨ ਵਾਲੀ ਥਾਂ ਤੋਂ ਚਲੀ ਗਈ। ਮੀਡੀਆ ਕਰਮੀਆਂ ਨੂੰ ਪੋਲਿੰਗ ਬੂਥ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਗਈ ਅਤੇ ਸੁਰੱਖਿਆ ਕਰਮਚਾਰੀਆਂ ਨੇ ਬੂਥ ਤੋਂ 100 ਮੀਟਰ ਪਹਿਲਾਂ ਰੋਕ ਦਿਤਾ। 

ਅਨੰਤਨਾਗ-ਰਾਜੌਰੀ ’ਚ ਇਕ ਪੋਲਿੰਗ ਸਟੇਸ਼ਨ ’ਤੇ ਜਾਣਬੁਝ ਕੇ ਹੌਲੀ ਵੋਟਿੰਗ ਕਰਵਾਉਣ ਦਾ ਦੋਸ਼

ਸ੍ਰੀਨਗਰ: ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਨੇਤਾ ਇਲਤਿਜਾ ਮੁਫਤੀ ਨੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਅਨੰਤਨਾਗ-ਰਾਜੌਰੀ ਲੋਕ ਸਭਾ ਹਲਕੇ ਦੇ ਇਕ ਪੋਲਿੰਗ ਸਟੇਸ਼ਨ ’ਤੇ ਜਾਣਬੁਝ ਕੇ ਹੌਲੀ ਵੋਟਿੰਗ ਕਰਵਾਈ ਜਾ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਇਲਤਿਜਾ ਮੁਫਤੀ ਦੀ ਮਾਂ ਅਤੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਅਨੰਤਨਾਗ-ਰਾਜੌਰੀ ਸੀਟ ਤੋਂ ਉਮੀਦਵਾਰ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਖਾਨਾਬਲ ’ਚ ਪੋਲਿੰਗ ਸਟੇਸ਼ਨ ਨੰਬਰ 26 ’ਤੇ ਵੋਟਿੰਗ ਨੂੰ ਜਾਣਬੁਝ ਕੇ ਹੌਲੀ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਵਲ ਧਿਆਨ ਦੇਣ।’’ ਪੀ.ਡੀ.ਪੀ. ਦੇ ਹੋਰ ਨੇਤਾਵਾਂ ਨੇ ਵੀ ਦੋਸ਼ ਲਾਇਆ ਕਿ ਹੋਰ ਪੋਲਿੰਗ ਬੂਥਾਂ ’ਤੇ ਹੌਲੀ ਵੋਟਿੰਗ ਹੋਈ। 

ਹਾਲਾਂਕਿ, ਪ੍ਰਸ਼ਾਸਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਵੋਟਿੰਗ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਸੂਚਨਾ ਅਤੇ ਲੋਕ ਸੰਪਰਕ ਡਾਇਰੈਕਟੋਰੇਟ ਨੇ ਦਸਿਆ ਕਿ ਪੋਲਿੰਗ ਸਟੇਸ਼ਨ ਨੰਬਰ 26 ’ਤੇ ਵੋਟਿੰਗ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਸਵੇਰੇ 9 ਵਜੇ ਤਕ 11.75 ਫੀ ਸਦੀ ਵੋਟਿੰਗ ਹੋਈ, ਜਦਕਿ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤਕ 20.7 ਫੀ ਸਦੀ ਵੋਟਿੰਗ ਹੋਈ ਹੈ। ਅਸੀਂ ਸਾਰਿਆਂ ਨੂੰ ਸ਼ਾਂਤੀਪੂਰਨ ਵੋਟਿੰਗ ਲਈ ਸਹਿਯੋਗ ਕਰਨ ਦੀ ਅਪੀਲ ਕਰਦੇ ਹਾਂ। 

ਜੰਮੂ-ਕਸ਼ਮੀਰ ਦੇ ਪੁੰਛ ’ਚ ਪੋਲਿੰਗ ਬੂਥ ਦੇ ਬਾਹਰ ਝੜਪ, 6 ਜ਼ਖਮੀ 

ਜੰਮੂ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਸਬ-ਡਵੀਜ਼ਨ ’ਚ ਸਨਿਚਰਵਾਰ ਨੂੰ ਇਕ ਪੋਲਿੰਗ ਬੂਥ ਦੇ ਬਾਹਰ ਦੋ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਹੋਈ ਝੜਪ ’ਚ ਚਾਰ ਔਰਤਾਂ ਸਮੇਤ 6 ਲੋਕ ਮਾਮੂਲੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ । ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਦੇ ਦਖਲ ਦੇ ਨਤੀਜੇ ਵਜੋਂ ਸ਼ਾਹਪੁਰ ਸੈਕਟਰ ਦੇ ਪੋਲਿੰਗ ਸਟੇਸ਼ਨ ’ਤੇ ਵੋਟਿੰਗ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀ ਅਤੇ ਪੁਲਿਸ ਨੇ ਟਕਰਾਅ ਵਾਲੇ ਸਮੂਹਾਂ ਨੂੰ ਵੱਖ ਕਰ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੇ ਇਸ ਸਬੰਧ ’ਚ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਪੁੰਛ ਅਨੰਤਨਾਗ-ਰਾਜੌਰੀ ਸੰਸਦੀ ਹਲਕੇ ਦਾ ਹਿੱਸਾ ਹੈ, ਜਿੱਥੇ ਸਨਿਚਰਵਾਰ ਨੂੰ ਛੇਵੇਂ ਪੜਾਅ ’ਚ ਵੋਟਿੰਗ ਹੋਈ ਸੀ। ਪੁੰਛ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਨੇ ਕਿਹਾ ਕਿ ਵਿਵਾਦ ਨੂੰ ਸਮੇਂ ਸਿਰ ਰੋਕ ਦਿਤਾ ਗਿਆ ਅਤੇ ਇਸ ਮਾਮਲੇ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਵੋਟਿੰਗ ਕਿਸੇ ਵੀ ਸਮੇਂ ਵਿਘਨ ਨਹੀਂ ਪਈ ਅਤੇ ਸੁਚਾਰੂ ਢੰਗ ਨਾਲ ਚੱਲੀ।

ਵਰਿੰਦਾ ਕਰਤ ਨੇ ਅਪਣੇ ਬੂਥ ’ਤੇ ਵੋਟਿੰਗ ’ਚ ਦੇਰੀ ਲਈ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ 

ਨਵੀਂ ਦਿੱਲੀ: ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐੱਮ.) ਦੀ ਸੀਨੀਅਰ ਆਗੂ ਬਰਿੰਦਾ ਕਰਤ ਨੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਉਨ੍ਹਾਂ ਦੇ ਪੋਲਿੰਗ ਬੂਥ ’ਤੇ ਈ.ਵੀ.ਐਮ. ਕੰਟਰੋਲ ਯੂਨਿਟ ਦੀ ਬੈਟਰੀ ਖਤਮ ਹੋਣ ਕਾਰਨ ਉਨ੍ਹਾਂ ਨੂੰ ਵੋਟ ਪਾਉਣ ਲਈ ਕਰੀਬ ਇਕ ਘੰਟੇ ਦੀ ਉਡੀਕ ਕਰਨੀ ਪਈ। ਦੂਜੇ ਪਾਸੇ ਰਿਟਰਨਿੰਗ ਅਫਸਰ ਨੇ ਕਿਹਾ ਕਿ ਵੋਟਿੰਗ ਸਿਰਫ 15 ਮਿੰਟ ਲਈ ਰੋਕ ਦਿਤੀ ਗਈ ਸੀ ਅਤੇ ਹੁਣ ਇਹ ਫਿਰ ਤੋਂ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਕਰਤ ਨਵੀਂ ਦਿੱਲੀ ਸੰਸਦੀ ਹਲਕੇ ਦੇ ਸੇਂਟ ਕੋਲੰਬਾ ਸਕੂਲ ਦੇ ਪੋਲਿੰਗ ਬੂਥ ’ਤੇ ਵੋਟ ਪਾਉਣ ਗਈ ਸੀ। 

ਚੋਣ ਕਮਿਸ਼ਨ ਵਲੋਂ ਕੀਤੇ ਗਏ ਪ੍ਰਬੰਧਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਲਗਭਗ 50 ਮਿੰਟ ਇੰਤਜ਼ਾਰ ਕਰਨਾ ਪਿਆ। ਕਰਤ ਨੇ ਕਿਹਾ, ‘‘ਅਸੀਂ ਵੋਟ ਪਾਉਣ ਆਏ ਹਾਂ, ਉਹ ਕਹਿ ਰਹੇ ਹਨ ਕਿ ਮਸ਼ੀਨ ਦੀ ਬੈਟਰੀ ਘੱਟ ਗਈ ਹੈ। ਜੇਕਰ ਸਵੇਰੇ ਮਸ਼ੀਨ ਦੀ ਬੈਟਰੀ ਖ਼ਤਮ ਹੋ ਜਾਂਦੀ ਹੈ ਤਾਂ ਕਲਪਨਾ ਕਰੋ ਕਿ ਚੋਣ ਕਮਿਸ਼ਨ ਦੀ ਕੀ ਹਾਲਤ ਹੋਵੇਗੀ।’’ ਉਨ੍ਹਾਂ ਕਿਹਾ, ‘‘ਮੈਂ ਇੱਥੇ ਸ਼ਿਕਾਇਤ ਲਿਖੀ ਹੈ ਕਿ ਅਜਿਹਾ ਕਿਵੇਂ ਹੋਇਆ ਕਿ ਸਵੇਰੇ 9 ਵਜੇ ਮਸ਼ੀਨ ਦੀ ਬੈਟਰੀ ਖਰਾਬ ਹੋ ਗਈ, ਉਨ੍ਹਾਂ ਨੇ ਕੀ ਪ੍ਰਬੰਧ ਕੀਤੇ ਹਨ, ਲੋਕ ਇੰਨੇ ਲੰਮੇ ਸਮੇਂ ਤੋਂ ਗਰਮੀ ’ਚ ਇੱਥੇ ਇੰਤਜ਼ਾਰ ਕਰ ਰਹੇ ਹਨ।’’ 

ਕਰਤ ਨੇ ਬਾਅਦ ’ਚ ਪੀ.ਟੀ.ਆਈ. ਨੂੰ ਦਸਿਆ ਕਿ ਉਨ੍ਹਾਂ ਨੂੰ ਲਗਭਗ 50 ਮਿੰਟ ਉਡੀਕ ਕਰਨੀ ਪਈ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਮਸ਼ੀਨ ਦੀ ਬੈਟਰੀ ਲਗਭਗ 20 ਮਿੰਟਾਂ ਤੋਂ ਡਾਊਨ ਸੀ। ਉਨ੍ਹਾਂ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਨਵੀਂ ਦਿੱਲੀ ਜ਼ਿਲ੍ਹੇ ਦੇ ਰਿਟਰਨਿੰਗ ਅਧਿਕਾਰੀ ਨੇ ਇਕ ਐਕਸ-ਅਧਾਰਤ ਪੋਸਟ ਵਿਚ ਕਿਹਾ ਕਿ ਜਿਸ ਪੋਲਿੰਗ ਸਟੇਸ਼ਨ ’ਤੇ ਉਹ ਵੋਟ ਪਾਉਣ ਗਈ ਸੀ, ਉਸ ਦੀ ਕੰਟਰੋਲ ਯੂਨਿਟ ਦੀ ਬੈਟਰੀ ਸਵੇਰੇ 10 ਵਜੇ ਦੇ ਕਰੀਬ ਖ਼ਤਮ ਹੋ ਗਈ ਅਤੇ 15 ਮਿੰਟ ਦੇ ਅੰਦਰ ਬਦਲ ਦਿਤੀ ਗਈ। 

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement