
ਪਛਮੀ ਦਿੱਲੀ 'ਚ ਥਲ ਸੈਨਾ ਦੇ ਮੇਜਰ ਦੀ ਪਤਨੀ ਦੀ ਹਤਿਆ ਦੇ ਦੋਸ਼ 'ਚ ਇਕ ਹੋਰ ਮੇਜਰ ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਹਿਰਾਸਤ ਵਿਚ ਲਿਆ ਗਿਆ......
ਨਵੀਂ ਦਿੱਲੀ : ਪਛਮੀ ਦਿੱਲੀ 'ਚ ਥਲ ਸੈਨਾ ਦੇ ਮੇਜਰ ਦੀ ਪਤਨੀ ਦੀ ਹਤਿਆ ਦੇ ਦੋਸ਼ 'ਚ ਇਕ ਹੋਰ ਮੇਜਰ ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਨੇ ਦਸਿਆ ਕਿ ਫ਼ੌਜ ਦੇ ਮੇਜਰ ਨਿਖਿਲ ਹਾਂਡਾ ਨੂੰ ਦਿੱਲੀ ਪੁਲਿਸ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਮੇਜਰ ਦੀ ਪਤਨੀ ਸ਼ੈਲਜਾ ਤ੍ਰਿਵੇਦੀ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ ਅਤੇ 2005 ਵਿਚ ਉਸ ਦਾ ਮੇਜਰ ਨਾਲ ਵਿਆਹ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਦੀ ਹਤਿਆ ਪਿੱਛੇ ਨਾਜਾਇਜ਼ ਸਬੰਧ ਹਨ। ਸੂਤਰਾਂ ਮੁਤਾਬਕ ਸ਼ੈਲਜਾ ਦੇ ਪਤੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹਨ।
ਜਾਂਚ ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਛਾਉਣੀ ਦੇ ਬਰਾਰ ਸਕੁਏਅਰ ਨੇੜੇ ਸ਼ੈਲਜਾ ਦੀ ਲਾਸ਼ ਮਿਲੀ ਸੀ। ਉਸ ਦਾ ਗਲ ਵਢਿਆ ਹੋਇਆ ਸੀ। ਸ਼ੁਰੂਆਤ ਵਿਚ ਪੁਲਿਸ ਨੂੰ ਸੂਚਨਾ ਦਿਤੀ ਗਈ ਕਿ ਔਰਤ ਦੀ ਦੁਰਘਟਨਾ 'ਚ ਮੌਤ ਹੋ ਗਈ ਹੈ ਪਰ ਬਾਅਦ 'ਚ ਜਦੋਂ ਲਾਸ਼ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ ਗਲਾ ਵਢਿਆ ਹੋਇਆ ਸੀ।
ਪੁਲਿਸ ਨੇ ਦਸਿਆ ਕਿ ਮੁਲਜ਼ਮ ਨੇ ਉਸ ਦੇ ਚਿਹਰੇ ਨੂੰ ਕਾਰ ਨਾਲ ਦਰੜ ਦਿਤਾ ਤਾਕਿ ਇਹ ਘਟਨਾ ਹਾਦਸੇ ਵਾਂਗ ਲੱਗੇ। ਜ਼ਿਕਰਯੋਗ ਹੈ ਕਿ ਔਰਤ ਨੂੰ ਉਸ ਦੇ ਪਤੀ ਦੇ ਨਿਜੀ ਵਾਹਨ 'ਚ ਇਕ ਚਾਲਕ ਨੇ ਕਲ ਆਰਮੀ ਬੇਸ ਹਸਪਤਾਲ 'ਚ ਛਡਿਆ ਸੀ। ਬਾਅਦ ਵਿਚ ਜਦ ਉਹ ਉਸ ਨੂੰ ਲਿਜਾਣ ਲਈ ਆਇਆ ਤਾਂ ਉਹ ਉਥੇ ਨਹੀਂ ਸੀ ਅਤੇ ਇਹ ਵੀ ਪਤਾ ਲੱਗਾ ਕਿ ਉਹ ਅਪਣੇ ਫ਼ਿਜ਼ੀਓਥੈਰੇਪੀ ਸੈਸ਼ਨ ਵਿਚ ਵੀ ਸ਼ਾਮਲ ਨਹੀਂ ਹੋਈ ਸੀ। (ਏਜੰਸੀ)