ਸੁਨਾਰਿਆ ਜੇਲ ਪ੍ਰਸ਼ਾਸਨ ਨੇ ਇਸ ਸਬੰਧੀ ਸਿਰਸਾ ਦੇ ਡਿਪਟੀ ਕਮਿਸ਼ਨਰ ਕੋਲੋਂ ਰਿਪੋਰਟ ਮੰਗੀ ਹੈ ਤੇ ਪੁਛਿਆ ਹੈ ਕਿ ਕੈਦੀ ਗੁਰਮੀਤ ਸਿੰਘ ਨੂੰ ਪੈਰੋਲ ਦਿਤੀ ਜਾਵੇ ਜਾਂ ਨਹੀਂ
ਸਿਰਸਾ (ਸੁਰਿੰਦਰ ਪਾਲ ਸਿੰਘ): ਸਾਧਵੀ ਯੋਨ ਸੋਸ਼ਣ ਮਾਮਲੇ ਅਤੇ ਪੱਤਰਕਾਰ ਛੱਤਰਪਤੀ ਹਤਿਆ ਕਾਂਡ ਸਮੇਤ 'ਚ ਰੋਹਤਕ ਦੀ ਸੁਨਾਰੀਆ ਜੇਲ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ 'ਤੇ ਕਈ ਕੇਸ ਅਦਾਲਤ ਦੇ ਵਿਚਾਰ ਅਧੀਨ ਹਨ। ਇਨ੍ਹਾਂ ਵਿਚੋਂ ਹੀ ਡੇਰੇ ਅੰਦਰ 400 ਸਾਧੂਆਂ ਨੂੰ ਧਰਮ ਦੇ ਨਾਮ ਤੇ ਨਿਪੁੰਨਸਕ ਬਣਾਉਣ ਅਤੇ ਰਣਜੀਤ ਹਤਿਆਕਾਂਡ ਦਾ ਮਾਮਲਾ ਵੀ ਪੰਚਕੂਲਾ ਦੀ ਅਦਾਲਤ ਵਿਚ ਵਿਚਾਰ ਅਧੀਨ ਹੈ। ਉਧਰ ਸੌਦਾ ਸਾਧ ਦੁਆਰਾ ਖੇਤੀਬਾੜੀ ਕੰਮਾਂ ਲਈ ਪੈਰੋਲ ਮੰਗਣ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਵਿਵਸਥਾ ਅਤੇ ਖੇਤੀ ਭੂਮੀ ਸੰਬਧੀ ਤੱਥ ਜੁਟਾਉਣ ਦੀ ਪਰਿਕ੍ਰਿਆ ਸ਼ੁਰੂ ਕਰ ਦਿਤੀ ਹੈ।
ਸਿਰਸਾ ਦੇ ਐਸ.ਪੀ ਅਰੁਣ ਸਿੰਘ ਨੇ ਐਸ.ਆਈ.ਟੀ ਸਹਿਤ ਐਸ.ਐਚ.ਓ ਸਦਰ ਅਤੇ ਐਸ.ਐਚ ਓ ਸਿਟੀ ਨੂੰ ਇਸ ਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ। ਇਹ ਪੂਰੀ ਰਿਪੋਰਟ ਤਿਆਰ ਕਰ ਕੇ ਐਸ.ਆਈ.ਟੀ ਨੂੰ ਸੌਂਪੀ ਜਾਣੀ ਹੈ। ਕਿਉਂਕਿ ਡੇਰੇ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਐਸ.ਆਈ.ਟੀ ਕਰ ਰਹੀ ਹੈ। ਐਸ.ਆਈ.ਟੀ ਨੇ ਮਾਲ ਵਿਭਾਗ ਨੂੰ ਡੇਰਾ ਅਤੇ ਡੇਰਾ ਪ੍ਰਮੁੱਖ ਦੀ ਖੇਤੀ ਭੂਮੀ ਦਾ ਰਿਕਾਰਡ ਉਪਲਬਧ ਕਰਵਾਉਣ ਲਈ ਕਿਹਾ ਹੈ ਜਿਸ ਨਾਲ ਇਹ ਪਤਾ ਕੀਤਾ ਜਾ ਸਕੇ ਕਿ ਸਾਧ ਕੋਲ ਖੇਤੀ ਯੋਗ ਕਿੰਨੀ ਜ਼ਮੀਨ ਹੈ।
ਹੁਣ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਮਾਲਾ ਵਿਭਾਗ ਨੇ ਡੇਰੇ ਦੀ ਪ੍ਰਾਪਰਟੀ ਦੇ ਰਿਕਾਰਡ ਨੂੰ ਘੋਖਣਾ ਸ਼ੁਰੂ ਕਰ ਦਿਤਾ ਹੈ। ਜਾਣਕਾਰੀ ਅਨੁਸਾਰ ਡੇਰੇ ਕੋਲ ਕਰੀਬ 800 ਏਕੜ ਜ਼ਮੀਨ ਹੈ। ਜਿਸ ਵਿਚੋਂ ਕਰੀਬ 250 ਏਕੜ ਜ਼ਮੀਨ ਖੇਤੀ ਯੋਗ ਹੈ ਇਸ ਵਿਚੋਂ ਕੁੱਝ ਰਿਸਰਚ ਸੈਂਟਰ ਦੇ ਨਾਮ ਅਤੇ ਕੁੱਝ ਸਾਧ ਦੇ ਨਾਮ ਹੈ। ਇਸੇ ਪ੍ਰਕਾਰ ਪੁਰਾਣੇ ਡੇਰੇ ਕੋਲ 25 ਏਕੜ ਭੂਮੀ ਹੈ ਜਿਸ ਵਿਚੋਂ ਖੇਤੀਬਾੜੀ ਲਾਇਕ ਭੂਮੀ ਲਗਭਗ ਦਸ ਏਕੜ ਹੈ। ਇਸ ਤੋਂ ਇਲਾਵਾ ਹਰਿਆਣਾ ਪੰਜਾਬ, ਰਾਜਸਥਾਨ ਅਤੇ ਦੇਸ਼ ਦੇ ਵੱਖ ਵੱਖ ਹਿਸਿਆਂ ਵਿਚ ਵੀ ਡੇਰੇ ਕੋਲ ਬੇ-ਥਾਹ ਸੰਪਤੀ ਹੈ।
ਇਸੇ ਲਈ ਸੌਦਾ ਸਾਧ ਨੇ ਖੇਤੀ ਕੰਮਾਂ ਲਈ ਪੈਰੋਲ ਦੀ ਮੰਗ ਕੀਤੀ ਹੈ। ਸੁਨਾਰਿਆ ਜੇਲ ਪ੍ਰਸ਼ਾਸਨ ਨੇ ਇਸ ਸਬੰਧੀ ਸਿਰਸਾ ਦੇ ਡਿਪਟੀ ਕਮਿਸ਼ਨਰ ਕੋਲੋਂ ਰਿਪੋਰਟ ਮੰਗੀ ਹੈ ਤੇ ਪੁਛਿਆ ਹੈ ਕਿ ਕੈਦੀ ਗੁਰਮੀਤ ਸਿੰਘ ਨੂੰ ਪੈਰੋਲ ਦਿਤੀ ਜਾਵੇ ਜਾਂ ਨਹੀਂ? ਇਸ ਸਬੰਧੀ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਅਪਣੀਆਂ ਸਿਫ਼ਾਰਸ਼ਾਂ ਕਿਸ ਸੰਦਰਭ ਵਿਚ ਉਚ ਅਧਿਕਾਰੀਆਂ ਨੂੰ ਭੇਜਦਾ ਹੈ, ਇਹ ਸਾਰਾ ਮਾਮਲਾ ਮੀਡੀਆ ਦੀ ਅੱਖ ਤੋਂ ਦੂਰ ਰਖਿਆ ਜਾ ਰਿਹਾ ਹੈ। ਉਧਰ ਮਰਹੂਮ ਰਾਮ ਚੰਦਰ ਛੱਤਰਪਤੀ ਦਾ ਪਰਵਾਰ ਸੌਦਾ ਸਾਧ ਦੀ ਰਿਹਾਈ ਸਬੰਧੀ ਖ਼ਬਰਾਂ ਸੁਣ ਕੇ ਮੁੜ ਸਹਿਮ ਵਿਚ ਹੈ।
ਪਰਵਾਰਕ ਮੈਂਬਰਾਂ ਨੂੰ ਡਰ ਹੈ ਕਿ ਜੇਕਰ ਸਾਧ ਜੇਲ 'ਚੋਂ ਬਾਹਰ ਆ ਗਿਆ ਤਾਂ ਸਿਰਸੇ ਵਾਲੇ ਡੇਰੇ ਵਿਚ ਫਿਰ ਤੋਂ ਚੇਲੇ ਇਕੱਠੇ ਹੋਣ ਲੱਗ ਜਾਣਗੇ ਤੇ ਹੋ ਸਕਦਾ ਹੈ ਕਿ ਉਨ੍ਹਾਂ ਦੇ ਪਰਵਾਰ ਵਿਰੁਧ ਕੋਈ ਹੋਰ ਸਾਜਸ਼ ਰਚ ਲਈ ਜਾਵੇ। ਇਸ ਲਈ ਮਰਹੂਮ ਪੱਤਰਕਾਰ ਦੇ ਪਰਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸੌਦਾ ਸਾਧ ਨੂੰ ਪੈਰੋਲ ਲਾ ਦਿਤੀ ਜਾਵੇ। ਉਧਰ ਐਸ.ਆਈ.ਟੀ ਸਿਰਸਾ ਦੇ ਡੀ.ਐਸ.ਪੀ.ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸਾਸ਼ਨ ਇਸ ਸੰਵੇਦਨਸ਼ੀਲ ਮਾਮਲੇ ਤੇ ਬਹੁਤ ਮਸਤੈਦੀ ਅਤੇ ਵਕਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੰਮ ਕਰ ਰਿਹਾ ਹੈ।