
ਫ਼ੌਜੀ ਹਸਪਤਾਲ ਜਾ ਕੇ ਜ਼ਖ਼ਮੀ ਜਵਾਨਾਂ ਨੂੰ ਦਿਤਾ ਪ੍ਰਸ਼ੰਸਾ ਪੱਤਰ
ਨਵੀਂ ਦਿੱਲੀ, 24 ਜੂਨ : ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਬੁਧਵਾਰ ਨੂੰ ਪੂਰਬੀ ਲਦਾਖ਼ ਵਿਚ ਵੱਖ-ਵੱਖ ਅਗਾਉ ਇਲਾਕਿਆਂ ਦਾ ਦੌਰਾ ਕੀਤਾ ਅਤੇ ਚੀਨੀ ਫ਼ੌਜ ਨਾਲ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਭਾਰਤੀ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਮਾਮਲੇ ਦੀ ਜਾਣਕਾਰੀ ਰਖਣ ਵਾਲੇ ਲੋਕਾਂ ਨੇ ਦਸਿਆ ਕਿ ਲਦਾਖ਼ ਦੀ ਦੋ ਦਿਨਾਂ ਯਾਤਰਾ ’ਤੇ ਲੇਹ ਪਹੁੰਚੇ ਜਨਰਲ ਨਰਵਣੇ ਨੇ ਹਾਲ ਹੀ ਵਿਚ ਹੋਈ ਹਿੰਸਕ ਝੜਪ ਵਿਚ ਚੀਨੀ ਫ਼ੌਜੀਆਂ ਨਾਲ ਲੋਹਾ ਲੈਣ ਵਾਲੇ ਭਾਰਤੀ ਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿਤਾ।
File Photo
ਫ਼ੌਜ ਪ੍ਰਮੁਖ ਨੇ ਮੰਗਲਵਾਰ ਦੁਪਹਿਰ ਨੂੰ ਉਤਰੀ ਫ਼ੌਜ ਕਮਾਂਡਰ ਲੈਫ਼ਟੀਨੈਂਟ ਜਨਰਲ ਯੋਗੇਸ਼ ਕੁਮਾਰ ਜੋਸ਼ੀ, 14ਵੀਂ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਫ਼ੌਜ ਦੇ ਹੋਰ ਉੱਚ ਅਧਿਕਾਰੀਆਂ ਨਾਲ ਖੇਤਰ ਵਿਚ ਸਾਰੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਲੇਹ ਪਹੁੰਚਣ ਤੋਂ ਬਾਅਦ ਜਨਰਲ ਨਰਵਦੇ ਤੁਰਤ ਫ਼ੌਜ ਦੇ ਹਸਪਤਾਲ ਪਹੁੰਚੇ ਜਿਥੇ ਗਲਵਾਨ ਘਾਟੀ ਵਿਚ 15 ਜੂਨ ਨੂੰ ਹੋਈ ਝੜਪ ਵਿਚ ਜ਼ਖ਼ਮੀ ਹੋਏ 18 ਜਵਾਨਾਂ ਦਾ ਇਲਾਜ ਚਲ ਰਿਹਾ ਹੈ। ਜਨਰਲ ਨਰਵਣੇ ਵਲੋਂ ਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿਤਾ ਗਿਆ। ਫ਼ੌਜ ਮੁਖੀ ਨੇ ਤੈਨਾਤ ਜਵਾਨਾਂ ਨੂੰ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਤ ਕੀਤਾ। (ਪੀਟੀਆਈ)