ਰਾਮ ਮੰਦਿਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਬੀਤੇ ਦਿਨੀਂ ਮੰਦਿਰ ਦੀ ਛੱਤ ਤੋਂ ਪਾਣੀ ਟਪਕਣ ਦੀ ਗੱਲ ਕਹੀ ਸੀ
Ayodhya : ਅਯੁੱਧਿਆ ’ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਭਵਨ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਮੰਦਰ ਦੇ ਗਰਭ ਗ੍ਰਹਿ ’ਚ ਮੀਂਹ ਦਾ ਪਾਣੀ ਭਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਮੰਦਰ ਨਿਰਮਾਣ ਕਾਰਜ ਦੀ ਕੁਆਲਿਟੀ ’ਚ ਕੋਈ ਕਮੀ ਨਹੀਂ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਰਾਮ ਮੰਦਰ ਦਾ ਨਿਰਮਾਣ ਕਰ ਰਿਹਾ ਹੈ।
ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਦੋਸ਼ ਲਾਇਆ ਸੀ ਕਿ ਸਨਿਚਰਵਾਰ ਅੱਧੀ ਰਾਤ ਨੂੰ ਮੀਂਹ ਪੈਣ ਕਾਰਨ ਮੰਦਰ ਦੀ ਛੱਤ ਤੋਂ ਪਾਣੀ ਤੇਜ਼ੀ ਨਾਲ ਟਪਕ ਰਿਹਾ ਸੀ ਅਤੇ ਐਤਵਾਰ ਸਵੇਰੇ ਫਰਸ਼ ’ਤੇ ਪਾਣੀ ਭਰ ਗਿਆ ਸੀ। ਦਾਸ ਨੇ ਕਿਹਾ ਕਿ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਮੰਦਰ ਦੇ ਕੰਪਲੈਕਸ ਤੋਂ ਪਾਣੀ ਬਾਹਰ ਕਢਿਆ ਗਿਆ ਪਰ ਨ੍ਰਿਪੇਂਦਰ ਮਿਸ਼ਰਾ ਨੇ ਇਸ ਦੋਸ਼ ਤੋਂ ਇਨਕਾਰ ਕੀਤਾ।
ਮਿਸ਼ਰਾ ਨੇ ਕਿਹਾ, ‘‘ਪਹਿਲਾਂ ਮੈਂ ਤੁਹਾਨੂੰ ਇਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ। ਅਖਬਾਰਾਂ ’ਚ ਪ੍ਰਕਾਸ਼ਿਤ ਹੋਇਆ ਹੈ ਕਿ ਮੰਦਰ ਦੀ ਛੱਤ ਤੋਂ ਮੀਂਹ ਦਾ ਪਾਣੀ ਵਹਿ ਗਿਆ, ਜਿਸ ਕਾਰਨ ਪਵਿੱਤਰ ਅਸਥਾਨ ਜਾਂ ਹੋਰ ਥਾਵਾਂ ’ਤੇ ਪਾਣੀ ਭਰ ਗਿਆ। ਅਜਿਹਾ ਕੁੱਝ ਵੀ ਨਹੀਂ ਹੈ। ਮੈਂ ਖ਼ੁਦ ਜਾਂਚ ਕੀਤੀ ਹੈ।’’
ਮਿਸ਼ਰਾ ਨੇ ਕਿਹਾ, ‘‘ਗੁਰੂ ਮੰਡਪ ਦੀ ਛੱਤ ਅਤੇ ਗੁੰਬਦ ਦਾ ਨਿਰਮਾਣ ਕਾਰਜ ਅਜੇ ਪੂਰਾ ਨਹੀਂ ਹੋਇਆ ਹੈ। ਇਹ ਦੂਜੀ ਮੰਜ਼ਿਲ ’ਤੇ ਪੂਰਾ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਪਾਣੀ ਉੱਥੇ ਰੁਕੇਗਾ, ਇਸ ਲਈ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ ਤਾਂ ਅਸੀਂ ਉਸ ਛੱਤ ’ਤੇ ਅਸਥਾਈ ਉਸਾਰੀ ਕੀਤੀ ਹੈ ਅਤੇ ‘ਪ੍ਰੋਟੈਕਸ਼ਨ ਲੇਅਰ’ ਬਣਾਈ ਹੈ।’’
ਉਨ੍ਹਾਂ ਕਿਹਾ, ‘‘ਮੰਦਰ ਦਾ ਨਿਰਮਾਣ ਪੂਰਾ ਹੋਣ ’ਤੇ ਇਸ ਨੂੰ ਵੀ ਹਟਾ ਦਿਤਾ ਜਾਵੇਗਾ। ਲੋਕਾਂ ਨੇ ਉਸ ਪ੍ਰਤੀ ਭਰਮ ਪੈਦਾ ਕੀਤਾ ਕਿ ਪਾਣੀ ਉੱਥੋਂ ਆਉਂਦਾ ਹੈ।’’ਉਨ੍ਹਾਂ ਕਿਹਾ, ‘‘ਪਹਿਲੀ ਮੰਜ਼ਿਲ ’ਤੇ ਬਿਜਲੀ ਦੀਆਂ ਤਾਰਾਂ ਪਾਈਆਂ ਜਾਣੀਆਂ ਹਨ, ਜਿਸ ਲਈ ਪਾਈਪਾਂ ਖੁੱਲ੍ਹੀਆਂ ਹਨ। ਕਿਉਂਕਿ ਪਾਣੀ ਪਾਈਪਾਂ ਤੋਂ ਹੇਠਾਂ ਚਲਾ ਗਿਆ ਤਾਂ ਕੁੱਝ ਥਾਵਾਂ ’ਤੇ ਪਾਣੀ ਭਰ ਗਿਆ ਸੀ ਪਰ ਅਸੀਂ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਉਸਾਰੀ ਦੀ ਕੁਆਲਿਟੀ ’ਚ ਕੋਈ ਕਮੀ ਨਹੀਂ ਹੈ।’