
ਸਮਾਰੋਹ ਸੋਮਵਾਰ ਸਵੇਰੇ ਕਰੀਬ ਸਵਾ 10 ਵਜੇ ਸੰਸਦ ਦੇ ਕੇਂਦਰੀ ਹਾਲ ’ਚ ਹੋਵੇਗਾ
ਨਵੀਂ ਦਿੱਲੀ : ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸੋਮਵਾਰ ਨੂੰ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਦੀ ਸਹੁੰ ਚੁੱਕੇਗੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਸਮਾਰੋਹ ਸੋਮਵਾਰ ਸਵੇਰੇ ਕਰੀਬ ਸਵਾ 10 ਵਜੇ ਸੰਸਦ ਦੇ ਕੇਂਦਰੀ ਹਾਲ ’ਚ ਹੋਵੇਗਾ, ਜਿਥੇ ਚੀਫ਼ ਜਸਟਿਸ ਐਨ. ਵੀ. ਰਮੰਨਾ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਉਣਗੇ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿਤੀ ਜਾਵੇਗੀ। ਇਸ ਤੋਂ ਬਾਅਦ ਰਾਸ਼ਟਰਪਤੀ ਦਾ ਸੰਬੋਧਨ ਹੋਵੇਗਾ।
Droupadi Murmu
ਸਮਾਗਮ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਚੁਣੇ ਗਈ ਰਾਸ਼ਟਰਪਤੀ ਮੁਰਮੂ ਸੰਸਦ ਵਿਚ ਪਹੁੰਚਣਗੇ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਮੰਤਰੀ ਪ੍ਰੀਸਦ ਦੇ ਮੈਂਬਰ, ਰਾਜਪਾਲ, ਮੁੱਖ ਮੰਤਰੀ, ਕੂਟਨੀਤਕ ਮਿਸ਼ਨਾਂ ਦੇ ਮੁਖੀ, ਸੰਸਦ ਦੇ ਮੈਂਬਰ ਅਤੇ ਸਰਕਾਰ ਦੇ ਮੁਖੀ, ਸਿਵਲ ਅਤੇ ਫ਼ੌਜੀ ਅਧਿਕਾਰੀ, ਸਮਾਰੋਹ ’ਚ ਸ਼ਾਮਲ ਹੋਣਗੇ। ਸੰਸਦ ਦੇ ਕੇਂਦਰੀ ਹਾਲ ਵਿਚ ਸਮਾਰੋਹ ਦੀ ਸਮਾਪਤੀ ’ਤੇ ਰਾਸ਼ਟਰਪਤੀ ‘ਰਾਸ਼ਟਰਪਤੀ ਭਵਨ’ ਵਲ ਰਵਾਨਾ ਹੋਵੇਗੀ, ਜਿਥੇ ਉਨ੍ਹਾਂ ਨੂੰ ‘ਇੰਟਰ-ਸਰਵਿਸ ਗਾਰਡ ਆਫ਼ ਆਨਰ’ ਦਿਤਾ ਜਾਵੇਗਾ।