
ਉਹਨਾਂ ਕਿਹਾ, "ਅਧਿਆਪਕ ਨੂੰ ਮੇਰਾ ਪੁਰਾਣਾ ਨਾਮ ਪਸੰਦ ਨਹੀਂ ਸੀ ਅਤੇ ਇਸ ਲਈ ਇਸ ਨੂੰ ਬਿਹਤਰ ਬਣਾਉਣ ਲਈ ਬਦਲ ਦਿੱਤਾ।"
ਭੁਵਨੇਸ਼ਵਰ: ਭਾਰਤ ਦੀ ਪਹਿਲੀ ਅਦਿਵਾਸੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਨਾਮ ਉਹਨਾਂ ਦੇ ਸਕੂਲ ਦੀ ਇਕ ਅਧਿਆਪਕ ਨੇ ‘ਮਹਾਭਾਰਤ’ ਦੇ ਇਕ ਪਾਤਰ ਦੇ ਨਾਮ ’ਤੇ ਰੱਖਿਆ ਸੀ। ਕੁਝ ਸਮਾਂ ਪਹਿਲਾਂ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿਚ ਮੁਰਮੂ ਨੇ ਦੱਸਿਆ ਸੀ ਕਿ ਉਹਨਾਂ ਦਾ ਨਾਮ "ਪੂਤੀ" ਸੀ, ਜਿਸ ਨੂੰ ਸਕੂਲ ਵਿਚ ਇਕ ਅਧਿਆਪਕ ਨੇ ਬਦਲ ਕੇ ਦ੍ਰੋਪਦੀ ਰੱਖ ਦਿੱਤਾ ਸੀ। ਮੁਰਮੂ ਨੇ ਮੈਗਜ਼ੀਨ ਨੂੰ ਦੱਸਿਆ, ''ਦ੍ਰੋਪਦੀ ਮੇਰਾ ਅਸਲੀ ਨਾਮ ਨਹੀਂ ਸੀ। ਮੇਰਾ ਨਾਮ ਕਿਸੇ ਹੋਰ ਜ਼ਿਲ੍ਹੇ ਦੇ ਇਕ ਅਧਿਆਪਕ ਨੇ ਦਿੱਤਾ ਸੀ, ਜੋ ਮੇਰੇ ਜੱਦੀ ਜ਼ਿਲ੍ਹੇ ਮਯੂਰਭੰਜ ਤੋਂ ਨਹੀਂ ਸਨ।" ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦਾ ਨਾਮ ਦ੍ਰੋਪਦੀ ਕਿਉਂ ਹੈ, ਤਾਂ ਉਹਨਾਂ ਕਿਹਾ, "ਅਧਿਆਪਕ ਨੂੰ ਮੇਰਾ ਪੁਰਾਣਾ ਨਾਮ ਪਸੰਦ ਨਹੀਂ ਸੀ ਅਤੇ ਇਸ ਲਈ ਇਸ ਨੂੰ ਬਿਹਤਰ ਬਣਾਉਣ ਲਈ ਬਦਲ ਦਿੱਤਾ।"
ਉਹਨਾਂ ਕਿਹਾ ਕਿ ਇਹ ਨਾਮ "ਦੁਰਪਦੀ" ਤੋਂ "ਦੋਰਪਦੀ" ਤੱਕ ਕਈ ਵਾਰ ਬਦਲਿਆ ਗਿਆ ਸੀ। ਮੁਰਮੂ ਨੇ ਕਿਹਾ ਕਿ ਸੰਥਾਲੀ ਸੱਭਿਆਚਾਰ ਵਿਚ ਨਾਮ ਪੀੜ੍ਹੀ ਦਰ ਪੀੜ੍ਹੀ ਚਲਦੇ ਰਹਿੰਦੇ ਹਨ। ਉਹਨਾਂ ਕਿਹਾ, ''ਜੇਕਰ ਕੋਈ ਲੜਕੀ ਪੈਦਾ ਹੁੰਦੀ ਹੈ ਤਾਂ ਉਸ ਦਾ ਨਾਮ ਉਸ ਦੀ ਦਾਦੀ ਦਾ ਰੱਖਿਆ ਜਾਂਦਾ ਹੈ ਅਤੇ ਜਦੋਂ ਲੜਕਾ ਪੈਦਾ ਹੁੰਦਾ ਹੈ ਤਾਂ ਉਸ ਦਾ ਨਾਮ ਉਸ ਦੇ ਦਾਦਾ ਜੀ ਦੇ ਨਾਮ 'ਤੇ ਰੱਖਿਆ ਜਾਂਦਾ ਹੈ। ਸਕੂਲ ਅਤੇ ਕਾਲਜ ਵਿਚ ਦਰੋਪਦੀ ਦਾ ਉਪਨਾਮ ਟੁਡੂ ਸੀ। ਉਹਨਾਂ ਨੇ ਇਕ ਬੈਂਕ ਅਧਿਕਾਰੀ ਸ਼ਿਆਮ ਚਰਨ ਟੁਡੂ ਨਾਲ ਵਿਆਹ ਕਰਨ ਤੋਂ ਬਾਅਦ ਮੁਰਮੂ ਉਪਨਾਮ ਅਪਣਾਇਆ।
ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਸੰਸਦ ਦੇ ਸੈਂਟਰਲ ਹਾਲ 'ਚ ਦੇਸ਼ ਦੇ 15ਵੇਂ ਰਾਸ਼ਟਰਪਤੀ ਦੇ ਰੂਪ 'ਚ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਨੇ ਉਹਨਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਲਈ ਚੁਣੇ ਜਾਣ ਤੋਂ ਬਹੁਤ ਪਹਿਲਾਂ ਮੁਰਮੂ ਨੇ ਰਾਜਨੀਤੀ ਵਿਚ ਔਰਤਾਂ ਲਈ ਰਾਖਵੇਂਕਰਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਉਹਨਾਂ ਨੇ ਮੈਗਜ਼ੀਨ ਨੂੰ ਕਿਹਾ, "ਪੁਰਸ਼ ਪ੍ਰਧਾਨ ਰਾਜਨੀਤੀ ਵਿਚ ਔਰਤਾਂ ਲਈ ਰਾਖਵਾਂਕਰਨ ਹੋਣਾ ਚਾਹੀਦਾ ਹੈ। ਰਾਜਨੀਤਿਕ ਪਾਰਟੀਆਂ ਇਸ ਸਥਿਤੀ ਨੂੰ ਬਦਲ ਸਕਦੀਆਂ ਹਨ ਕਿਉਂਕਿ ਉਹੀ ਹਨ ਜੋ ਉਮੀਦਵਾਰ ਚੁਣਦੇ ਹਨ ਅਤੇ ਚੋਣਾਂ ਲੜਨ ਲਈ ਟਿਕਟਾਂ ਦੀ ਵੰਡ ਕਰਦੇ ਹਨ”।
ਮੁਰਮੂ ਨੇ 18 ਫਰਵਰੀ 2020 ਨੂੰ 'ਬ੍ਰਹਮਾਕੁਮਾਰੀ ਗੌਡਲੀਵੁੱਡ ਸਟੂਡੀਓਜ਼' ਨੂੰ ਦਿੱਤੇ ਇਕ ਇੰਟਰਵਿਊ ਵਿਚ ਆਪਣੇ 25 ਸਾਲਾ ਵੱਡੇ ਪੁੱਤਰ ਲਕਸ਼ਮਣ ਦੀ ਮੌਤ ਤੋਂ ਬਾਅਦ ਆਪਣਾ ਅਨੁਭਵ ਸਾਂਝਾ ਕੀਤਾ। ਉਹਨਾਂ ਕਿਹਾ, ''ਮੇਰੇ ਬੇਟੇ ਦੀ ਮੌਤ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ। ਮੈਂ ਦੋ ਮਹੀਨਿਆਂ ਤੋਂ ਤਣਾਅ ਵਿਚ ਸੀ। ਮੈਂ ਲੋਕਾਂ ਨੂੰ ਮਿਲਣਾ ਬੰਦ ਕਰ ਦਿੱਤਾ ਅਤੇ ਘਰ ਹੀ ਰਹੀ ਬਾਅਦ ਵਿਚ ਮੈਂ ਪ੍ਰਜਾਪਤੀ ਬ੍ਰਹਮਾ ਕੁਮਾਰੀ ਦਾ ਹਿੱਸਾ ਬਣ ਗਈ ਅਤੇ ਯੋਗ ਅਭਿਆਸ ਕੀਤਾ ਅਤੇ ਧਿਆਨ ਕੀਤਾ।
ਭਾਰਤ ਦੇ 15ਵੇਂ ਰਾਸ਼ਟਰਪਤੀ ਮੁਰਮੂ ਦੇ ਛੋਟੇ ਪੁੱਤਰ ਸਿਪੁਨ ਦੀ ਵੀ 2013 ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਬਾਅਦ ਵਿਚ ਉਸ ਦੇ ਭਰਾ ਅਤੇ ਮਾਂ ਦੀ ਵੀ ਮੌਤ ਹੋ ਗਈ ਸੀ। ਮੁਰਮੂ ਨੇ ਕਿਹਾ, ''ਮੇਰੀ ਜ਼ਿੰਦਗੀ 'ਚ ਸੁਨਾਮੀ ਆਈ ਸੀ। ਛੇ ਮਹੀਨਿਆਂ ਦੇ ਅੰਦਰ ਹੀ ਮੇਰੇ ਪਰਿਵਾਰ ਦੇ ਤਿੰਨ ਜੀਅ ਗੁਜ਼ਰ ਗਏ”। ਮੁਰਮੂ ਦੇ ਪਤੀ ਸ਼ਿਆਮ ਚਰਨ ਦਾ 2014 ਵਿਚ ਦਿਹਾਂਤ ਹੋ ਗਿਆ ਸੀ। ਉਹਨਾਂ ਕਿਹਾ, “ਇਕ ਸਮਾਂ ਸੀ ਜਦੋਂ ਮੈਂ ਸੋਚਦੀ ਸੀ ਕਿ ਮੈਂ ਕਿਸੇ ਵੀ ਸਮੇਂ ਮਰ ਸਕਦੀ ਹਾਂ..."। ਮੁਰਮੂ ਨੇ ਕਿਹਾ ਕਿ ਜ਼ਿੰਦਗੀ ਵਿਚ ਦੁੱਖ ਅਤੇ ਸੁੱਖ ਦਾ ਆਪਣਾ-ਆਪਣਾ ਸਥਾਨ ਹੈ।