
ਇਸ ਮਾਮਲੇ ਵਿਚ 18 ਮਹੀਨੇ ਦੀ ਜੇਲ ਕੱਟ ਚੁੱਕੇ ਹਨ ਗੋਪਾਲ ਕਾਂਡਾ
ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਸੁਣਾਇਆ ਫ਼ੈਸਲਾ
ਨਵੀਂ ਦਿੱਲੀ : ਬਹੁਚਰਚਿਤ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਖ਼ੁਦਕੁਸ਼ੀ ਮਾਮਲੇ 'ਚ ਵਿਧਾਇਕ ਗੋਪਾਲ ਕਾਂਡਾ ਨੂੰ ਬਰੀ ਕਰ ਦਿਤਾ ਗਿਆ ਹੈ। ਇਸ ਮਾਮਲੇ ਵਿਚ ਗੋਪਾਲ ਕਾਂਡਾ ਮੁੱਖ ਮੁਲਜ਼ਮ ਸੀ। ਕਾਂਡਾ ਹਰਿਆਣਾ ਦੇ ਗ੍ਰਹਿ ਰਾਜ ਮੰਤਰੀ ਰਹਿ ਚੁੱਕੇ ਹਨ।
ਇਸ ਮਾਮਲੇ ਵਿਚ ਉਹ 18 ਮਹੀਨੇ ਜੇਲ ਵੀ ਕੱਟ ਚੁੱਕਾ ਹੈ। 11 ਸਾਲ ਬਾਅਦ ਆਏ ਇਸ ਫ਼ੈਸਲੇ 'ਤੇ ਉਨ੍ਹਾਂ ਦਾ ਪ੍ਰਤੀਕਰਮ ਪੁੱਛਿਆ ਗਿਆ ਤਾਂ ਉਨ੍ਹਾਂ ਹੱਥ ਜੋੜ ਲਏ ਅਤੇ ਕੁਝ ਨਹੀਂ ਕਿਹਾ। ਗੋਪਾਲ ਕਾਂਡਾ ਦਾ ਸਿਆਸੀ ਭਵਿੱਖ ਇਸ ਫ਼ੈਸਲੇ 'ਤੇ ਨਿਰਭਰ ਸੀ। ਜੇਕਰ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਤਾਂ ਉਹ ਵਿਧਾਇਕ ਦਾ ਅਹੁਦਾ ਗੁਆ ਸਕਦੇ ਸਨ।
ਗੀਤਿਕਾ, ਗੋਪਾਲ ਕਾਂਡਾ ਦੀ ਏਅਰਲਾਈਨਜ਼ 'ਚ ਏਅਰ ਹੋਸਟੈੱਸ ਦੇ ਤੌਰ 'ਤੇ ਕੰਮ ਕਰਦੀ ਸੀ। ਉਸ ਨੇ 23 ਸਾਲ ਦੀ ਉਮਰ ਵਿਚ 5 ਅਗਸਤ 2012 ਨੂੰ ਅਸ਼ੋਕ ਵਿਹਾਰ, ਦਿੱਲੀ ਵਿਚ ਅਪਣੇ ਹੀ ਫਲੈਟ ਵਿਚ ਖ਼ੁਦਕੁਸ਼ੀ ਕਰ ਲਈ ਸੀ। ਗੀਤਿਕਾ ਦੇ ਪ੍ਰਵਾਰ ਨੇ ਗੋਪਾਲ 'ਤੇ ਗੀਤਿਕਾ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਅਤੇ ਉਸ ਦੀ ਮੌਤ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ।
ਜਾਣੋ ਕੀ ਹੈ ਪੂਰਾ ਮਾਮਲਾ:-
ਗੋਪਾਲ ਕਾਂਡਾ ਜੁੱਤੀਆਂ ਦੀ ਦੁਕਾਨ ਤੋਂ ਲੀਡਰ ਬਣੇ
ਗੋਪਾਲ ਕਾਂਡਾ ਦੀ ਸਿਰਸਾ ਵਿਚ ਇਕ ਛੋਟੀ ਜਿਹੀ ਰੇਡੀਓ ਮੁਰੰਮਤ ਦੀ ਦੁਕਾਨ ਸੀ। ਕਾਂਡਾ ਨੇ ਇਸ ਦਾ ਵਿਸਥਾਰ ਕੀਤਾ ਅਤੇ ਜੁੱਤੀਆਂ ਦੀ ਦੁਕਾਨ ਖੋਲ੍ਹੀ। ਜਦੋਂ ਦੁਕਾਨ ਚੱਲਣ ਲੱਗੀ ਤਾਂ ਉਸ ਨੇ ਜੁੱਤੀਆਂ ਦੀ ਫੈਕਟਰੀ ਖੋਲ੍ਹ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ 'ਚ ਅਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿਤੀ। ਕਾਂਡਾ ਨੇ ਰੀਅਲ ਅਸਟੇਟ ਦਾ ਕਾਰੋਬਾਰ ਵੀ ਸ਼ੁਰੂ ਕੀਤਾ।
ਪਿਤਾ ਦੇ ਨਾਂ 'ਤੇ ਖੋਲ੍ਹੀ ਏਅਰਲਾਈਨਜ਼ ਕੰਪਨੀ
ਇਸ ਤੋਂ ਬਾਅਦ ਗੋਪਾਲ ਕਾਂਡਾ ਨੇ ਪਿਤਾ ਮੁਰਲੀਧਰ ਲਖ ਰਾਮ ਦੇ ਨਾਂ 'ਤੇ 2008 'ਚ ਗੁੜਗਾਓਂ ਤੋਂ MDLR ਏਅਰਲਾਈਨ ਸ਼ੁਰੂ ਕੀਤੀ। ਹਾਲਾਂਕਿ ਬਾਅਦ 'ਚ ਕਿਸੇ ਵਿਵਾਦ ਕਾਰਨ ਇਸ ਨੂੰ ਬੰਦ ਕਰ ਦਿਤਾ ਗਿਆ ਸੀ। ਇਸ ਦੌਰਾਨ ਕਾਂਡਾ ਦੀਆਂ ਕਰੀਬ 40 ਹੋਰ ਕੰਪਨੀਆਂ ਚੱਲਦੀਆਂ ਰਹੀਆਂ।
ਇਹ ਵੀ ਪੜ੍ਹੋ: ਅੱਜ ਤੋਂ ਮੁੜ ਖੁੱਲ੍ਹਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ
ਕੁੜੀਆਂ ਦੀ ਭਰਤੀ ਸ਼ੁਰੂ ਕੀਤੀ
ਗੋਪਾਲ ਕਾਂਡਾ ਨੇ ਇਨ੍ਹਾਂ ਕੰਪਨੀਆਂ ਵਿਚ ਕੁੜੀਆਂ ਦੀ ਭਰਤੀ ਕਰਨੀ ਸ਼ੁਰੂ ਕਰ ਦਿਤੀ ਅਤੇ ਜਵਾਨ ਕੁੜੀਆਂ ਨੂੰ ਵੱਡੇ ਅਹੁਦੇ ਦਿਤੇ ਜਾਂਦੇ ਸਨ। ਇਨ੍ਹਾਂ ਵਿਚ ਦਿੱਲੀ ਦੀ ਕੁੜੀ ਗੀਤਿਕਾ ਵੀ ਸ਼ਾਮਲ ਸੀ। ਗੀਤਿਕਾ ਨੂੰ ਪਹਿਲੀ ਇੰਟਰਵਿਊ ਤੋਂ ਬਾਅਦ ਸਿੱਧੇ ਕੈਬਿਨ ਕਰੂ ਦਾ ਨਿਯੁਕਤੀ ਪੱਤਰ ਦਿਤਾ ਗਿਆ ਸੀ। 6 ਮਹੀਨਿਆਂ ਬਾਅਦ ਜਦੋਂ ਗੀਤਿਕਾ 18 ਸਾਲ ਦੀ ਹੋਈ ਤਾਂ ਉਸ ਨੂੰ ਏਅਰਹੋਸਟੈੱਸ ਬਣਾ ਦਿਤਾ ਗਿਆ।
ਗੀਤਿਕਾ 3 ਸਾਲਾਂ 'ਚ ਟਰੇਨੀ ਤੋਂ ਡਾਇਰੈਕਟਰ ਬਣੀ
ਇਸ ਤੋਂ ਬਾਅਦ ਗੀਤਿਕਾ ਨੇ ਇੰਨੀ ਤੇਜ਼ੀ ਨਾਲ ਤਰੱਕੀ ਕੀਤੀ ਕਿ 3 ਸਾਲ 'ਚ ਹੀ ਉਹ ਟਰੇਨੀ ਤੋਂ ਗੋਪਾਲ ਕਾਂਡਾ ਦੀ ਕੰਪਨੀ 'ਚ ਡਾਇਰੈਕਟਰ ਬਣ ਗਈ। ਇਸ ਪਿੱਛੇ ਗੋਪਾਲ ਕਾਂਡਾ ਦਾ ਹੱਥ ਮੰਨਿਆ ਜਾ ਰਿਹਾ ਸੀ। ਹਾਲਾਂਕਿ, ਜਦੋਂ ਦੋਵਾਂ ਵਿਚਕਾਰ ਅਚਾਨਕ ਕੁਝ ਹੋ ਗਿਆ ਤਾਂ ਗੀਤਿਕਾ ਨੇ ਕਾਂਡਾ ਦੀ ਕੰਪਨੀ ਛੱਡ ਦਿਤੀ। ਉਸ ਨੇ ਦੁਬਈ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ। ਅਚਾਨਕ ਉਸ ਨੂੰ ਦਿੱਲੀ ਆਉਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ: ਅਸਾਮ : 2.5 ਕਿਲੋ ਹੈਰੋਇਨ, 1 ਲੱਖ ਯਾਬਾ ਗੋਲੀਆਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ
ਦਸ ਦੇਈਏ ਕਿ ਗੀਤਿਕਾ ਸ਼ਰਮਾ ਨੇ 5 ਅਗਸਤ 2012 ਨੂੰ ਅਸ਼ੋਕ ਵਿਹਾਰ, ਦਿੱਲੀ ਵਿਚ ਅਪਣੇ ਘਰ ਵਿਚ ਖ਼ੁਦਕੁਸ਼ੀ ਕਰ ਲਈ ਸੀ। ਪੁਲਿਸ ਨੂੰ ਗੀਤਿਕਾ ਦੇ ਘਰੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਖ਼ੁਦਕੁਸ਼ੀ ਲਈ ਗੋਪਾਲ ਕਾਂਡਾ ਅਤੇ ਐਮ.ਡੀ.ਐਲ.ਆਰ. ਦੀ ਮੈਨੇਜਰ ਅਰੁਣਾ ਚੱਢਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗੀਤਿਕਾ ਨੇ ਲਿਖਿਆ, ''ਮੈਂ ਖੁਦ ਨੂੰ ਮਾਰ ਰਹੀ ਹਾਂ। ਮੇਰਾ ਵਿਸ਼ਵਾਸ ਟੁੱਟ ਗਿਆ ਹੈ। ਮੈਨੂੰ ਧੋਖਾ ਦਿਤਾ ਗਿਆ ਸੀ।ਗੋਪਾਲ ਕਾਂਡਾ ਅਤੇ ਅਰੁਣਾ ਚੱਢਾ ਨੇ ਮੇਰਾ ਭਰੋਸਾ ਤੋੜ ਦਿਤਾ।''
ਗੀਤਿਕਾ ਖ਼ੁਦਕੁਸ਼ੀ ਮਾਮਲੇ ਦੇ ਦੋਸ਼ੀ ਗੋਪਾਲ ਕਾਂਡਾ ਉਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਮੰਤਰੀ ਸਨ। ਗੋਪਾਲ ਕਾਂਡਾ ਨੇ ਆਜ਼ਾਦ ਉਮੀਦਵਾਰਾਂ ਦੇ ਨਾਲ ਹੁੱਡਾ ਸਰਕਾਰ ਦਾ ਸਮਰਥਨ ਕੀਤਾ। ਬਦਲੇ ਵਿਚ ਉਨ੍ਹਾਂ ਨੂੰ ਹੁੱਡਾ ਸਰਕਾਰ ਵਿਚ ਗ੍ਰਹਿ ਰਾਜ ਮੰਤਰੀ ਦਾ ਅਹੁਦਾ ਮਿਲਿਆ। ਗੀਤਿਕਾ ਖੁਦਕੁਸ਼ੀ ਕੇਸ ਵਿਚ ਨਾਂਅ ਆਉਣ ਤੋਂ ਬਾਅਦ ਕਾਂਡਾ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਅਤੇ ਤਿਹਾੜ ਜੇਲ ਵਿਚ ਰਹਿਣਾ ਪਿਆ ਸੀ।
ਸਿਰਸਾ ਤੋਂ ਹਲਕਾ ਵਿਧਾਇਕ ਗੋਪਾਲ ਕਾਂਡਾ ਇਸ ਸਮੇਂ ਹਰਿਆਣਾ ਦੀ ਭਾਜਪਾ-ਜੇਜੇਪੀ ਸਰਕਾਰ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਦੇ ਭਰਾ ਗੋਵਿੰਦ ਕਾਂਡਾ ਭਾਜਪਾ ਵਿਚ ਹਨ ਅਤੇ ਪਾਰਟੀ ਦੀ ਟਿਕਟ 'ਤੇ ਏਲਨਾਬਾਦ ਤੋਂ ਉਪ ਚੋਣ ਲੜ ਚੁੱਕੇ ਹਨ।