
ਕਿਹਾ, ਸਾਡੇ ਕੋਲ ਧੋਖਾਧੜੀ ਦੇ ਸੌ ਫ਼ੀ ਸਦੀ ਸਬੂਤ, ਚੋਣ ਕਮਿਸ਼ਨ ਬਚ ਨਹੀਂ ਸਕਦਾ
Rahul Gandhi: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਚੋਣ ਕਮਿਸ਼ਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਕਰਨਾਟਕ ਦੇ ਇਕ ਹਲਕੇ ਵਿਚ ਚੋਣ ਕਮਿਸ਼ਨ ਵਲੋਂ ਧੋਖਾਧੜੀ ਦੀ ਇਜਾਜ਼ਤ ਦੇਣ ਦੇ ‘‘ਸੌ ਫ਼ੀ ਸਦੀ ਸਬੂਤ’’ ਹਨ ਅਤੇ ਜੇਕਰ ਕਮਿਸ਼ਨ ਸੋਚਦਾ ਹੈ ਕਿ ਉਹ ਇਸ ਤੋਂ ਬਚ ਜਾਵੇਗਾ, ਤਾਂ ਇਹ ਉਸਦੀ ਗ਼ਲਤਫ਼ਹਿਮੀ ਹੈ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਅਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਹੈ। ਉਨ੍ਹਾਂ ਕਰਨਾਟਕ ਦੇ ਹਲਕੇ ਦਾ ਨਾਮ ਨਹੀਂ ਦਸਿਆ। ਉਨ੍ਹਾਂ ਬਿਹਾਰ ਵਿਚ ਚੱਲ ਰਹੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) ਮੁਹਿੰਮ ਬਾਰੇ ਪੁੱਛੇ ਜਾਣ ’ਤੇ ਸੰਸਦ ਕੰਪਲੈਕਸ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਇਹ ਬਹੁਤ ਗੰਭੀਰ ਮਾਮਲਾ ਹੈ। ਚੋਣ ਕਮਿਸ਼ਨ ਭਾਰਤੀ ਚੋਣ ਕਮਿਸ਼ਨ ਵਾਂਗ ਕੰਮ ਨਹੀਂ ਕਰ ਰਿਹਾ ਹੈ।
ਅੱਜ ਉਨ੍ਹਾਂ ਨੇ ਕੁਝ ਬਿਆਨ ਦਿਤਾ ਹੈ, ਇਹ ਪੂਰੀ ਤਰ੍ਹਾਂ ਬਕਵਾਸ ਹੈ। ਸੱਚਾਈ ਇਹ ਹੈ ਕਿ ਚੋਣ ਕਮਿਸ਼ਨ ਅਪਣਾ ਕੰਮ ਨਹੀਂ ਕਰ ਰਿਹਾ ਹੈ।’’ ਰਾਹੁਲ ਗਾਂਧੀ ਨੇ ਕਿਹਾ, ‘‘ਹੁਣ ਸਾਡੇ ਕੋਲ ਕਰਨਾਟਕ ਦੇ ਇਕ ਹਲਕੇ ਵਿਚ ਧੋਖਾਧੜੀ ਦੀ ਇਜਾਜ਼ਤ ਦੇਣ ਦੇ 100 ਪ੍ਰਤੀਸ਼ਤ ਠੋਸ ਸਬੂਤ ਹਨ। 90 ਪ੍ਰਤੀਸ਼ਤ ਨਹੀਂ। ਜਦੋਂ ਅਸੀਂ ਤੁਹਾਨੂੰ ਇਹ ਦਿਖਾਉਣ ਦਾ ਫ਼ੈਸਲਾ ਕੀਤਾ, ਤਾਂ ਇਹ 100 ਪ੍ਰਤੀਸ਼ਤ ਸਬੂਤ ਹੈ। ਅਸੀਂ ਸਿਰਫ਼ ਇਕ ਹਲਕੇ ਦਾ ਸਰਵੇਖਣ ਕੀਤਾ ਅਤੇ ਸਾਨੂੰ ਇਹ ਮਿਲਿਆ। ਮੈਨੂੰ ਯਕੀਨ ਹੈ ਕਿ ਇਹ ਡਰਾਮਾ ਹਰ ਹਲਕੇ ਵਿਚ ਚੱਲ ਰਿਹਾ ਹੈ।’’
ਕਾਂਗਰਸ ਨੇ ਦਾਅਵਾ ਕੀਤਾ, ‘‘ਹਜ਼ਾਰਾਂ ਨਵੇਂ ਵੋਟਰ ਹਨ, ਜਿਨ੍ਹਾਂ ਦੀ ਉਮਰ ਕੀ ਹੈ - 50, 45, 60, 65। ਇਹ ਇਕ ਹਲਕੇ ਵਿਚ ਹਜ਼ਾਰਾਂ ਨਵੇਂ ਵੋਟਰ ਹਨ।’’ ਉਨ੍ਹਾਂ ਕਿਹਾ, ‘‘ਮੈਂ ਚੋਣ ਕਮਿਸ਼ਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਇਸ ਤੋਂ ਬਚ ਜਾਓਗੇ, ਜੇਕਰ ਤੁਹਾਡੇ ਅਧਿਕਾਰੀ ਸੋਚਦੇ ਹਨ ਕਿ ਉਹ ਇਸ ਤੋਂ ਬਚ ਜਾਣਗੇ, ਤਾਂ ਤੁਸੀਂ ਗ਼ਲਤ ਹੋ।’’