
ਵਿਕਾਸ ਬਰਾਲਾ ਦੀ ਕਾਨੂੰਨ ਅਧਿਕਾਰੀ ਵਜੋਂ ਨਿਯੁਕਤੀ 'ਤੇ ਚੁੱਕੇ ਸਵਾਲ
Vikas Barala vs Varnika Kundu News In Punjabi: 8 ਸਾਲ ਪੁਰਾਣੇ ਛੇੜਛਾੜ ਮਾਮਲੇ ਕਰ ਕੇ ਚਰਚਾ ਵਿਚ ਰਹੀ ਵਰਣਿਕਾ ਕੁੰਡੂ ਨੇ ਭਾਜਪਾ ਨੇਤਾ ਅਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਦੀ ਹਰਿਆਣਾ ’ਚ ਸਹਾਇਕ ਐਡਵੋਕੇਟ-ਜਨਰਲ (AAG) ਵਜੋਂ ਨਿਯੁਕਤੀ ’ਤੇ ਸਵਾਲ ਖੜ੍ਹੇ ਕੀਤੇ ਹਨ। ਬਰਾਲਾ, ਜਿਸ ਉੱਤੇ ਵਰਣਿਕਾ ਕੁੰਡੂ ਦਾ ਪਿੱਛਾ ਕਰਨ ਤੇ ਅਗ਼ਵਾ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਹੇਠ ਕੇਸ ਚੱਲ ਰਿਹਾ ਹੈ, ਉਸ ਨੂੰ ਹਰਿਆਣਾ ਦਾ ਸਹਾਇਕ ਐਡਵੋਕੇਟ-ਜਨਰਲ ਨਿਯੁਕਤ ਕੀਤਾ ਗਿਆ ਸੀ।
ਵਰਣਿਕਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਕਈ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਲਿਖਿਆ ਕਿ ਕਿਸੇ ਨੂੰ ਜਨਤਕ ਅਹੁਦੇ ’ਤੇ ਨਿਯੁਕਤ ਕਰਨਾ ਸਿਰਫ਼ ਇੱਕ ਰਾਜਨੀਤਿਕ ਫ਼ੈਸਲਾ ਨਹੀਂ ਹੈ ਇਹ ਕਦਰਾਂ-ਕੀਮਤਾਂ ਅਤੇ ਮਿਆਰਾਂ ਦਾ ਪ੍ਰਤੀਬਿੰਬ ਹੈ। ਇਸ ਲਈ ਸ਼ਾਇਦ ਸਵਾਲ ਉਨ੍ਹਾਂ ਅਧਿਕਾਰੀਆਂ ਨੂੰ ਕੀਤੇ ਜਾਣੇ ਚਾਹੀਦੇ ਹਨ ਜਿਨ੍ਹਾਂ ਦੀ ਨੈਤਿਕਤਾ ਅਤੇ ਮਿਆਰਾਂ ਨੇ ਇਹ ਫ਼ੈਸਲਾ ਲੈਣ ਦੀ ਇਜਾਜ਼ਤ ਦਿੱਤੀ। ਸਾਡੇ ਨੀਤੀ ਨਿਰਮਾਤਾ ਦੇਸ਼ ਚਲਾਉਂਦੇ ਹਨ, ਬਾਕੀ ਅਸੀਂ ਸਿਰਫ਼ ਇਹ ਉਮੀਦ ਕਰ ਰਹੇ ਹਾਂ ਕਿ ਉਹ ਯਾਦ ਰੱਖਣ ਕਿ ਉਹ ਭਾਰਤੀ ਨਾਗਰਿਕਾਂ ਲਈ ਕੰਮ ਕਰਦੇ ਹਨ।
ਉਸ ਨੇ ਅੱਗੇ ਲਿਖਿਆ , "ਮੈਂ ਆਪਣੇ ਕੇਸ ਬਾਰੇ ਹੀ ਗੱਲ ਕਰਾਂਗੀ, ਜੋ ਲੰਮੇ ਸਮੇਂ ਤੋਂ ਲਟਕ ਰਿਹਾ ਹੈ। ਅਜੇ ਤੱਕ ਕਿਸੇ ਨਤੀਜੇ 'ਤੇ ਪਹੁੰਚਦਾ ਨਜ਼ਰ ਨਹੀਂ ਆ ਰਿਹਾ। ਫ਼ੈਸਲਾ ਆਉਣ ਤੱਕ ਮੈਨੁੰ ਨਿਆਂਪਾਲਿਕਾ 'ਤੇ ਪੂਰਾ ਵਿਸ਼ਵਾਸ ਹੈ ਪਰ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੀ ਕਿ ਮੇਰਾ ਵਿਸ਼ਵਾਸ਼ ਡਗਮਗਾ ਰਿਹਾ।"
ਵਿਕਾਸ ਅਤੇ ਉਸ ਦੇ ਸਾਥੀ ਆਸ਼ੀਸ਼ ਕੁਮਾਰ ’ਤੇ 2017 ਵਿਚ ਸੇਵਾ ਮੁਕਤ IAS ਅਧਿਕਾਰੀ ਵੀ.ਐਸ. ਕੁੰਡੂ ਦੀ ਧੀ ਵਰਣਿਕਾ ਦਾ ਪਿੱਛਾ ਕਰਨ ਅਤੇ ਅਗ਼ਵਾ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਪਿਛਲੇ ਅੱਠ ਸਾਲਾਂ ਤੋਂ ਚੰਡੀਗੜ੍ਹ ਦੀ ਇੱਕ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਅਗਸਤ ਨੂੰ ਹੋਣੀ ਹੈ।