
ਕੋਰੋਨਾ ਵਾਇਰਸ ਕਾਰਨ ਸੰਸਦੀ ਇਤਿਹਾਸ ਵਿਚ ਬਹੁਤ ਕੁੱਝ ਪਹਿਲੀ ਵਾਰ ਹੋਵੇਗਾ
ਨਵੀਂ ਦਿੱਲੀ : ਮੰਤਰੀ ਮੰਡਲ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਨੇ ਆਗਾਮੀ ਮਾਨਸੂਨ ਇਜਲਾਸ 14 ਸਤੰਬਰ ਤੋਂ ਬੁਲਾਉਣ ਦੀ ਸਿਫ਼ਾਰਸ਼ ਕੀਤੀ ਹੈ। ਸੂਤਰਾਂ ਮੁਤਾਬਕ ਇਕ ਅਕਤੂਬਰ ਤਕ ਚੱਲਣ ਵਾਲੇ ਇਸ ਇਜਲਾਸ ਦੌਰਾਨ ਕੁਲ 18 ਬੈਠਕਾਂ ਹੋਣਗੀਆਂ। ਇਸ ਬਾਰੇ ਵਿਸਤ੍ਰਿਤ ਜਾਣਕਾਰੀ ਛੇਤੀ ਹੀ ਜਾਰੀ ਕੀਤੀ ਜਾਵੇਗੀ। ਮਾਨਸੂਨ ਇਜਲਾਸ ਲਈ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਸੰਸਦੀ ਇਤਿਹਾਸ ਵਿਚ ਬਹੁਤ ਕੁੱਝ ਪਹਿਲੀ ਵਾਰ ਹੋਣ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਇਕ ਦੂਜੇ ਤੋਂ ਢੁਕਵੀਂ ਦੂਰੀ ਦੀ ਪਾਲਣਾ ਲਈ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
Parliament
ਮੈਂਬਰਾਂ ਦੇ ਬੈਠਣ ਲਈ ਦੋਹਾਂ ਸਦਨਾਂ ਦੇ ਕੰਪਲੈਕਸਾਂ ਨੂੰ ਵਰਤੇ ਜਾਣ ਦੀ ਸੰਭਾਵਨਾ ਹੈ। ਰਾਜ ਸਭਾ ਸਕੱਤਰੇਤ ਮੁਤਾਬਕ ਇਜਲਾਸ ਦੀ ਕਾਰਵਾਈ ਦੌਰਾਨ ਉੱਚ ਸਦਨ ਦੇ ਮੈਂਬਰ ਦੋਵੇਂ ਸਦਨ ਕੰਪਲੈਕਸਾਂ ਵਿਚ ਬੈਠਣਗੇ। ਆਮ ਤੌਰ 'ਤੇ ਦੋਹਾਂ ਸਦਨਾਂ ਵਿਚ ਨਾਲੋ-ਨਾਲ ਬੈਠਕਾਂ ਹੁੰਦੀਆਂ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਆਸਾਧਾਰਣ ਹਾਲਤ ਕਾਰਨ ਇਕ ਸਦਨ ਸਵੇਰ ਦੇ ਸਮੇਂ ਬੈਠੇਗਾ ਅਤੇ ਦੂਜੇ ਦੀ ਕਾਰਵਾਈ ਸ਼ਾਮਲ ਨੂੰ ਹੋਵੇਗੀ।
Parliament
ਭਾਰਤੀ ਸੰਸਦ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਜਦ ਇਸ ਤਰ੍ਹਾਂ ਦਾ ਪ੍ਰਬੰਧ ਹੋਵੇਗਾ ਜਿਥੇ 60 ਮੈਂਬਰ ਸਦਨ ਕੰਪਲੈਕਸ ਵਿਚ ਬੈਠਣਗੇ ਅਤੇ ਬਾਕੀ ਬਾਹਰ। ਇਸ ਤੋਂ ਇਲਾਵਾ ਬਾਕੀ 132 ਮੈਂਬਰ ਲੋਕ ਸਭਾ ਦੇ ਸਦਨ ਕੰਪਲੈਕਸ ਵਿਚ ਬੈਠਣਗੇ। ਲੋਕ ਸਭਾ ਸਕੱਤਰੇਤ ਵੀ ਅਜਿਹਾ ਪ੍ਰਬੰਧ ਕਰ ਰਹੀ ਹੈ। ਪਹਿਲੀ ਵਾਰ ਵੱਡੇ ਡਿਸਪਲੇਅ ਵਾਲੀ ਸਕਰੀਨ ਅਤੇ ਕੰਸੋਲ ਲਾਏ ਜਾਣਗੇ।
Indian Parliament
ਦੋਹਾਂ ਸਦਨਾਂ ਵਿਚਾਲੇ ਵਿਸ਼ੇਸ਼ ਤੌਰ 'ਤੇ ਤਾਰਾਂ ਵਿਛਾਈਆਂ ਜਾਣਗੀਆਂ ਅਤੇ ਕੁਰਸੀਆਂ ਵਿਚਾਲੇ ਪਾਲੀਕਾਰਬੋਨੇਟ ਸ਼ੀਟ ਦਾ ਪ੍ਰਬੰਧ ਕੀਤਾ ਜਾਵੇਗਾ। ਮਹਾਂਮਾਰੀ ਕਾਰਨ ਸੰਸਦ ਦੇ ਬਜਟ ਇਜਲਾਸ ਦੇ ਸਮੇਂ ਵਿਚ ਕਟੌਤੀ ਕਰ ਦਿਤੀ ਗਈ ਸੀ ਅਤੇ 23 ਮਾਰਚ ਨੂੰ ਦੋਹਾਂ ਸਦਨਾਂ ਨੂੰ ਅਣਮਿੱਥੇ ਸਮੇਂ ਲਈ ਉਠਾ ਦਿਤਾ ਗਿਆ ਸੀ। ਰਵਾਇਤ ਤਹਿਤ ਦੋ ਇਜਲਾਸਾਂ ਵਿਚਾਲੇ ਛੇ ਮਹੀਨੇ ਦਾ ਵਕਫ਼ਾ ਹੋਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।