
ਤਾਲਾ-ਚਾਬੀ ਬਣਾਉਣ ਦੇ ਪਰਦੇ ’ਚ ਚਲ ਰਿਹਾ ਸੀ ਨਾਜਾਇਜ਼ ਪਿਸਤੌਲ ਬਣਾਉਣ ਅਤੇ ਸਪਲਾਈ ਦਾ ਕੰਮ
ਇੰਦੌਰ (ਮੱਧ ਪ੍ਰਦੇਸ਼): ਇੰਦੌਰ ’ਚ ਪੁਲਿਸ ਨੇ 35 ਸਾਲਾਂ ਦੇ ਇਕ ਵਿਅਕਤੀ ਨੂੰ ਉਸ ਦੇ ਚਾਰ ਸਾਥੀਆਂ ਸਮੇਤ ਚੋਰੀ ਦੀਆਂ ਸਿਲਸਿਲੇਵਾਰ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਪੰਜਾਬ ’ਚ ਗਰਮਖ਼ਿਆਲੀਆਂ ਨੂੰ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਦਾ ਵੀ ਦੋਸ਼ ਹੈ ਅਤੇ ਇਸ ਕੇਸ ’ਚ ਉਹ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਇਆ ਸੀ।
ਵਧੀਕ ਪੁਲਿਸ ਉਪ ਕਮਿਸ਼ਨਰ ਅਭਿਨੈ ਵਿਸ਼ਵਕਰਮਾ ਨੇ ਦਸਿਆ ਕਿ ਇੰਦੌਰ ਦੇ ਵੱਖੋ-ਵੱਖ ਇਲਾਕਿਆਂ ’ਚ ਚੋਰੀ ਦੀਆਂ ਸਿਲਸਿਲੇਵਾਰ ਵਾਰਦਾਤਾਂ ਨੂੰ ਲੈ ਕੇ ਰਜਿੰਦਰ ਸਿੰਘ ਬਰਨਵਾਲਾ (35) ਅਤੇ ਉਸ ਦੇ ਚਾਰ ਸਾਥੀਆਂ- ਬਾਦਲ, ਰਾਜੇਸ਼, ਸਿਧਾਂਤ ਅਤੇ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ‘‘ਬਰਨਵਾਲਾ ਨੂੰ ਦਿੱਲੀ ਪੁਲਿਸ ਨੇ ਸਾਲ 2021 ’ਚ 18 ਨਾਜਾਇਜ਼ ਪਿਸਤੌਲਾਂ ਨਾਲ ਗ੍ਰਿਫ਼ਤਾਰ ਕੀਤਾ ਸੀ। ਉਦੋਂ ਉਸ ’ਤੇ ਦੋਸ਼ ਸੀ ਕਿ ਉਹ ਪੰਜਾਬ ’ਚ ਗਰਮਖ਼ਿਆਲੀਆਂ ਨੂੰ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦਾ ਹੈ।’’ ਪੁਲਿਸ ਅਨੁਸਾਰ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਕੰਮ ਕਰਦਾ ਹੈ।
ਵਿਸ਼ਵਕਰਮਾ ਮੁਤਾਬਕ ਨਾਜਾਇਜ਼ ਪਿਸਤੌਲਾਂ ਨੂੰ ਲੈ ਕੇ ਦਿੱਲੀ ’ਚ ਦਰਜ ਮਾਮਲੇ ’ਚ ਬਰਨਵਾਲਾ ਲਗਭਗ ਦੋ ਮਹੀਨੇ ਜੇਲ ’ਚ ਰਿਹਾ ਸੀ ਅਤੇ ਫ਼ਿਲਹਾਲ ਜ਼ਮਾਨਤ ’ਤੇ ਬਾਹਰ ਸੀ।
ਵਧੀਕ ਪੁਲਿਸ ਉਪ ਕਮਿਸ਼ਨਰ ਨੇ ਦਸਿਆ, ‘‘ਬਰਨਵਾਲਾ ਅਤੇ ਉਸ ਦੇ ਸਾਥੀਆਂ ਨੇ ਇੰਦੌਰ ’ਚ ਇਕ ਅਗੱਸਤ ਤੋਂ 20 ਅਗੱਸਤ ਵਿਚਕਾਰ ਵੱਖੋ-ਵੱਖ ਇਲਾਕਿਆਂ ’ਚ ਘੁੰਮ-ਘੁੰਮ ਕੇ 15 ਸੁੰਨੇ ਘਰਾਂ ’ਚ ਸੰਨ੍ਹ ਲਾ ਕੇ ਚੋਰੀ ਦੀ ਕੋਸ਼ਿਸ਼ ਕੀਤੀ। ਉਹ ਇਸ ’ਚੋਂ ਤਿੰਨ ਘਰਾਂ ’ਚ ਵੜਨ ’ਚ ਕਾਮਯਾਬ ਰਹੇ ਜਿੱਥੇ ਉਨ੍ਹਾਂ ਨੇ ਸੋਨੇ-ਚਾਂਦੀ ਦੇ ਸਿੱਕੇ ਅਤੇ ਨਕਦੀ ਚੋਰੀ ਕੀਤੀ।’’
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਪੁੱਛ-ਪੜਤਾਲ ’ਚ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਨੇ ਸੋਨੇ-ਚਾਂਦੀ ਦੇ ਚੋਰੀ ਕੀਤੇ ਸਿੱਕੇ ਇਕ ਸੁਨਿਆਰੇ ਨੂੰ ਵੇਚ ਦਿਤੇ ਸਨ ਅਤੇ ਇਸ ਦਾਅਵੇ ਦੀ ਤਸਦੀਕ ਕੀਤੀ ਜਾ ਰਹੀ ਹੈ।
ਵਿਸ਼ਵਕਰਮਾ ਨੇ ਕਿਹਾ ਕਿ ਬਰਨਵਾਲਾ ਅਤੇ ਉਸ ਦੇ ਸਾਥੀ ਤਾਲਾ-ਚਾਬੀ ਬਣਾਉਣ ਦੇ ਪਰਦੇ ’ਚ ਨਾਜਾਇਜ਼ ਪਿਸਤੌਲ ਬਣਾ ਕੇ ਦੇਸ਼ ਭਰ ’ਚ ਇਨ੍ਹਾਂ ਦੀ ਸਪਲਾਈ ਦਾ ਕੰਮ ਕਰਦੇ ਹਨ।
ਉਨ੍ਹਾਂ ਕਿਹਾ ਕਿ ਜਾਂਚ ’ਚ ਪਤਾ ਲਗਿਆ ਹੈ ਕਿ ਬਰਨਵਾਲਾ ਦਾ ਗੈਂਗ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਕੁਝ ਗੈਂਗਾਂ ਨੂੰ ਵੀ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰ ਚੁਕਾ ਹੈ।
ਵਧੀਕ ਪੁਲਿਸ ਉਪ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਜਾਰੀ ਹੈ ਅਤੇ ਇਨ੍ਹਾਂ ਤੋਂ ਮਿਲੇ ਸੁਰਾਗਾਂ ਦੇ ਆਧਾਰ ’ਤੇ ਨਾਜਾਇਜ਼ ਹਥਿਆਰਾਂ ਦੀ ਖ਼ਰੀਦੋ-ਫ਼ਰੋਖਤ ਦੇ ਵੱਡੇ ਨੈੱਟਵਰਕ ਦਾ ਪ੍ਰਗਟਾਵਾ ਹੋਣ ਦੀ ਉਮੀਦ ਹੈ।