
Assam Rape Case: ਪਿੰਡ ਵਾਸੀ ਜਨਾਜ਼ੇ ’ਚ ਸ਼ਾਮਲ ਨਹੀਂ ਹੋਣਗੇ, ਛੱਪੜ ’ਚ ਡੁੱਬਣ ਨਾਲ ਹੋਈ ਮੌਤ
The main accused was not even found a place in the village graveyard Assam rape case: ਅਸਾਮ ’ਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਮੁੱਖ ਮੁਲਜ਼ਮ ਸ਼ੁਕਰਵਾਰ ਦੇਰ ਰਾਤ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ ਅਤੇ ਨਾਗਾਓਂ ਜ਼ਿਲ੍ਹੇ ਦੇ ਢਿੰਗ ’ਚ ਇਕ ਛੱਪੜ ’ਚ ਛਾਲ ਮਾਰ ਦਿਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਮੁਲਜ਼ਮ ਦੇ ਬੋਰਭੇਤੀ ਪਿੰਡ ਦੇ ਲੋਕਾਂ ਨੇ ਉਸ ਦੇ ਜਨਾਜ਼ੇ ਵਿਚ ਸ਼ਾਮਲ ਨਾ ਹੋਣ ਅਤੇ ਉਸ ਨੂੰ ਪਿੰਡ ਦੇ ਕਬਰਸਤਾਨ ਵਿਚ ਦਫਨਾਉਣ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ ਹੈ।
ਨਾਗਾਓਂ ਦੇ ਪੁਲਿਸ ਸੁਪਰਡੈਂਟ ਸਵਪਨਿਲ ਡੇਕਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਮੁਲਜ਼ਮ ਨੂੰ ਸ਼ੁਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਤੜਕੇ ਕਰੀਬ 3:30 ਵਜੇ ਹੱਥਕੜੀਆਂ ਬੰਨ੍ਹ ਕੇ ਉਸ ਥਾਂ ’ਤੇ ਲਿਜਾਇਆ ਗਿਆ, ਜਿੱਥੇ ਕਥਿਤ ਤੌਰ ’ਤੇ ਅਪਰਾਧ ਹੋਇਆ ਸੀ, ਤਾਕਿ ‘ਕ੍ਰਾਈਮ ਸੀਨ’ (ਅਪਰਾਧ ਦੀ ਲੜੀ) ਦਾ ਪਤਾ ਲਗਾਇਆ ਜਾ ਸਕੇ। ਡੇਕਾ ਨੇ ਕਿਹਾ, ‘‘ਮੁਲਜ਼ਮ ਨੇ ਇਕ ਪੁਲਿਸ ਮੁਲਾਜ਼ਮ ’ਤੇ ਹਮਲਾ ਕੀਤਾ ਅਤੇ ਪੁਲਿਸ ਹਿਰਾਸਤ ਤੋਂ ਭੱਜ ਕੇ ਛੱਪੜ ’ਚ ਛਾਲ ਮਾਰ ਦਿਤੀ।’’
ਉਨ੍ਹਾਂ ਦਸਿਆ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐੱਫ.) ਨੂੰ ਤੁਰਤ ਸੂਚਿਤ ਕੀਤਾ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਲਗਭਗ ਦੋ ਘੰਟਿਆਂ ਬਾਅਦ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਐਸ.ਪੀ. ਨੇ ਦਸਿਆ ਕਿ ਇਸ ਘਟਨਾ ’ਚ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਦਸਿਆ ਕਿ ਵੀਰਵਾਰ ਰਾਤ ਕਰੀਬ 8 ਵਜੇ ਟਿਊਸ਼ਨ ਪੜ੍ਹਨ ਤੋਂ ਬਾਅਦ ਸਾਈਕਲ ’ਤੇ ਘਰ ਪਰਤ ਰਹੀ ਇਕ ਨਾਬਾਲਗ ਕੁੜੀ ’ਤੇ ਤਿੰਨ ਵਿਅਕਤੀਆਂ ਨੇ ਹਮਲਾ ਕੀਤਾ ਅਤੇ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ। ਤਿੰਨ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਨਾਬਾਲਗ ਨੂੰ ਘੇਰ ਲਿਆ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੇ ਕਥਿਤ ਤੌਰ ’ਤੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਉਸ ਨੂੰ ਜ਼ਖਮੀ ਅਤੇ ਬੇਹੋਸ਼ੀ ਦੀ ਹਾਲਤ ’ਚ ਇਕ ਛੱਪੜ ਦੇ ਨੇੜੇ ਸੜਕ ਕਿਨਾਰੇ ਛੱਡ ਦਿਤਾ। 10ਵੀਂ ਜਮਾਤ ਦੀ ਵਿਦਿਆਰਥਣ ਨੂੰ ਬਾਅਦ ’ਚ ਸਥਾਨਕ ਲੋਕਾਂ ਨੇ ਵੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਇਸ ਦੌਰਾਨ ਬੋਰਭੇਤੀ ਦੇ ਪਿੰਡ ਵਾਸੀਆਂ ਨੇ ਸਨਿਚਰਵਾਰ ਸਵੇਰੇ ਮੀਟਿੰਗ ਕੀਤੀ ਅਤੇ ਨੌਜੁਆਨ ਵਲੋਂ ਕੀਤੇ ਗਏ ਜੁਰਮ ਨੂੰ ਲੈ ਕੇ ਤਿੰਨ ਫੈਸਲੇ ਲਏ। ਪਿੰਡ ਦੇ ਬਜ਼ੁਰਗ ਮੁਹੰਮਦ ਸ਼ਾਹਜਹਾਂ ਅਲੀ ਚੌਧਰੀ ਨੇ ਕਿਹਾ, ‘‘ਅਸੀਂ ਉਸ ਨੂੰ ਪਿੰਡ ਦੇ ਕਬਰਸਤਾਨ ’ਚ ਦਫਨਾਉਣ ਦੀ ਇਜਾਜ਼ਤ ਨਾ ਦੇਣ, ਉਸ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਨਾ ਹੋਣ ਅਤੇ ਉਸ ਦੇ ਪਰਵਾਰ ਦਾ ਸਮਾਜਕ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।’’
ਉਨ੍ਹਾਂ ਕਿਹਾ, ‘‘ਪਿੰਡ ਦੇ ਨੌਜੁਆਨਾਂ ਦੇ ਇਸ ਜੁਰਮ ਨੇ ਸਾਨੂੰ ਸ਼ਰਮਿੰਦਾ ਕੀਤਾ ਹੈ ਅਤੇ ਅਸੀਂ ਉਸ ਨੂੰ ਭਾਈਚਾਰਕ ਕਬਰਸਤਾਨ ’ਚ ਦਫਨਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ।’’ ਇਸ ਦੌਰਾਨ ਇਸ ਘਟਨਾ ਦੇ ਵਿਰੋਧ ’ਚ ਪਿੰਡ ਦੀ ਮਸਜਿਦ ਤੋਂ ਮਾਰਚ ਵੀ ਕਢਿਆ ਗਿਆ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਦੋਸ਼ੀ ਪਾਏ ਜਾਣ ਵਾਲਿਆਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। ਬਰਾਕ ਘਾਟੀ ਦੇ ਤਿੰਨ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਸਰਮਾ ਨੇ ਕਿਹਾ ਕਿ ਅਸਾਮ ਅਤੇ ਬੰਗਾਲ ਦੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਦੇ ਤਰੀਕੇ ’ਚ ਫਰਕ ਹੈ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਮੌਕੇ ਦਾ ਦੌਰਾ ਕਰਨ ਅਤੇ ਘਟਨਾ ਦੀ ਜਾਂਚ ਕਰਨ ਦੇ ਹੁਕਮ ਦਿਤੇ ਹਨ। ਪੁਲਿਸ ਨੇ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਕ ਹੋਰ ਨੂੰ ਹਿਰਾਸਤ ’ਚ ਲਿਆ ਹੈ ਜਦਕਿ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ। (ਪੀਟੀਆਈ)