
ਫ਼ੌਜ ਦੀਆਂ ਰਸਦ ਅਤੇ ਹੋਰ ਜ਼ਰੂਰਤਾਂ ’ਚ ਹੋਵੇਗਾ ਵਾਧਾ
ਗਾਜ਼ੀਆਬਾਦ (ਉੱਤਰ ਪ੍ਰਦੇਸ਼): ਪਹਿਲੇ ਸੀ-295 ਦਰਮਿਆਨੇ ਫ਼ੌਜੀ ਆਵਾਜਾਈ ਜਹਾਜ਼ ਨੂੰ ਸੋਮਵਾਰ ਨੂੰ ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਕੀਤਾ ਗਿਆ, ਜਿਸ ਨਾਲ ਫ਼ੌਜ ਦੀਆਂ ਰਸਦ ਅਤੇ ਹੋਰ ਜ਼ਰੂਰਤਾਂ ’ਚ ਵਾਧਾ ਹੋਵੇਗਾ।
ਰਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ’ਚ ਇੱਥੇ ਹਿੰਡਨ ਹਵਾਈ ਫ਼ੌਜ ਸਟੇਸ਼ਨ ’ਤੇ ਹੋਏ ਪ੍ਰੋਗਰਾਮ ’ਚ ਸੀ-295 ਨੂੰ ਹਵਾਈ ਫ਼ੌਜ ’ਚ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਰਖਿਆ ਮੰਤਰੀ ਰਾਜਨਾਥ ਸਿੰਘ ‘ਸਰਬ ਧਰਮ ਪੂਜਾ’ ’ਚ ਸ਼ਾਮਲ ਹੋਏ, ਜੋ ਸੀ-295 ਨੂੰ ਹਵਾਈ ਫ਼ੌਜ ’ਚ ਸ਼ਾਮਲ ਕੀਤੇ ਜਾਣ ਦੀ ਖ਼ੁਸ਼ੀ ’ਚ ਕਰਵਾਈ ਗਈ।
ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਹਵਾਈ ਫ਼ੌਜ ਅਤੇ ਏਅਰਬਸ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਪ੍ਰੋਗਰਾਮ ’ਚ ਸ਼ਾਮਲ ਹੋਏ। ਪਹਿਲਾ ਸੀ-295 ਹਵਾਈ ਜਹਾਜ਼ ਹਵਾਈ ਫ਼ੌਜ ਦੀ ਸਕੁਆਡਰਨ ਨੰਬਰ 11 ’ਚ ਸ਼ਾਮਲ ਕੀਤਾ ਗਿਆ ਹੈ। ਇਹ ਭਾਰਤੀ ਹਵਾਈ ਫ਼ੌਜ ਦੀ ਸਭ ਤੋਂ ਪੁਰਾਣੇ ਸਕੁਆਡਰਨ ’ਚੋਂ ਇਕ ਹੈ ਅਤੇ ਇਸ ਵੇਲੇ ਵਡੋਦਰਾ ਹਵਾਈ ਫ਼ੌਜ ਸਟੇਸ਼ਨ ’ਚ ਇਸ ਦਾ ਬੇਸ ਹੈ।
ਦੋ ‘ਸਲਾਈਡਿੰਗ ਸਕਰੀਨਾਂ’ ਤੋਂ ਬਾਅਦ ਜਹਾਜ਼ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਸਕਰੀਨਾਂ ’ਤੇ ‘11 ਸਕੁਐਡਰਨ: ਪਾਇਨੀਅਰਜ਼ ਆਫ਼ ਸੀ-295ਐਮ.ਡਬਲਿਊ.’ ਅਤੇ ‘ਰਾਇਨੋਸ: ਦ ਟਰੇਲਬਲੇਜ਼ਰਸ ਆਫ਼ ਸੀ-295 ਐਮ.ਡਬਲਿਊ.’ ਲਿਖੇ ਹੋਏ ਸਨ। ਨਵੇਂ ਜਹਾਜ਼ ਦੀ ਤਸਵੀਰ ਵੀ ਵਿਖਾਈ ਗਈ। ਇਕ ਸਿੰਗ ਵਾਲਾ ਗੈਂਡਾ ਸਕੁਆਡਰਨ 11 ਦਾ ਪ੍ਰਤੀਕ ਹੈ।
‘ਏਅਰਬੱਸ ਡਿਫੈਂਸ ਐਂਡ ਸਪੇਸ ਕੰਪਨੀ’ ਨੇ 13 ਸਤੰਬਰ ਨੂੰ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੂੰ ਪਹਿਲਾ ਸੀ295 ਟ੍ਰਾਂਸਪੋਰਟ ਜਹਾਜ਼ ਸੌਂਪਿਆ ਸੀ।
ਭਾਰਤੀ ਹਵਾਈ ਸੈਨਾ ਦੇ ਆਧੁਨਿਕੀਕਰਨ ਦੇ ਉਦੇਸ਼ ਨਾਲ ਸਰਕਾਰ ਨੇ ਦੋ ਸਾਲ ਪਹਿਲਾਂ ‘ਏਅਰਬੱਸ ਡਿਫੈਂਸ ਐਂਡ ਸਪੇਸ ਕੰਪਨੀ’ ਨਾਲ 21,935 ਕਰੋੜ ਰੁਪਏ ’ਚ 56 ਸੀ-295 ਟਰਾਂਸਪੋਰਟ ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਸੀ। ਇਹ ਜਹਾਜ਼ ਪੁਰਾਣੇ ਐਵਰੋ-748 ਫਲੀਟ ਦੀ ਥਾਂ ਲੈਣਗੇ।
ਇਹ ਜਹਾਜ਼ 20 ਸਤੰਬਰ ਨੂੰ ਵਡੋਦਰਾ ਪਹੁੰਚਿਆ ਸੀ। ਕੁਝ ਦਿਨ ਪਹਿਲਾਂ, ਇਸ ਨੂੰ ਸਪੇਨ ਦੇ ਦਖਣੀ ਸ਼ਹਿਰ ਸਿਵੇਲੇ ਵਿਚ ਭਾਰਤੀ ਹਵਾਈ ਸੈਨਾ ਨੂੰ ਸੌਂਪਿਆ ਗਿਆ ਸੀ।